ਚੰਡੀਗੜ-ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਨਾਲ ਵੱਡੇ ਪੱਧਰ ‘ਤੇ ਮਨਾ ਰਹੀ ਹੈ। ਇਨਾਂ ਸਮਾਗਮਾਂ ਦੀ ਕਾਮਯਾਬੀ ਅਤੇ ਵਿਊਤਬੰਦੀ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਨੋਡਲ ਵਿਭਾਗ ਨਿਯੁਕਤ ਕੀਤਾ ਗਿਆ ਹੈ। ਐਤਵਾਰ ਨੂੰ ਸੌਂਦ ਨੇ 19 ਨਵੰਬਰ ਤੋਂ ਸ਼ੁਰੂ ਹੋਣ ਵਾਲੇ 4 ਨਗਰ ਕੀਰਤਨਾਂ ਦੇ ਰੂਟਾਂ ਬਾਬਤ ਜਾਣਕਾਰੀ ਸਾਂਝੀ ਕੀਤੀ ਤਾਂ ਜੋ ਵੱਡੀ ਗਿਣਤੀ ਸੰਗਤ ਇਨਾਂ ਨਗਰ ਕੀਰਤਨਾਂ ਵਿੱਚ ਹਾਜ਼ਰੀ ਲਵਾ ਸਕੇ।
ਉਨਾਂ ਦੱਸਿਆ ਕਿ ਮੁੱਖ ਨਗਰ ਕੀਰਤਨ 19 ਨਵੰਬਰ ਨੂੰ ਸ੍ਰੀਨਗਰ ਤੋਂ ਸ਼ੁਰੂ ਹੋਵੇਗਾ। ਜੰਮੂ, ਪਠਾਨਕੋਟ, ਦਸੂਹਾ, ਹੁਸ਼ਿਆਰਪੁਰ, ਮਾਹਿਲਪੁਰ ਅਤੇ ਗੜਸ਼ੰਕਰ ਹੁੰਦਾ ਹੋਇਆ 22 ਨਵੰਬਰ ਨੂੰ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ। 19 ਨਵੰਬਰ ਨੂੰ ਨਗਰ ਕੀਰਤਨ ਦਾ ਠਹਿਰਾਅ ਜੰਮੂ ਤੇ 20 ਨਵੰਬਰ ਨੂੰ ਪਠਾਨਕੋਟ ਵਿਖੇ ਹੋਵੇਗਾ, ਜਦਕਿ 21 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਠਹਿਰਾਅ ਹੋਵੇਗਾ। ਇਸ ਨਗਰ ਕੀਰਤਨ ਦਾ ਕੁੱਲ ਫਾਸਲਾ 544 ਕਿਲੋਮੀਟਰ ਹੋਵੇਗਾ।
ਮਾਝਾ-ਦੁਆਬਾ ਰੂਟ ‘ਤੇ 20 ਨਵੰਬਰ ਨੂੰ ਨਗਰ ਕੀਰਤਨ ਗੁਰਦਾਸਪੁਰ ਤੋਂ ਸ਼ੁਰੂ ਹੋਵੇਗਾ ਅਤੇ ਬਟਾਲਾ, ਬਾਬ ਬਕਾਲਾ, ਸ੍ਰੀ ਅੰਮਿ੍ਰਤਸਰ ਸਾਹਿਬ, ਤਰਨ ਤਾਰਨ, ਗੋਇੰਦਵਾਲ ਸਾਹਿਬ, ਕਪੂਰਥਲਾ, ਕਰਤਾਰਪੁਰ, ਜਲੰਧਰ, ਬੰਗਾ ਤੇ ਬਲਾਚੌਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ। 20 ਨਵੰਬਰ ਨੂੰ ਨਗਰ ਕੀਰਤਨ ਦਾ ਠਹਿਰਾਅ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਅਤੇ 21 ਨਵੰਬਰ ਨੂੰ ਜਲੰਧਰ ਵਿਖੇ ਹੋਵੇਗਾ। ਇਸ ਨਗਰ ਕੀਰਤਨ ਦਾ ਕੁੱਲ ਫਾਸਲਾ 345 ਕਿਲੋਮੀਟਰ ਹੋਵੇਗਾ।
ਮਾਲਵਾ 1 ਰੂਟ ‘ਤੇ 20 ਨਵੰਬਰ ਨੂੰ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋਵੇਗਾ ਅਤੇ ਫਿਰੋਜ਼ਪੁਰ, ਮੋਗਾ, ਜਗਰਾਓਂ, ਲੁਧਿਆਣਾ, ਖੰਨਾ, ਸਰਹਿੰਦ, ਫਤਹਿਗੜ ਸਾਹਿਬ, ਮੋਰਿੰਡਾ, ਚਮਕੌਰ ਸਾਹਿਬ ਅਤੇ ਰੂਪਨਗਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ। 20 ਨਵੰਬਰ ਨੂੰ ਨਗਰ ਕੀਰਤਨ ਦਾ ਠਹਿਰਾਅ ਲੁਧਿਆਣਾ ਵਿਖੇ ਅਤੇ 21 ਨਵੰਬਰ ਨੂੰ ਫਤਹਿਗੜ ਸਾਹਿਬ ਵਿਖੇ ਹੋਵੇਗਾ। ਇਸ ਨਗਰ ਕੀਰਤਨ ਦਾ ਕੁੱਲ ਫਾਸਲਾ 320 ਕਿਲੋਮੀਟਰ ਹੋਵੇਗਾ।
ਸੌਂਦ ਨੇ ਅੱਗੇ ਦੱਸਿਆ ਕਿ ਮਾਲਵਾ 2 ਰੂਟ ‘ਤੇ 20 ਨਵੰਬਰ ਨੂੰ ਨਗਰ ਕੀਰਤਨ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ ਅਤੇ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਰਾਜਪੁਰਾ, ਬਨੂੜ, ਮੋਹਾਲੀ, ਕੁਰਾਲੀ ਅਤੇ ਰੂਪਨਗਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ। 20 ਨਵੰਬਰ ਨੂੰ ਨਗਰ ਕੀਰਤਨ ਦਾ ਠਹਿਰਾਅ ਪਟਿਆਲਾ ਵਿਖੇ ਅਤੇ 21 ਨਵੰਬਰ ਨੂੰ ਮੋਹਾਲੀ ਵਿਖੇ ਹੋਵੇਗਾ। ਇਸ ਨਗਰ ਕੀਰਤਨ ਦਾ ਕੁੱਲ ਫਾਸਲਾ 354 ਕਿਲੋਮੀਟਰ ਹੋਵੇਗਾ।
ਉਨਾਂ ਦੱਸਿਆ ਕਿ ਨਗਰ ਕੀਰਤਨਾਂ ਅਤੇ ਹੋਰ ਸਮਾਗਮਾਂ ਦੀ ਸਫਲਤਾ ਲਈ ਜ਼ਿਲਾ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਜ਼ਿਕਰਯੋਗ ਹੈ ਕਿ ਇਨਾਂ ਸਮਾਗਮਾਂ ਦੀ ਸਫਲਤਾ ਲਈ ਪੰਜਾਬ ਸਰਕਾਰ ਨੇ ਇੱਕ ਮੰਤਰੀ ਸਮੂਹ ਬਣਾਇਆ ਹੈ, ਜਿਸ ਵਿੱਚ ਹਰਜੋਤ ਸਿੰਘ ਬੈਂਸ, ਤਰੁਨਪ੍ਰੀਤ ਸਿੰਘ ਸੌਂਦ, ਹਰਭਜਨ ਸਿੰਘ ਈਟੀਓ ਅਤੇ ਸਲਾਹਕਾਰ ਦੀਪਕ ਬਾਲੀ ਸ਼ਾਮਲ ਹਨ।