ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਸਜਾਇਆ। ਇਹ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਅਰਦਾਸ ਉਪਰੰਤ ਸ਼ੁਰੂ ਹੋਇਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਨਮੋਹਕ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸੀ। ਇਹ ਨਗਰ ਕੀਰਤਨ ਫਤਿਹਪੁਰੀ, ਖਾਰੀ ਬਾਉਲੀ, ਨਵਾਂ ਬਾਜ਼ਾਰ ਚੌਂਕ, ਪੀਲੀ ਕੋਠੀ ਰੋਡ, ਮਠਿਆਈ ਪੁੱਲ, ਆਜ਼ਾਦ ਮਾਰਕੀਟ, ਪੁੱਲ ਬੰਗਸ਼ ਮੈਟਰੋ ਸਟੇਸ਼ਨ, ਰੋਸ਼ਨਾਰਾ ਰੋਡ, ਚੌਂਕ ਘੰਟਾ ਘਰ (ਸਬਜ਼ੀ ਮੰਡੀ), ਸ਼ਕਤੀ ਨਗਰ ਚੌਂਕ, ਰਾਣਾ ਪ੍ਰਤਾਪ ਬਾਗ ਤੇ ਬੇਬੇ ਨਾਨਕੀ ਚੌਂਕ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਸੰਪੰਨ ਹੋਇਆ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਦਿਆਂ ਗੁਰੂ ਸਾਹਿਬ ਦਾ ਕੋਟਿ ਕੋਟਿ ਸ਼ੁਕਰਾਨਾ ਕੀਤਾ। ਨਗਰ ਕੀਰਤਨ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਤੋਂ ਇਲਾਵਾ ਗੱਤਕਾ ਪਾਰਟੀਆਂ, ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਢੋਲ ਨਗਾਰਿਆਂ ਦੇ ਨਾਲ-ਨਾਲ ਗੱਤਕੇ ਦੇ ਕਰਤਬ ਵੀ ਵਿਖਾਏ ਗਏ।
ਸੰਗਤਾਂ ਨੇ ਸਮੁੱਚੇ ਰਸਤੇ ਵਿਚ ਚਾਹ ਪਕੌੜੇ, ਜਲੇਬੀਆਂ, ਸਮੋਸੇ, ਕਚੌੜੀਆਂ ਸਮੇਤ ਵੱਖ-ਵੱਖ ਪਕਵਾਨਾਂ ਦੇ ਲੰਗਰ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਵਾਸਤੇ ਲਗਾਏ ਹੋਏ ਸਨ। ਸੰਗਤਾਂ ਨੇ ਪਾਲਕੀ ਸਾਹਿਬ ’ਤੇ ਫੁੱਲਾਂ ਦੀ ਵਰਖਾ ਕਰ ਕੇ ਥਾਂ-ਥਾਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਤੇ ਦਰਸ਼ਨ ਕਰ ਕੇ ਆਪਣਾ ਜਨਮ ਸਫਲਾ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਧਰਤੀ ’ਤੇ ਅਵਤਾਰ ਧਾਰਿਆ ਜਦੋਂ ਦੁਨੀਆਂ ਕਰਮ ਕਾਂਡਾ ਦੇ ਹਨੇਰੇ ਵਿਚ ਡੁੱਬੀ ਹੋਈ ਸੀ। ਗੁਰੂ ਸਾਹਿਬ ਨੇ ਆ ਕੇ ਹੀ ਦੁਨੀਆਂ ਕਰਮ ਕਾਂਡਾ ਵਿਚੋਂ ਕੱਢਿਆ ਤੇ ਅਵੱਲ ਅੱਲ੍ਹਾ ਨੂਰ ਉਪਾਇਆ ਦਾ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਇਸੇ ਲਈ ਗੁਰਬਾਣੀ ਵਿਚ ਫੁਰਮਾਨ ਹੈ ’’ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣ ਹੋਆ’’ ।
ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕਰ ਕੇ ਦੁਨੀਆਂ ਦੇ ਕੋਨੇ-ਕੋਨੇ ਵਿਚ ਉਸ ਸਮੇਂ ਪਹੁੰਚ ਕੇ ਲੋਕਾਂ ਨੂੰ ਗੁਰਬਾਣੀ ਦਾ ਸੰਦੇਸ਼ ਦਿੱਤਾ ਜਦੋਂ ਸਫਰ ਵਾਸਤੇ ਕੋਈ ਸਾਧਨ ਨਹੀਂ ਸਨ ਤੇ ਗੁਰੂ ਸਾਹਿਬ ਨੇ ਪੈਦਲ ਚੱਲ ਕੇ ਹਜ਼ਾਰਾਂ ਮੀਲ ਯਾਤਰਾ ਕਰ ਕੇ ਦੁਨੀਆਂ ਨੂੰ ਹਨੇਰੇ ਵਿਚੋਂ ਕੱਢਿਆ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਗੁਰੂ ਸਾਹਿਬ ਦਾ ਗੁਰਪੁਰਬ ਸਿਰਫ ਸਿੱਖ ਕੌਮ ਹੀ ਨਹੀਂ ਬਲਕਿ ਸਾਰੀ ਦੁਨੀਆਂ ਵਿਚ ਵੱਖ-ਵੱਖ ਧਰਮਾਂ ਦੇ ਲੋਕ ਵੱਧ ਚੜ੍ਹ ਕੇ ਮਨਾਉਂਦੇ ਹਨ।