ਨਵੀਂ ਦਿੱਲੀ -ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ ਇੱਕ ਸ਼ਾਨਦਾਰ ਸਾਈਕਲ ਯਾਤਰਾ 15 ਨਵੰਬਰ 2025 ਨੂੰ ਗੁਰੂ ਸਾਹਿਬ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ, ਦਿੱਲੀ ਤੋਂ ਆਰੰਭ ਹੋ ਕੇ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕਾ ਮਹਿਲ, ਅੰਮ੍ਰਿਤਸਰ ਤੱਕ ਜਾਵੇਗੀ। ਇਸ ਨਿਵੇਕਲੀ ਯਾਤਰਾ ਦਾ ਆਯੋਜਨ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਸਾਥੀਆਂ ਵੱਲੋਂ ਕੀਤਾ ਜਾ ਰਿਹਾ ਹੈਂ। ਇਸ ਯਾਤਰਾ ਦਾ ਉਦੇਸ਼ ਗੁਰੂ ਸਾਹਿਬ ਜੀ ਦੀ ਸ਼ਹਾਦਤ, ਦਇਆ, ਨਿਰਭਉਤਾ ਅਤੇ ਨਿਡਰਤਾ ਦੀ ਵਿਰਾਸਤ ਨੂੰ ਪ੍ਰਚਾਰਤ ਕਰਨਾ ਹੈ। ਇਸ ਯਾਤਰਾ ਵਿੱਚ ਗੁਰੂ ਸਾਹਿਬ ਦੇ ਹਜ਼ਾਰਾਂ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਯਾਤਰਾ ਦੌਰਾਨ ਲਗਭਗ ਸੈਂਕੜੇ ਸਾਈਕਲ ਸਵਾਰ ਦਿੱਲੀ ਤੋਂ ਰਵਾਨਾ ਹੋਣਗੇ। ਰਸਤੇ ਵਿੱਚ ਹੋਰ ਸਾਈਕਲ ਸਵਾਰ ਅਤੇ ਸਮਰਥਕ ਇਸ ਯਾਤਰਾ ਵਿੱਚ ਸ਼ਾਮਲ ਹੋਣਗੇ। ਇਸ ਬਾਰੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਇਸ ਸਾਈਕਲ ਯਾਤਰਾ ਦਾ ਨਾਮ "ਸੀਸ ਦੀਆ ਪਰ ਸਿਰਰੁ ਨ ਦੀਆ" ਸਾਈਕਲ ਯਾਤਰਾ ਹੋਵੇਗਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਸਮਾਜਿਕ ਤੇ ਧਾਰਮਿਕ ਅਜ਼ਾਦੀ ਤੇ ਧਾਰਮਿਕ ਚਿੰਨ੍ਹਾਂ ਦੀ ਰਖਵਾਲੀ ਲਈ 350 ਸਾਲ ਪਹਿਲਾਂ ਹੰਡਾਏ ਗਏ ਸ਼ਹੀਦੀ ਸਾਕੇ ਦੀ ਯਾਦ ਨੂੰ ਪ੍ਰਚਾਰਿਤ ਕਰਨ ਅਤੇ ਸਿੱਖੀ ਸਰੂਪ ਦੀ ਪ੍ਰੋੜਤਾ ਨੂੰ ਇਹ ਸਾਈਕਲ ਯਾਤਰਾ ਸਮਰਪਿਤ ਹੋਵੋਗੀ। ਜੀਕੇ ਨੇ ਕਿਹਾ ਕਿ ਇਸ ਯਾਤਰਾ ਦਾ ਮੁੱਢਲਾ ਮਕਸਦ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੇ ਸੰਕਲਪ ਨੂੰ ਚੇਤਾ ਕਰਨਾ ਹੈ। ਉੱਥੇ ਹੀ ਮੌਜੂਦਾ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖਾਂ ਸਾਹਮਣੇ ਧਾਰਮਿਕ ਪਛਾਣ, ਧਰਮ ਤਬਦੀਲੀ, ਧਾਰਮਿਕ ਲਿਬਾਸ, ਨਸ਼ਿਆਂ ਤੇ ਨਸ਼ਲੀ ਸਫ਼ਾਈ ਦੇ ਖੜ੍ਹੇ ਖਤਰੇ ਪ੍ਰਤੀ ਸਿੱਖਾਂ ਨੂੰ ਜਾਗਰੂਕ ਕਰਨਾ ਵੀ ਹੈਂ। ਸਿੱਖਾਂ ਨੂੰ ਸਿਹਤ ਅਤੇ ਫਿਟਨੈਂਸ ਅਤੇ ਵਾਤਾਵਰਨ ਸੰਭਾਲ ਪ੍ਰਤੀ ਉਤਸ਼ਾਹਿਤ ਕਰਨਾ ਵੀ ਇਸ ਸਾਈਕਲ ਯਾਤਰਾ ਦਾ ਲੁਕਵਾਂ ਉਦੇਸ਼ ਹੈਂ। ਕਿਉਂਕਿ ਕਿਸੇ ਸਮੇਂ ਸਿੱਖ ਆਪਣੀ ਦਸਤਾਰ ਅਤੇ ਸਿੱਖੀ ਦੀ ਰਾਖੀ ਲਈ ਸਿਰ ਕਟਵਾਉਣ ਲਈ ਤਿਆਰ ਹੁੰਦਾ ਸੀ। ਪਰ ਹੁਣ ਨੱਸ਼ਿਆਂ, ਧਰਮ ਤਬਦੀਲੀ ਨੂੰ ਰੋਕਣ ਅਤੇ ਸਿੱਖ ਪਛਾਣ ਨੂੰ ਬਚਾਉਣ ਪ੍ਰਤੀ ਸਿੱਖਾਂ 'ਚ ਬੇਪਰਵਾਹੀ ਦਾ ਆਲਮ ਹੈ। ਇਸ ਲਈ ਇਹ ਸਾਈਕਲ ਯਾਤਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਉਨ੍ਹਾਂ ਦੇ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਭਾਈ ਲੱਖੀ ਸ਼ਾਹ ਵਣਜਾਰਾ ਅਤੇ ਭਾਈ ਮੱਖਣ ਸ਼ਾਹ ਲੁਬਾਣਾ ਸਣੇ ਗੁਰੂ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਅਤੇ ਧਰਮ ਪਤਨੀ ਮਾਤਾ ਗੁਜਰੀ ਜੀ ਨੂੰ ਸਮਰਪਿਤ ਕੀਤੀ ਗਈ ਹੈ। ਇਸ ਸਾਈਕਲ ਯਾਤਰਾ 'ਚ ਬਤੌਰ ਪ੍ਰਤਿਭਾਗੀ ਰਜਿਸਟ੍ਰੇਸ਼ਨ ਕਰਨ ਲਈ ਆਨਲਾਈਨ ਫਾਰਮ ਭਰਨਾ ਪਵੇਗਾ। ਇਸ ਲਈ ਇਸ ਯਾਤਰਾ ਨੂੰ ਮੈਂ ਧਰਮ ਤੇ ਫਿਟਨੈਂਸ ਦਾ ਅਨੋਖਾ ਮਿਲਨ ਅਤੇ ਨਸ਼ਿਆਂ ਤੇ ਧਰਮ ਤਬਦੀਲੀ ਖਿਲਾਫ ਜ਼ਿਹਾਦ ਸਮਝਦਾ ਹਾਂ। ਹਰ ਰਾਤਰੀ ਪੜਾਅ ਦੌਰਾਨ ਗੁਰਮਤਿ ਸਮਾਗਮ ਉਲੀਕੇ ਜਾਣਗੇ। ਇਸ ਮੌਕੇ ਆਏ ਕਸ਼ਮੀਰੀ ਪੰਡਿਤਾਂ ਦੇ ਆਗੂ ਰਵਿੰਦਰ ਪੰਡਿਤ ਨੇ ਦਾਅਵਾ ਕੀਤਾ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਰਜ਼ਦਾਰ ਹਾਂ। ਕਿਉਂਕਿ ਉਨ੍ਹਾਂ ਦੀ ਉੱਚੀ ਤੇ ਮਹਾਨ ਸ਼ਹਾਦਤ ਕਰਕੇ ਹਿੰਦੂ ਧਰਮ ਮੁਗਲਾਂ ਦੇ ਵੇਲੇ ਬਚਿਆ ਸੀ। ਜਦੋਂਕਿ ਉਸ ਤੋਂ ਪਹਿਲਾਂ ਆਦਿ ਸ਼ੰਕਰਾਚਾਰੀਆਂ ਕਰਕੇ ਬੁੱਧ ਧਰਮ ਦੀ ਚੜ੍ਹਤ ਵੇਲੇ ਹਿੰਦੂ ਧਰਮ ਕਾਇਮ ਰਿਹਾ ਸੀ। ਇਸ ਲਈ ਇਸ 350ਵੇਂ ਸ਼ਹੀਦੀ ਦਿਹਾੜੇ ਨੂੰ 'ਜਸ਼ਨ' ਵਜੋਂ ਮਨਾਉਣ ਦੀ ਬਜਾਏ 'ਨਿਰੀਖਣ' ਵਜੋਂ ਸੰਭਾਲਣ ਦੀ ਲੋੜ ਹੈ। ਯਾਤਰਾ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ 15 ਨਵੰਬਰ ਨੂੰ ਸਾਈਕਲ ਯਾਤਰਾ ਦੀ ਸ਼ੁਰੂਆਤ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਤੋਂ ਹੋਵੇਗੀ ਤੇ ਰਾਤਰੀ ਵਿਸ਼ਰਾਮ ਪਾਣੀਪਤ ਵਿਖੇ ਹੋਵੇਗਾ। ਜਦੋਂਕਿ 16 ਨਵੰਬਰ ਨੂੰ ਪਾਣੀਪਤ ਤੋਂ ਚਲ ਕੇ ਰਾਤਰੀ ਵਿਸ਼ਰਾਮ ਅੰਬਾਲਾ, ਫਿਰ 17 ਨਵੰਬਰ ਨੂੰ ਅੰਬਾਲਾ ਤੋਂ ਚਲ ਕੇ ਰਾਤਰੀ ਵਿਸ਼ਰਾਮ ਲੁਧਿਆਣਾ ਵਿਖੇ ਹੋਵੇਗਾ। ਇਸੇ ਤਰ੍ਹਾਂ 18 ਨਵੰਬਰ ਨੂੰ ਲੁਧਿਆਣਾ ਤੋਂ ਸ਼ੁਰੂ ਹੋ ਕੇ ਰਾਤਰੀ ਵਿਸ਼ਰਾਮ ਜਲੰਧਰ ਅਤੇ 19 ਨਵੰਬਰ ਨੂੰ ਜਲੰਧਰ ਤੋਂ ਚਲ ਕੇ ਅੰਮ੍ਰਿਤਸਰ ਦੇ ਬਾਹਰੀ ਇਲਾਕੇ ਵਿਖੇ ਰਾਤਰੀ ਵਿਸ਼ਰਾਮ ਹੋਵੇਗਾ। ਇਹ ਪੜ੍ਹਾਅ ਤੋਂ ਫਿਰ ਸਾਈਕਲ ਯਾਤਰਾ 20 ਨਵੰਬਰ ਨੂੰ ਅੱਗੇ ਵਧ ਕੇ ਗੁਰਦੁਆਰਾ ਗੁਰੂ ਕਾ ਮਹਿਲ ਤੱਕ ਨਗਰ ਕੀਰਤਨ ਰੂਪ 'ਚ ਪੁੱਜੇਗੀ। ਇਸ ਪੰਜ ਦਿਨਾਂ ਦੌਰਾਨ ਸਾਈਕਲ ਸਵਾਰ ਦਿੱਲੀ, ਹਰਿਆਣਾ ਤੇ ਪੰਜਾਬ ਸੂਬੇ 'ਚ ਕ੍ਰਮਵਾਰ ਰੋਜ਼ਾਨਾ ਲਗਭਗ 100 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਉਕਤ ਸਾਈਕਲ ਯਾਤਰਾ ਦਾ ਲੋਗੇ ਅਤੇ ਰੂਟ ਮੈਪ ਪਤਵੰਤਿਆਂ ਵੱਲੋਂ ਇਸ ਮੌਕੇ ਜਾਰੀ ਕੀਤਾ ਗਿਆ। ਇਸ ਮੌਕੇ ਇੰਟਰਨੈਸ਼ਨਲ ਪੰਜਾਬ ਫੋਰਮ ਦੇ ਪ੍ਰਧਾਨ ਰਜਿੰਦਰ ਸਿੰਘ ਚੱਢਾ, ਅਮਰਜੀਤ ਸਿੰਘ (ਟਰਬਨ ਟਰੈਵਲਰ), ਨਵੀਨ ਪਾਲ ਸਿੰਘ ਭੰਡਾਰੀ, ਚੇਅਰਮੈਨ ਮਾਤਾ ਗੁਜਰੀ ਹਸਪਤਾਲ, ਉਘੇ ਸਮਾਜਸੇਵੀ ਬਲਬੀਰ ਸਿੰਘ ਕੱਕੜ, ਗੁਲਜੀਤ ਸਿੰਘ (ਕਾਬੁਲ ਬਿਰਾਦਰੀ), ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ, ਮਹਿੰਦਰ ਸਿੰਘ, ਐਡਵੋਕੇਟ ਨਗਿੰਦਰ ਬੇਨੀਪਾਲ ਅਤੇ ਡਾਕਟਰ ਪਰਮਿੰਦਰ ਪਾਲ ਸਿੰਘ ਮੌਜੂਦ ਸਨ।