ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ 170 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਸਰਦਾਰ ਜਗੜੀਪ ਸਿੰਘ ਕਾਹਲੋ, ਕਮੇਟੀ ਦੇ ਸਲਾਹਕਾਰ ਪਰਮਜੀਤ ਸਿੰਘ ਚੰਢੋਕ ਅਤੇ ਜਥੇ ਦੀ ਅਗੁਵਾਈ ਕਰਨ ਵਾਲ਼ੇ ਮੈਂਬਰ ਰਮਿੰਦਰ ਸਿੰਘ ਸਵੀਟਾ ਨੇ ਹਾਜ਼ਰੀ ਭਰੀ
ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਇਥੇ ਜੱਥਾ ਰਵਾਨਾ ਹੋਇਆ ਜੋ ਅੱਜ ਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਸ਼ਰਾਮ ਕਰੇਗਾ ਅਤੇ ਭਲਕੇ ਹੋਰਨਾਂ ਜੱਥਿਆਂ ਦੇ ਨਾਲ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿਚ ਦਾਖਲ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਜੱਥੇ ਭੇਜਣ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਉਪਰੰਤ ਦਿੱਲੀ ਗੁਰਦੁਆਰਾ ਕਮੇਟੀ ਨੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਕੋਲ ਪਹੁੰਚ ਕੀਤੀ ਅਤੇ ਉਹਨਾਂ ਨੂੰ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਤੇ ਉਹਨਾਂ ਨੂੰ ਲਿਖਤੀ ਮੰਗ ਪੱਤਰ ਵੀ ਦਿੱਤੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਜੱਥੇ ਭੇਜਣ ਦੀ ਇਜਾਜ਼ਤ ਦੇ ਦਿੱਤੀ। ਉਹਨਾਂ ਦੱਸਿਆ ਕਿ ਦਿੱਲੀ ਤੋਂ ਕੁੱਲ 170 ਸ਼ਰਧਾਲੂਆਂ ਨੇ ਆਪੋ ਆਪਣੇ ਪਾਸਪੋਰਟ ਵੀਜ਼ੇ ਅਪਲਾਈ ਕਰਨ ਵਾਸਤੇ ਦਿੱਤੇ ਸਨ ਤੇ ਸਾਰੇ ਦੇ ਸਾਰੇ 170 ਸ਼ਰਧਾਲੂਆਂ ਨੂੰ ਵੀਜ਼ੇ ਮਿਲ ਗਏ ਹਨ। ਉਹਨਾਂ ਦੱਸਿਆ ਕਿ ਜੱਥੇ ਦੇ ਮੈਂਬਰ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਸਮੇਤ ਸਾਰੇ ਪ੍ਰਮੁੱਖ ਗੁਰਧਾਮਾਂ ਦੇ ਦਰਸ਼ਨ ਕਰਨਗੇ। ਉਹਨਾਂ ਦੱਸਿਆ ਕਿ ਇਹ ਜੱਥਾ 10 ਦਿਨਾਂ ਦੇ ਦੌਰੇ ’ਤੇ ਪਾਕਿਸਤਾਨ ਜਾ ਰਿਹਾ ਹੈ ਜੋ 10 ਦਿਨਾਂ ਉਪਰੰਤ ਵਾਪਸ ਪਰਤ ਆਵੇਗਾ। ਉਹਨਾਂ ਕਿਹਾ ਕਿ ਉਹ ਪਾਕਿਸਤਾਨ ਦੀ ਆਮ ਸੰਗਤ ਦੇ ਵੀ ਧੰਨਵਾਦੀ ਹਨ ਜੋ ਬਹੁਤ ਗਰਮਜੋਸ਼ੀ ਤੇ ਨਿੱਘ ਨਾਲ ਜੱਥਿਆਂ ਦਾ ਸਵਾਗਤ ਤੇ ਸਤਿਕਾਰ ਕਰਦੇ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ ਇਹਨਾਂ ਯਾਤਰਾਵਾਂ ਨਾਲ ਦੋਵਾਂ ਮੁਲਕਾਂ ਦੇ ਸੰਬੰਧਾਂ ਵਿਚ ਸੁਧਾਰ ਵੀ ਹੋ ਸਕੇਗਾ।