ਨਵੀਂ ਦਿੱਲੀ - ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਜਨਮ ਕਾਰਤਿਕ ਪੂਰਨਿਮਾ ਵਾਲੇ ਦਿਹਾੜੇ ਮਨਾਇਆ ਜਾਂਦਾ ਹੈ । ਸਿੱਖ ਪੰਥ ਵਿਚ ਇਸ ਦਿਹਾੜੇ ਨੂੰ ਪ੍ਰਕਾਸ਼ ਉਤਸਵ ਦੇ ਰੂਪ ਵਿੱਚ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ । ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਜੀਟੀਬੀਟੀ ਦੇ ਚੇਅਰਮੈਨ ਬੀਬੀ ਰਣਜੀਤ ਕੌਰ ਨੇ ਦਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜ ਨੂੰ ਇਕਜੁੱਟ ਕਰਨ ਅਤੇ ਜਾਤੀਵਾਦ ਨੂੰ ਖਤਮ ਕਰਨ ਲਈ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ। ਗੁਰੂ ਨਾਨਕ ਦੇਵ ਜੀ ਨੇ ਆਪਣਾ ਪਹਿਲਾ ਸੰਦੇਸ਼ ਸਿਰਫ਼ ਪੰਜ ਸਾਲ ਦੀ ਉਮਰ ਵਿੱਚ ਪਰਮਾਤਮਾ ਇੱਕ ਹੈ ਅਤੇ ਹਰ ਥਾਂ ਮੌਜੂਦ ਹੈ ਦਸ ਕੇ ਇਕ ਅਲਗ ਪਹਿਚਾਣ ਬਣਾਈ। ਉਨ੍ਹਾਂ ਨੇ "ਏਕ ਓਂਕਾਰ" ਦਾ ਨਾਅਰਾ ਦਿੱਤਾ ਅਤੇ ਕਿਹਾ ਕਿ ਅਕਾਲ ਪੁਰਖ ਸਾਰਿਆਂ ਦਾ ਪਿਤਾ ਹੈ, ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਆਪਸ ਵਿਚ ਪਿਆਰ ਕਰਨਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਇੱਕ ਉਪਦੇਸ਼ ਵਿੱਚ ਕਿਹਾ ਸੀ ਕਿ ਸਾਨੂੰ ਕਦੇ ਵੀ ਦੂਜਿਆਂ ਦੇ ਹੱਕਾਂ ਨੂੰ ਹੜੱਪਣਾ ਨਹੀਂ ਚਾਹੀਦਾ। ਸਾਨੂੰ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਇਨਸਾਨ ਨੂੰ ਲਾਲਚ ਛੱਡ ਕੇ ਅਤੇ ਸਖ਼ਤ ਮਿਹਨਤ ਨਾਲ ਪੈਸਾ ਕਮਾਉਣਾ ਚਾਹੀਦਾ ਹੈ। ਸਾਨੂੰ ਲੋੜਵੰਦਾਂ ਦੀ ਮਦਦ ਕਰਨ ਤੋਂ ਕਦੇ ਵੀ ਝਿਜਕਣਾ ਨਹੀਂ ਚਾਹੀਦਾ। ਸਾਨੂੰ ਹਮੇਸ਼ਾ ਦੂਜਿਆਂ ਦੀ ਵਿੱਤੀ ਅਤੇ ਹੋਰ ਤਰੀਕਿਆਂ ਨਾਲ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਸਮਝਿਆ ਅਤੇ ਉਨ੍ਹਾਂ ਦੇ ਅਨੁਸਾਰ, ਔਰਤਾਂ ਦਾ ਕਦੇ ਵੀ ਨਿਰਾਦਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦਸਿਆ ਦੁਨੀਆਂ ਨੂੰ ਜਿੱਤਣ ਤੋਂ ਪਹਿਲਾਂ, ਮਨੁੱਖ ਨੂੰ ਆਪਣੀਆਂ ਬੁਰਾਈਆਂ ਅਤੇ ਬੁਰੀਆਂ ਆਦਤਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੰਕਾਰ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਇਸ ਲਈ ਕਦੇ ਵੀ ਹੰਕਾਰੀ ਨਹੀਂ ਹੋਣਾ ਚਾਹੀਦਾ। ਮਨੁੱਖ ਨੂੰ ਹਮੇਸ਼ਾ ਦਿਆਲਤਾ ਅਤੇ ਨਿਮਰਤਾ ਨਾਲ, ਸੇਵਾ ਦੀ ਭਾਵਨਾ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ। ਲੋਕਾਂ ਨੂੰ ਪਿਆਰ, ਏਕਤਾ, ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਆਓ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਉਨ੍ਹਾਂ ਦੇ ਉਪਦੇਸ਼ਾ ਨੂੰ ਆਪਣੇ ਜੀਵਨ ਵਿਚ ਅਮਲ ਲਿਆ ਕੇ ਆਪਣਾ ਜੀਵਨ ਉਨ੍ਹਾਂ ਵਲੋਂ ਦੱਸੇ ਰਾਹ ਉਪਰ ਚਲਣ ਦਾ ਜਤਨ ਕਰੀਏ ।