ਤਰਨ ਤਾਰਨ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਦੇ ਵਰਕਰਾਂ ਖਿਲਾਫ ਝੂਠੇ ਕੇਸ ਦਰਜ ਕਰਨ ’ਤੇ ਤਰਨ ਤਾਰਨ ਪੁਲਿਸ ਦੇ ਖਿਲਾਫ ਵਿਸ਼ਾਲ ਰੋਸ ਧਰਨੇ ਦੀ ਅਗਵਾਈ ਕੀਤੀ ਜਿਸ ਕਾਰਨ ਐਸ ਐਸ ਪੀ ਡਾ. ਰਵਜੋਤ ਕੌਰ ਗਰੇਵਾਲ ਨੂੰ ਭਰੋਸਾ ਦੁਆਉਣਾ ਪਿਆ ਕਿ ਅਕਾਲੀ ਦਲ ਦੇ ਕਿਸੇ ਵਰਕਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ।
ਐਸ ਐਸ ਪੀ ਨੇ ਡੀ ਐਸ ਪੀ ਪ੍ਰੀਤਇੰਦਰ ਸਿੰਘ ਦੀ ਡਿਊਟੀ ਲਗਾਈ ਜਿਹਨਾਂ ਆ ਕੇ ਇਹ ਭਰੋਸਾ ਦੁਆਇਆ ਅਤੇ ਨਾਲ ਹੀ ਦੱਸਿਆ ਕਿ ਅਕਾਲੀ ਦਲ ਦੇ ਵਰਕਰਾਂ ਖਿਲਾਫ ਦਰਜ ਹੋਏ ਦੋ ਕੇਸਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪਾਰਟੀ ਨੇ ਇਸ ਮੌਕੇ ਪੁਲਿਸ ਨੂੰ ਆਪਣਾ ਮੰਗ ਪੱਤਰ ਸੌਂਪਿਆ।
ਅਕਾਲੀ ਦਲ ਦੇ ਪ੍ਰਧਾਨ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਐਸ ਐਸ ਪੀ ਵੱਲੋਂ ਆਮ ਆਦਮੀ ਪਾਰਟੀ (ਆਪ) ਦੀ ਕਠਪੁਤਲੀ ਵਾਂਗੂ ਕੰਮ ਕਰਨ ਦੀ ਨਿਖੇਧੀ ਕੀਤੀ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਲੀਹ ਟੱਪ ਕੇ ਆਪ ਦੇ ਸਿਆਸੀ ਏਜੰਟ ਵਜੋਂ ਕੰਮ ਕੀਤਾ ਤਾਂ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਆਈ ਪੀ ਐਸ ਅਫਸਰਾਂ ਦੀ ਸੋਚ ਹੀ ਬਣ ਗਈ ਹੈ ਕਿ ਜੇਕਰ ਉਹਨਾਂ ਅਰਵਿੰਦ ਕੇਜਰੀਵਾਲ ਨੂੰ ਪੈਸਿਆਂ ਦਾ ਭਰਿਆ ਥੈਲਾ ਦੇ ਦਿੱਤਾ ਤਾਂ ਉਹਨਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ। ਉਹਨਾਂ ਕਿਹਾ ਕਿ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਵੀ ਇਹੀ ਸੋਚਦਾ ਸੀ ਤੇ ਹੁਣ ਵੇਖ ਲਓ ਉਸਦਾ ਕੀ ਹਾਲ ਹੈ। ਉਹਨਾਂ ਕਿਹਾ ਕਿ ਮੈਂ ਐਸ ਐਸ ਪੀ ਡਾ. ਰਵਜੋਤ ਗਰੇਵਾਲ ਨੂੰ ਅਪੀਲ ਕਰਦਾ ਹਾਂ ਕਿ ਉਹ ਆਪ ਦੀ ਏਜੰਟ ਬਣ ਕੇ ਆਪਣਾ ਕੈਰੀਅਰ ਤਬਾਹ ਨਾ ਕਰੇ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀਆਂ ਨੂੰ ਜੇਲ੍ਹ ਜਾਣ ਦੀ ਕੋਈ ਪਰਵਾਹ ਨਹੀਂ ਹੈ। ਉਹਨਾਂ ਸਪਸ਼ਟ ਕੀਤਾ ਕਿ ਜੇਕਰ ਇਕ ਵੀ ਅਕਾਲੀ ਵਰਕਰ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਤਾਂ ਅਕਾਲੀ ਦਲ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਹਲਕੇ ਵਿਚ ਨਹੀਂ ਵੜ੍ਹਨ ਦੇਵੇਗਾ। ਉਹਨਾਂ ਕਿਹਾਕਿ ਖਾਲਸਾ ਕੌਮ ਤੇ ਪੰਜਾਬੀਆਂ ਨੂੰ ਦਬਾਇਆ ਨਹੀਂ ਜਾ ਸਕਦਾ। ਜਿੰਨਾ ਤੁਸੀਂ ਉਹਨਾਂ ਦੀ ਆਵਾਜ਼ ਕੁਚਲਣ ਦਾ ਯਤਨ ਕਰੋਗੇ, ਉਨਾ ਹੀ ਇਹ ਹੋਰ ਉਭਰਨਗੇ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਹੁਣ ਸਪਸ਼ਟ ਹੋ ਗਿਆ ਹੈ ਕਿ ਆਪ ਬਾਜ਼ੀ ਹਾਰ ਗਈ ਹੈ ਤੇ ਉਹ ਵੋਟਰਾਂ ਨੂੰ ਪ੍ਰਭਾਵਤ ਕਰਨ ਵਾਸਤੇ ਪੁਲਿਸ ’ਤੇ ਨਿਰਭਰ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਤੋਂ ਪਾਸਾ ਪਲਟ ਕੇ ਆਪ ਵਿਚ ਗਏ ਉਮੀਦਵਾਰ ਹਰਮੀਤ ਸੰਧੂ ਦੇ ਵਫਾਦਾਰ ਪੁਲਿਸ ਅਫਸਰਾਂ ਨੂੰ ਚੰਗੀਆਂ ਪੋਸਟਿੰਗਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਡੀ ਐਸ ਪੀ ਜਗਜੀਤ ਸਿੰਘ ਤੇ ਸੰਦੀਪ ਸਿੰਘ ਅਤੇ ਐਸ ਐਚ ਓ ਗੁਰਚਰਨ ਸਿੰਘ, ਬਲਰਾਜ ਸਿੰਘ, ਗੁਰਦੀਪ ਸਿੰਘ ਅਤੇ ਨਰੇਸ਼ ਕੁਮਾਰ ਇਸਦੀ ਉਦਾਹਰਣ ਹਨ। ਉਹਨਾਂ ਕਿਹਾ ਕਿ ਐਸ ਐਚ ਓ ਬਲਰਾਜ ਤੇ ਗੁਰਦੀਪ ਨੇ ਚਾਰ ਮਹੀਨਿਆਂ ਵਿਚ ਰਿਟਾਇਰ ਹੋਣਾ ਹੈ ਤੇ ਉਹਨਾਂ ਨੂੰ ਹਲਕੇ ਵਿਚ ਤਾਇਨਾਤ ਨਹੀਂ ਕੀਤਾ ਜਾ ਸਕਦਾ ਅਤੇ ਜਦੋਂ ਕਿ ਨਰੇਸ਼ ਕੁਮਾਰ ਆਪ ਦੀ ਸਰਪੰਚ ਦਾ ਪਤੀ ਹੈ।
ਸਰਦਾਰ ਬਾਦਲ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਭ੍ਰਿਸ਼ਟਾਚਾਰ ਵਿਚ ਲੱਗੇ ਆਪ ਆਗੂਆਂ ਤੇ ਅਫਸਰਾਂ ਦੀ ਜਵਾਬਦੇਹੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ 2027 ਵਿਚ ਇਹਨਾਂ ਖਿਲਾਫ ਵਿਸ਼ੇਸ਼ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਸਾਰੇ ਭ੍ਰਿਸ਼ਟ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਭ੍ਰਿਸ਼ਟਾਚਾਰ ਦਾ ਪੈਸਾਇਹਨਾਂ ਤੋਂ ਵਸੂਲ ਕੇ ਮੁੜ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਇਆ ਜਾਵੇਗਾ।
ਇਸ ਮੌਕੇ ਤਰਨ ਤਾਰਨ ਤੋਂ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ, ਗੁਲਜ਼ਾਰ ਸਿੰਘ ਰਣੀਕੇ, ਅਲਵਿੰਦਰਪਾਲ ਸਿੰਘ ਪੱਖੋਕੇ, ਲਖਬੀਰ ਸਿੰਘ ਲੋਧੀਨੰਗਲ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਹਾਜ਼ਰ ਸਨ।