ਨਵੀਂ ਦਿੱਲੀ - ਸਿੱਖ ਪੰਥ ਦੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿੰਨ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੰਗਤਾਂ ਨੂੰ ਗੁਰੂਬਾਣੀ ਨਾਲ ਜੋੜਨ ਲਈ ਭਾਈ ਪਰਮਜੀਤ ਸਿੰਘ ਵੀਰਜੀ ਮੁੱਖ ਸੇਵਾਦਾਰ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ । ਇਸ ਮੁਹਿੰਮ ਤਹਿਤ ਉਨ੍ਹਾਂ ਵਲੋਂ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀ 2 ਅਤੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਲਾਜਵੰਤੀ ਗਾਰਡਨ ਵਿਖ਼ੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੈਰਾਗਮਈ ਬਾਣੀ ਦੇ ਨਾਲ ਉਚੇਚੇ ਤੌਰ ਤੇ ਸਲੋਕ ਮਹੱਲਾ ਨੌਵੇਂ ਦੇ ਕੀਰਤਨੀ ਰੂਪ ਵਿਚ ਪੰਥ ਪ੍ਰਸਿੱਧ ਰਾਗੀ ਜੱਥੇ ਭਾਈ ਮਨਿੰਦਰ ਸਿੰਘ ਹਜੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਅਤੇ ਭਾਈ ਜਗਪ੍ਰੀਤ ਸਿੰਘ ਖੰਨੇ ਵਾਲਿਆਂ ਰਾਹੀਂ ਦੋ ਦਿਨ ਦੇ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਗਏ । ਇਸ ਮੌਕੇ ਉਨ੍ਹਾਂ ਦਸਿਆ ਕਿ ਦਿੱਲੀ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਲਈ ਨਵੇਂ ਸਿਰੇ ਤੋਂ ਵੋਟਾਂ ਬਣ ਰਹੀਆਂ ਹਨ ਜਿਸਦੀ ਤਰੀਕ ਵਧਾ ਕੇ 15 ਨਵੰਬਰ ਕਰ ਦਿੱਤੀ ਗਈ ਹੈ ਅਸੀਂ ਸੰਗਤ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਦਿੱਲੀ ਕਮੇਟੀ ਦੇ ਮੌਜੂਦਾ ਹਾਲਾਤਾਂ ਤੋਂ ਤੁਸੀਂ ਭਲੀ ਭਾਂਤ ਜਾਣੂ ਹੋ ਕਿ ਕਿਸ ਤਰ੍ਹਾਂ ਮੌਜੂਦਾ ਪ੍ਰਬੰਧਕਾਂ ਦੀ ਗਲਤੀਆਂ ਨਾਲ ਸਾਡੇ ਅਦਾਰੇ ਕਰਜੇ ਹੇਠ ਪਹੁੰਚ ਚੁੱਕੇ ਹਨ ਤੇ ਬਹੁਤੇ ਮਾਮਲੇ ਅਦਾਲਤਾਂ ਵਿਚ ਵੀਂ ਚਲ ਰਹੇ ਹਨ, ਆਪਣੀ ਵੋਟ ਦੀ ਕੀਮਤ ਪਹਿਚਾਣਦੇ ਹੋਏ ਅਤੇ ਮੌਜੂਦਾ ਨਿਜ਼ਾਮ ਨੂੰ ਬਦਲਣ ਲਈ ਆਪਣੀਆਂ ਨਵੀਆਂ ਵੋਟਾਂ ਜਰੂਰ ਬਣਵਾਓ ਜੀ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ 350 ਸਾਲਾਂ ਸ਼ਹੀਦੀ ਸ਼ਤਾਬਦੀ ਮੌਕੇ ਸਿੱਖ ਪੰਥ ਦੀ ਵਡੀ ਮੰਗ ਕਿ ਪੰਥ ਲਈ ਸੰਘਰਸ਼ ਕਰਣ ਵਾਲੇ ਬੰਦੀ ਸਿੰਘ ਜੋ ਕਿ ਆਪਣੀ ਬਣਦੀ ਸਜ਼ਾ ਤੋਂ ਵੀਂ ਜਿਆਦਾ ਸਮਾਂ ਜੇਲ੍ਹਾਂ ਅੰਦਰ ਗੁਜਾਰ ਚੁੱਕੇ ਹਨ ਨੂੰ ਤੁਰੰਤ ਜਮਾਨਤਾਂ ਦੇ ਕੇ ਮੁੜ ਮੁਖਧਾਰਾ ਵਿਚ ਸ਼ਾਮਿਲ ਕਰਣ ਦਾ ਉਪਰਾਲਾ ਕਰਣਾ ਚਾਹੀਦਾ ਹੈ ।ਅੰਤ ਵਿਚ ਉਨ੍ਹਾਂ ਨੇ ਕੀਰਤਨ ਦਰਬਾਰ ਕਰਵਾਉਣ ਲਈ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਨਾਲ ਸਹਿਯੋਗ ਦੇਣ ਵਾਲੇ ਸਮੂਹ ਸੱਜਣਾ ਦਾ ਧੰਨਵਾਦ ਕਰਦਿਆਂ ਅੱਗੇ ਵੀਂ ਇਸੇ ਤਰ੍ਹਾਂ ਸਹਿਯੋਗ ਮਿਲਦੇ ਰਹਿਣ ਦੀ ਆਸ ਪ੍ਰਕਟ ਕੀਤੀ ।