ਨਵੀਂ ਦਿੱਲੀ- ਸਿੱਖ ਰਾਜ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਬਰਸੀ ਮੌਕੇ ਇੰਗਲੈਂਡ ਦੇ ਸ਼ਹਿਰ ਥੈਟਫੋਰਡ ਵਿਖੇ ਵਿਸ਼ਾਲ ਸਮਾਗਮ ਅਯੋਜਿਤ ਕੀਤਾ ਗਿਆ। ਦੂਸਰੀ ਸੰਸਾਰ ਜੰਗ ਖਤਮ ਹੋਣ ਦੀ 80ਵੀਂ ਵਰ੍ਹੇਗੰਢ ਮੌਕੇ ਸਿੱਖ ਫੌਜੀਆਂ ਅਤੇ ਮਹਾਰਾਜਾ ਦਲੀਪ ਸਿੰਘ ਦੀ ਯਾਦ ਵਿੱਚ ਦਰਖਤ ਲਗਾਇਆ ਗਿਆ, ਜਿਸ ਦੀ ਮਨਜੂਰੀ ਲੈਣ ਲਈ ਕਾਫ਼ੀ ਲੰਬੀ ਪ੍ਰਕਿਰਿਆ ਵਿੱਚੋਂ ਗੁਜਰਨਾ ਪਿਆ। ਮਹਾਰਾਜਾ ਦਲੀਪ ਸਿੰਘ ਦੀ ਸਮਾਧ 'ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਬਰਸੀ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਭਾਈ ਰਸਾਲ ਸਿੰਘ ਦੇ ਢਾਡੀ ਜਥੇ, ਸ: ਮਨਜੀਤ ਸਿੰਘ ਸਮਰਾ ਸਮੇਤ ਹੋਰ ਪ੍ਰਚਾਰਕਾਂ ਅਤੇ ਬੁਲਾਰਿਆਂ ਨੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਅਤੇ ਸਿੱਖ ਰਾਜ ਦੇ ਇਤਿਹਾਸ ਉੱਪਰ ਚਾਨਣਾ ਪਾਇਆ। ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਵੱਲੋਂ ਖਾਲਸਾ ਰਾਜ ਲਈ ਸੰਘਰਸ਼ ਦੌਰਾਨ ਹਮੇਸ਼ਾ ਮਹਾਰਾਜਾ ਦਲੀਪ ਸਿੰਘ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਸਮਾਧ ਤੇ ਅਕਸਰ ਆਉਂਦੇ ਰਹਿਣ ਦਾ ਵਿਸ਼ੇਸ਼ ਤੌਰ ਤੇ ਜਿਕਰ ਹੋਇਆ। ਭਾਈ ਜਗਤਾਰ ਸਿੰਘ ਤਾਰਾ, ਬਾਬਾ ਰਾਮ ਸਿੰਘ ਮੁੱਖੀ ਦਮਦਮੀ ਟਕਸਾਲ ਸੰਗਰਾਵਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ ( ਰਜਿ:) ਲੂਟਨ ਗੁਰਦਵਾਰਾ ਸਾਹਿਬ ਅਤੇ ਨੌਜਵਾਨ ਸਭਾ ਲੂਟਨ ਵੱਲੋਂ ਹਰ ਸਾਲ ਵਾਂਗ ਇਹ ਸਮਾਗਮ ਅਯੋਜਿਤ ਕੀਤਾ ਗਿਆ ।