ਨਵੀਂ ਦਿੱਲੀ - ਸਿੱਖ ਸੰਘਰਸ਼ ਨਾਲ ਜੁੜੇ ਨਾਵਲਕਾਰ ਭਾਈ ਅਮਰਦੀਪ ਸਿੰਘ ਅਮਰ ਦਾ ਨਵਾ ਨਾਵਲ “ਮਰਦ ਅਗਮੜਾ ” ਸਿੱਖ ਇਤਿਹਾਸ ਵਿਚ ਨਵੀਆਂ ਪੈੜਾ ਪਾਵੇਗਾ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਬਾਰੇ ਅਹਿਮ ਪੱਖ ਪ੍ਰਗਟ ਕਰੇਗਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਨੇ ਕੀਤਾ । ਓਹਨਾ ਦੱਸਿਆ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਜਗਰਾਓਂ ਦੇ ਨੇੜੇਲੇ ਪਿੰਡ ਬਾਰਦੇ-ਕੇ ਦੇ ਜੰਮਪਲ ਅਮਰੀਕਾ ਨਿਵਾਸੀ ਭਾਈ ਅਮਰਦੀਪ ਸਿੰਘ ਅਮਰ ਦੀਆ ਲਿਖਤਾਂ ਸਿੱਖ ਇਤਿਹਾਸ ਵਿਚ ਅਹਿਮ ਅਸਥਾਨ ਰੱਖਦੀਆਂ ਹਨ। ਭਾਈ ਅਮਰ ਦੇ ਨਾਵਲ “ਦੀਵਾ ਜਗਦਾ ਰਹੇਗਾ ” ਅਤੇ “ਰੇਤ ਦੀਆ ਕੰਧਾਂ ” ਨੇ ਸਿੱਖ ਨੌਜਵਾਨੀ ਨੂੰ ਸਿੱਖ ਸੰਘਰਸ਼ ਬਾਰੇ ਜਾਗ੍ਰਿਤ ਕੀਤਾ ਅਤੇ ਸਰਕਾਰੀ ਧਿਰ ਵਲੋਂ ਪੈਦਾ ਕੀਤੇ ਭਰਮ ਭੁਲੇਖੇ ਨੂੰ ਤੋੜਿਆ। ਖਾਸਕਰ ਨਾਵਲ “ਦੀਵਾ ਜਗਦਾ ਰਹੇਗਾ ” ਨੇ ਹਜ਼ਾਰਾਂ ਨੌਜਵਾਨਾਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਨਾਲ ਜੋੜਿਆ ਸੀ । ਸੰਨ 2000-2001 ਵਿਚ ਪ੍ਰਕਾਸ਼ਿਤ ਹੋਇਆ ਇਹ ਨਾਵਲ ਅੱਜ ਵੀ ਲਗਾਤਾਰ ਵਿਕ ਰਿਹਾ ਹੈ, ਸੰਨ 2008 ਵਿਚ ਵਿਦੇਸ਼ ਚਲੇ ਜਾਣ ਮਗਰੋਂ ਭਾਈ ਅਮਰਦੀਪ ਸਿੰਘ ਕਾਫੀ ਲੰਮਾ ਸਮਾਂ ਲੇਖਣੀ ਤੋਂ ਦੂਰ ਰਹੇ ਪਰ ਹੁਣ ਓਹਨਾ ਦੇ ਨਵੇਂ ਨਾਵਲ “ਮਰਦ ਅਗਮੜਾ ” ਦੀ ਸਾਰੀ ਤਿਆਰੀ ਲਗਭਗ ਹੋ ਚੁਕੀ ਹੈ । ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿਚ ਇਹ ਨਾਵਲ ਜਾਰੀ ਕੀਤਾ ਜਾਵੇਗਾ । ਅਕਾਲ ਪ੍ਰਕਾਸ਼ਨ ਵਲੋਂ ਇਸ ਵੱਡ ਆਕਾਰੀ ਨਾਵਲ ਦੇ ਦੋ ਭਾਗ ਛਾਪੇ ਜਾਣਗੇ ਹਰੇਕ ਭਾਗ ਲਗਭਗ 300 ਪੇਜ ਦਾ ਹੋਵੇਗਾ । ਅਕਾਲ ਪ੍ਰਕਾਸ਼ਨ ਵਲੋਂ ਹੀ ਭਾਈ ਅਮਰਦੀਪ ਸਿੰਘ ਅਮਰ ਦੇ ਪੁਰਾਣੇ ਦੋਵੇਂ ਨਾਵਲ “ਦੀਵਾ ਜਗਦਾ ਰਹੇਗਾ ” ਅਤੇ “ਰੇਤ ਦੀਆ ਕੰਧਾਂ ” ਵੀ ਮੁੜ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।