ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਐਪ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ, ਚੇਅਰਮੈਨ ਬੀਬੀ ਰਣਜੀਤ ਕੌਰ, ਕੋ ਚੈਅਰਮੈਨ ਅਮਰਜੀਤ ਸਿੰਘ ਫਤਹਿ ਨਗਰ, ਨੇ ਲਾਂਚ ਕੀਤੀ। ਇਸ ਮੌਕੇ ਕਾਲਜ ਦੀ ਡਾਇਰੈਕਟਰ ਰਮਿੰਦਰ ਕੌਰ ਰੰਧਾਵਾ ਵੀ ਮੌਜੂਦ ਰਹੀ। ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਹੋਏ ਵਿਸ਼ੇਸ਼ ਕੀਰਤਨ ਸਮਾਗਮ ਵਿਚ ਇਹ ਐਪ ਲਾਂਚ ਕਰਦਿਆਂ ਸਰਦਾਰ ਕਾਲਕਾ, ਸਰਦਾਰ ਕਾਹਲੋਂ ਅਤੇ ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਇਹ ਐਪ ਇਸ ਵਿਦਿਅਕ ਅਦਾਰੇ ਦੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਇਹ ਐਪ ਬਾਹਰੋਂ ਪ੍ਰੋਫੈਸ਼ਨਲ ਲੋਕਾਂ ਤੋਂ ਵੀ ਤਿਆਰ ਕਰਵਾ ਸਕਦੇ ਸੀ ਪਰ ਇਹ ਸੇਵਾ ਗੁਰੂ ਸਾਹਿਬ ਦੇ ਨਾਮ ’ਤੇ ਸਥਾਪਿਤ ਵਿਦਿਅਕ ਅਦਾਰੇ ਦੇ ਸਟਾਫ ਤੇ ਵਿਦਿਆਰਥੀਆਂ ਨੇ ਤਿਆਰ ਕੀਤੀ, ਇਹ ਬਹੁਤ ਹੀ ਮਾਣ ਤੇ ਸਤਿਕਾਰ ਤੇ ਮਾਣ ਵਾਲੀ ਗੱਲ ਹੈ। ਉਹਨਾਂ ਦੱਸਿਆ ਕਿ ਇਸ ਐਪ ਦੇ ਕਯੂ ਆਰ ਕੋਡ ਨੂੰ ਸਕੈਨ ਕਰ ਕੇ ਦੁਨੀਆਂ ਭਰ ਵਿਚ ਬੈਠੇ ਸਿੱਖ ਇਸ ਐਪ ਵਿਚ ਗੁਰ ਇਤਿਹਾਸ ਤੋਂ ਜਾਣੂ ਹੋ ਸਕਦੇ ਹਨ। ਉਹਨਾਂ ਦੱਸਿਆ ਕਿ ਜਿਥੇ ਹੁਣ 19ਵਾਂ ਅਧਿਆਇ ਐਪ ਵਿਚ ਲੋਡ ਕੀਤਾ ਗਿਆ ਹੈ, ਉਥੇ ਹੀ ਬਾਕੀ ਸਾਰੇ ਅਧਿਆਏ ਵੀ ਜਲਦ ਹੀ ਅਪਲੋਡ ਕਰ ਦਿੱਤੇ ਜਾਣਗੇ। ਉਹਨਾਂ ਨੇ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਮੋਬਾਈਲ ਵਿਚ ਇਹ ਐਪ ਡਾਊਨਲੋਡ ਕੀਤੀ ਜਾਵੇ। ਉਹਨਾਂ ਦੱਸਿਆ ਕਿ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਅਸੀਂ ਅਸੀਂ ਇਸਤਰੀ ਸਤਿਸੰਗ ਕਰਵਾਇਆ, ਕਵੀ ਸੰਮੇਲਨ ਕਰਵਾਇਆ ਤੇ ਸਰਬ ਧਰਮ ਸੰਮੇਲਨ ਕਰਵਾਇਆ। ਹੁਣ 13 ਨਵੰਬਰ ਨੂੰ ਅਸੀਂ ਸ੍ਰੀ ਆਨੰਦਪੁਰ ਸਾਹਿਬ ਜਿਥੇ ਕਸ਼ਮੀਰੀ ਪੰਡਤਾਂ ਨੇ ਆ ਕੇ ਗੁਰੂ ਸਾਹਿਬ ਨੂੰ ਪੁਕਾਰ ਕੀਤੀ ਸੀ, ਤੋਂ ਨਗਰ ਕੀਰਤਨ ਸਜਾਵਾਂਗੇ ਜੋ 14 ਰਾਤ ਨੂੰ ਰੁਕਦੇ ਹੋਏ 15 ਨੂੰ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚੇਗਾ ਅਤੇ ਸਾਰੀ ਦਿੱਲੀ ਵਿਚ ਇਕ ਹਫਤਾ ਇਹ ਨਗਰ ਕੀਰਤਨ ਗੁਜਰੇਗਾ। ਉਹਨਾਂ ਦੱਸਿਆ ਕਿ ਗੁਰੂ ਸਾਹਿਬ ਦੇ ਸ਼ਸਤਰ ਨਗਰ ਕੀਰਤਨ ਵਿਚ ਸਜਾਏ ਜਾਣਗੇ ਜਿਹਨਾਂ ਦੇ ਦਰਸ਼ਨ ਸੰਗਤਾਂ ਕਰ ਸਕਣਗੀਆਂ। ਉਹਨਾਂ ਦੱਸਿਆ ਕਿ 19 ਤੋਂ 22 ਤੱਕ ਗੁਰਦੁਆਰਾ ਸੀਸਗੰਜ ਸਾਹਿਬ ਵਿਚ ਸਮਾਗਮ ਹੋਣਗੇ ਅਤੇ 23 ਤੋਂ 25 ਤੱਕ ਲਾਲ ਕਿਲ੍ਹੇ ’ਤੇ ਸਮਾਗਮ ਹੋਣਗੇ। ਉਹਨਾਂ ਦੱਸਿਆ ਕਿ 24 ਨਵੰਬਰ ਨੂੰ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ 25 ਨਵੰਬਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮਾਗਮ ਵਿਚ ਸ਼ਮੂਲੀਅਤ ਕਰਨਗੇ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਦੁਨੀਆਂ ਵਿਚ ਇਕੋ ਇਕ ਵਿਲੱਖਣ ਸ਼ਹਾਦਤ ਹੈ ਜਿਸਨੇ ਦੁਨੀਆਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਉਹਨਾਂ ਕਿਹਾ ਕਿ ਦੁਨੀਆਂ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਜਿਸ ਵਿਚ ਜਿਹੜਾ ਦੂਸਰੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਨੇ ਆਪਣੀ ਕੁਰਬਾਨੀ ਦਿੱਤੀ ਹੋਵੇ। ਉਹਨਾਂ ਕਿਹਾ ਕਿ ਸ਼ਹਾਦਤਾਂ ਸਾਨੂੰ ਵਿਰਸੇ ਵਿਚ ਮਿਲੀਆਂ ਹਨ ਅਤੇ ਇਹ ਗੁੜ੍ਹਤੀ ਗੁਰੂ ਸਾਹਿਬਾਨ ਤੋਂ ਮਿਲੀ ਹੈ। ਉਹਨਾਂ ਦੱਸਿਆ ਕਿ ਗੁਰੂ ਸਾਹਿਬ ਨੇ 26 ਸਾਲ ਬਾਬਾ ਬਕਾਲਾ ਵਿਚ ਤਪ ਕੀਤਾ। ਉਹਨਾਂ ਕਿਹਾ ਕਿ ਪਹਿਲੇ ਗੁਰੂ ਨੇ ਜਨਿਊ ਪਾਉਣ ਤੋਂ ਮਨਾ ਕੀਤਾ ਤੇ ਨੌਵੇਂ ਗੁਰੂ ਨੇ ਜਨਿਊ ਵਾਸਤੇ ਆਪਣੀ ਸ਼ਹਾਦਤ ਦੇ ਦਿੱਤੀ। ਉਹਨਾਂ ਕਿਹਾ ਕਿ ਦੁਨੀਆਂ ਵਿਚ ਕਿਸੇ ਕੋਲ ਵੀ ਅਜਿਹਾ ਇਤਿਹਾਸ ਦਾ ਖ਼ਜ਼ਾਨਾ ਨਹੀਂ ਹੈ। ਜਦੋਂ 1699 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕਰ ਕੇ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਹੁਕਮ ਦਿੱਤਾ। ਉਹਨਾਂ ਕਿਹਾ ਕਿ ਅਸੀਂ ਸਮਾਗਮਾਂ ਦੀ ਲੜੀ ਵਿਚ ਪਹਿਲਾਂ ਸਹਿਜ ਪਾਠ ਦੀ ਆਰੰਭਤਾ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਕੀਤੀ। ਅਸੀਂ ਸਾਰੀ ਦੁਨੀਆਂ ਨੂੰ ਸੱਦਾ ਦਿੱਤਾ ਕਿ ਅਸੀਂ ਇਸ ਬਾਣੀ ਦਾ ਸਤਿਕਾਰ ਕਰਦਿਆਂ ਸਹਿਜ ਪਾਠ ਨਾਲ ਗੁਰਬਾਣੀ ਨਾਲ ਜੁੜੀਏ। ਉਹਨਾਂ ਕਿਹਾ ਕਿ 25 ਨਵੰਬਰ ਨੂੰ ਸਮੁੱਚੀ ਦੁਨੀਆਂ ਵਿਚ ਬੈਠੀ ਸੰਗਤ ਇਕੋ ਸਮੇਂ ਨੌਵੇਂ ਮਹੱਲੇ ਦੇ ਪਾਠ ਨਾਲ ਸਹਿਜ ਪਾਠਾਂ ਦੀ ਲੜੀ ਦੀ ਸੰਪੂਰਨਤਾ ਕਰੇਗੀ। ਇਸ ਮੌਕੇ ਸੰਸਥਾ ਦੇ ਕੋ ਚੇਅਰਮੈਨ ਅਮਰਜੀਤ ਸਿੰਘ, ਡਾਇਰੈਕਟਰ, ਸਟਾਫ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।