ਨਵੀਂ ਦਿੱਲੀ- ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅੱਜ ਸਵੇਰੇ ਸ਼ਹੀਦੀ ਜਾਗਰਤੀ ਯਾਤਰਾ ਦੀ ਸ਼ੁਰੂਆਤ ਹੋਈ ਜਿਸਦਾ ਸਮਾਪਨ ਰਾਤ ਦੇਰ ਕਰਨਾਲ ਬਾਈਪਾਸ 'ਤੇ ਸਥਿਤ ਗੁਰਦੁਆਰਾ ਹਰਗੋਬਿੰਦ ਸ੍ਰ 'ਤੇ ਹੋਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹਾਸਚਿਵ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਪਹੁੰਚ ਕੇ ਯਾਤਰਾ ਨੂੰ ਰਵਾਨਾ ਕੀਤਾ। ਇਸ ਮੌਕੇ ਉਤੇ ਸਰਦਾਰ ਕਾਹਲੋਂ ਅਤੇ ਮੀਡੀਆ ਸਲਾਹਕਾਰ ਸਦੀਪ ਸਿੰਘ ਨੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ, ਗਿਆਨੀ ਗੁਰਦਿਆਲ ਸਿੰਘ ਦੇ ਨਾਲ ਨਾਲ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਸੋਹੀ, ਮਹਾਸਚਿਵ ਇੰਦਰਜੀਤ ਸਿੰਘ, ਮੈਂਬਰ ਹਰਪਾਲ ਸਿੰਘ ਜੋਹਲ, ਜਸਬੀਰ ਸਿੰਘ ਧਾਮ, ਸੁਪਰਿੰਟੈਂਡੈਂਟ ਦਲਜੀਤ ਸਿੰਘ, ਅਤੇ ਮੈਨੇਜਰ ਹਰਜੀਤ ਸਿੰਘ ਦਾ ਸਵਾਗਤ ਕੀਤਾ। ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਨਗਰ ਕੀਰਤਨ ਆਜ਼ਾਦ ਮਾਰਕਿਟ, ਪ੍ਰਤਾਪ ਨਗਰ, ਸ਼ਾਸਤਰੀ ਨਗਰ, ਮੋਤੀ ਨਗਰ, ਰਾਜਾ ਗਾਰਡਨ, ਰਾਜੌਰੀ ਗਾਰਡਨ, ਤਿਲਕ ਨਗਰ, ਆਊਟਰ ਰਿੰਗ ਰੋਡ ਰਾਹੀਂ ਕਰਨਾਲ ਬਾਈਪਾਸ ਤਕ ਪਹੁੰਚੀ। ਦਿੱਲੀ ਦੀ ਸੰਗਤ ਨੇ ਸਾਰੇ ਮਾਰਗ ਦੌਰਾਨ ਜਾਗਰਤੀ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ। ਸਰਦਾਰ ਜਗਜੋਤ ਸਿੰਘ ਸੋਹੀ ਨੇ ਦਿੱਲੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਦੀ ਸੰਗਤ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਜਾਗਰਤੀ ਯਾਤਰਾ ਦਾ ਵਧੀਆ ਸਵਾਗਤ ਕੀਤਾ ਅਤੇ ਸੰਗਤ ਦੀ ਰਹਾਇਸ਼, ਲੰਗਰ ਆਦਿ ਦੇ ਚੰਗੇ ਇੰਤਜਾਮ ਕੀਤੇ।
ਕੱਲ੍ਹ ਸਵੇਰੇ ਜਾਗਰਤੀ ਯਾਤਰਾ ਕਰਨਾਲ (ਹਰਿਆਣਾ) ਵੱਲ ਰਵਾਨਾ ਹੋਏਗੀ ਅਤੇ 27 ਤਾਰੀਖ ਨੂੰ ਆਨੰਦਪੁਰ ਸਾਹਿਬ ਵਿਖੇ ਸੰਪੰਨ ਹੋਏਗੀ। ਕਮੇਟੀ ਦੇ ਮਹਾਸਚਿਵ ਇੰਦਰਜੀਤ ਸਿੰਘ, ਮੈਂਬਰ ਹਰਪਾਲ ਸਿੰਘ ਜੋਹਲ, ਅਤੇ ਮੀਡੀਆ ਸਲਾਹਕਾਰ ਸੁਦੀਪ ਸਿੰਘ ਯਾਤਰਾ ਦੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਹੋਏ ਨਾਲ ਹੀ ਦਿਖਾਈ ਦਿੱਤੇ।