ਪੰਜਾਬ

ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਮਤਾ ਪੇਸ਼

ਕੌਮੀ ਮਾਰਗ ਬਿਊਰੋ | November 24, 2025 09:34 PM

ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਧਰਮ ਦੀ ਰਾਖੀ ਅਤੇ ਸਾਰਿਆਂ ਦੇ ਹੱਕਾਂ ਲਈ ਨੌਵੇਂ ਪਾਤਸ਼ਾਹ ਵੱਲੋਂ ਦਿੱਤੀ ਗਈ ਲਾਸਾਨੀ ਸ਼ਹਾਦਤ ਅਤੇ ਸਰਬਉੱਚ ਬਲੀਦਾਨ ਨੂੰ ਸਿਜਦਾ ਕਰਨ ਲਈ ਇੱਕ ਅਧਿਕਾਰਤ ਮਤਾ ਪੇਸ਼ ਕੀਤਾ।

ਪੰਜਾਬ ਵਿਧਾਨ ਸਭਾ ਵਿੱਚ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਸਦਨ ਵਿੱਚ ਸੰਬੋਧਨ ਕਰਦਿਆਂ ਸ. ਬੈਂਸ ਨੇ ਤਿੰਨ ਗੁਰਸਿੱਖਾਂ ਭਾਈ ਮਤੀ ਦਾਸ ਦੀ, ਭਾਈ ਸਤੀ ਦਾਸ ਦੀ ਅਤੇ ਭਾਈ ਦਿਆਲਾ ਜੀ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਦੀ ਕੌਮੀ ਮਹੱਤਤਾ ਨੂੰ ਵੀ ਉਜਾਗਰ ਕੀਤਾ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਨੇ ਦੇਸ਼ ਵਿੱਚ ਧਰਮ ਨਿਰਪੱਖਤਾ ਦਾ ਬੀਜ ਬੋਇਆ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਧਰਮ ਅਤੇ ਅਕੀਦੇ ਦੀ ਆਜ਼ਾਦੀ ਵਾਸਤੇ ਕੁਰਬਾਨੀ ਨਾ ਦਿੱਤੀ ਹੁੰਦੀ ਤਾਂ ਅੱਜ ਸਾਡੇ ਦੇਸ਼ ਦਾ ਨਕਸ਼ਾ ਅਤੇ ਧਾਰਮਿਕ ਰੰਗਤ ਵੱਖਰੀ ਹੀ ਹੁੰਦੀ। ਗੁਰੂ ਸਾਹਿਬ ਨੇ ਉਸ ਸਮੇਂ ਸ਼ਾਸਕਾਂ ਦੇ ਜ਼ੁਲਮਾਂ ਦਾ ਡੱਟ ਕੇ ਸਾਹਮਣਾ ਕੀਤਾ।ਜਦੋਂ ਹਿੰਦੂ ਭਾਈਚਾਰੇ ਦੀ ਧਾਰਮਿਕ ਆਜ਼ਾਦੀ ਖ਼ਤਰੇ ਵਿੱਚ ਸੀ, ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਉਨ੍ਹਾਂ ਦੀ ਢਾਲ ਬਣ ਗਏ। ਉਨ੍ਹਾਂ ਕਿਹਾ ਕਿ ਹੋਰਨਾਂ ਧਰਮਾਂ ਦੇ ਸਨਮਾਨ ਅਤੇ ਰਾਖੀ ਪ੍ਰਤੀ ਅਜਿਹੀ ਲਾਸਾਨੀ ਸ਼ਹਾਦਤ ਦੀ ਉਦਾਹਰਣ ਵਿਸ਼ਵ ਦੇ ਇਤਿਹਾਸ ਵਿੱਚ ਹੋਰ ਕਿਧਰੇ ਨਹੀਂ ਮਿਲਦੀ।

ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਸ. ਬੈਂਸ ਨੇ ਖ਼ਾਲਸੇ ਦੀ ਜਨਮ ਭੂਮੀ ਪ੍ਰਤੀ ਆਪਣੀ ਡੂੰਘੀ ਅਤੇ ਇਤਿਹਾਸਕ ਭਾਵਨਾ ਉਜਾਗਰ ਕੀਤੀ। ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਦੀ ਇਹ ਪਵਿੱਤਰ ਮਿੱਟੀ, ਜਿਸਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਖੁਦ ਵਸਾਇਆ ਅਤੇ ਆਪਣੀ ਸਤਿਕਾਰਯੋਗ ਮਾਤਾ ਦੇ ਨਾਮ 'ਤੇ ਇਸਨੂੰ 'ਚੱਕ ਨਾਨਕੀ' ਦਾ ਨਾਮ ਦਿੱਤਾ, ਇਹ ਉਹੀ ਧਰਤੀ ਹੈ ਜਿੱਥੋਂ ਗੁਰੂ ਸਾਹਿਬ ਦਿੱਲੀ ਲਈ ਆਪਣੀ ਅੰਤਿਮ ਯਾਤਰਾ ਉੱਤੇ ਰਵਾਨਾ ਹੋਏ ਸੀ। ਇਹ ਉਹ ਅਸਥਾਨ ਹੈ ਜਿੱਥੇ ਕਸ਼ਮੀਰੀ ਪੰਡਤ ਇਨਸਾਫ਼ ਦੀ ਅਪੀਲ ਲੈ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਏ ਸਨ।

ਉਨ੍ਹਾਂ ਇਸ ਧਰਤੀ 'ਤੇ ਦਿਖਾਈ ਗਈ ਬੇਮਿਸਾਲ ਭਾਵਨਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਸੇ ਧਰਤੀ 'ਤੇ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ "ਸੀਸ" ਪੂਰੇ ਸਨਮਾਨ ਨਾਲ ਲੈ ਕੇ ਆਏ ਸਨ ਅਤੇ ਇੱਥੇ ਹੀ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਆਪਣੇ ਗਲੇ ਨਾਲ ਲਗਾ ਕੇ ਉਨ੍ਹਾਂ ਨੂੰ 'ਰੰਗਰੇਟੇ ਗੁਰੂ ਕੇ ਬੇਟੇ' ਕਹਿ ਕੇ ਸਨਮਾਨ ਦਿੱਤਾ ਸੀ।

ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਦਗਾਰੀ ਸਮਾਗਮਾਂ ਲਈ ਪੰਜਾਬ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮਾਂ ਦਾ ਵੇਰਵਾ ਦਿੰਦਿਆਂ ਸ. ਬੈਂਸ ਨੇ ਕਿਹਾ ਕਿ ਇਹਨਾਂ ਸਮਾਗਮਾਂ ਨੂੰ ਪੂਰੇ ਮਾਣ ਸਨਮਾਨ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸਮਰਪਿਤ ਕਮੇਟੀ ਬਣਾਈ ਗਈ ਸੀ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਇਹਨਾਂ ਸਮਾਗਮਾਂ ਦੀ ਲੜੀ ਕਰਵਾਈ ਗਈ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ, ਚਾਰ ਨਗਰ ਕੀਰਤਨ, ਸਰਬ ਧਰਮ ਸੰਮੇਲਨ, ਲਾਈਟ ਐਂਡ ਸਾਊਂਡ ਸ਼ੋਅ, ਡਰੋਨ ਸ਼ੋਅ ਅਤੇ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਸਮਰਪਿਤ ਵਿਦਿਅਕ ਪ੍ਰੋਗਰਾਮ ਸ਼ਾਮਲ ਹਨ।

ਉਨ੍ਹਾਂ ਨੇ ਬੁਨਿਆਦੀ ਢਾਂਚੇ ਦੇ ਪ੍ਰਬੰਧਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ, ਜਿਸ ਵਿੱਚ ਤਿੰਨ ਟੈਂਟ ਸਿਟੀਜ਼, ਸੁਚਾਰੂ ਪਾਰਕਿੰਗ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਵਾਲੀ ਸੰਗਤ ਲਈ ਇੱਕ ਸਮਰਪਿਤ ਮੋਬਾਈਲ ਐਪਲੀਕੇਸ਼ਨ ਅਤੇ ਵੈੱਬਸਾਈਟ, ਅਤੇ ਵਾਤਾਵਰਣ-ਪੱਖੀ ਈ-ਰਿਕਸ਼ਾ ਤੇ ਸ਼ਟਲ ਸੇਵਾਵਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੀ ਮਹਾਨ ਵਿਰਾਸਤ ਨੂੰ ਸਨਮਾਨ ਦੇਣ ਲਈ ਸਮੁੱਚੀ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ।

ਸ. ਹਰਜੋਤ ਸਿੰਘ ਬੈਂਸ ਨੇ ਸਾਰਿਆਂ ਨੂੰ ਇਸ ਇਤਿਹਾਸਕ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਫ਼ੰਡਾਂ ਦੀ ਪਰਵਾਹ ਕੀਤੇ ਬਿਨਾਂ ਪੂਰੀ ਸ਼ਰਧਾ ਅਤੇ ਸਨਮਾਨ ਨਾਲ ਆਪਣਾ ਫਰਜ਼ ਨਿਭਾ ਰਹੇ ਹਾਂ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਪ੍ਰਤੀ ਸੱਚੀ ਸ਼ਰਧਾਂਜਲੀ ਸੱਚ, ਨਿਆਂ ਅਤੇ ਧਾਰਮਿਕ ਆਜ਼ਾਦੀ ਲਈ ਉਨ੍ਹਾਂ ਦੇ ਸਦੀਵੀ ਸੰਦੇਸ਼ ਦਾ ਵੱਧ ਤੋਂ ਵੱਧ ਪ੍ਰਸਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਸਮਾਗਮ ਹੀ ਨਹੀਂ, ਸਗੋਂ ਪੰਜਾਬ ਅਤੇ ਦੇਸ਼ ਦੀਆਂ ਮੂਲ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਪਹਿਲ ਹੈ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਪ੍ਰੇਰਨਾ ਦਾ ਸਦੀਵੀ ਸਰੋਤ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਚਾਨਣ ਮੁਨਾਰਾ ਰਹੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਬਹਾਦਰੀ, ਦਇਆ ਅਤੇ ਸੱਚਾਈ ਪ੍ਰਤੀ ਅਟੁੱਟ ਵਚਨਬੱਧਤਾ ਦੇ ਮੁੱਲਾਂ ਨੂੰ ਦਰਸਾਉਂਦੀ ਹੈ। ਇਹੀ ਕਦਰਾਂ ਕੀਮਤਾਂ ਨੂੰ ਅਸੀਂ ਆਪਣੀ ਸਿੱਖਿਆ ਪ੍ਰਣਾਲੀ ਅਤੇ ਆਪਣੇ ਸਮਾਜ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਧਾਰਮਿਕ ਭਾਈਚਾਰਿਆਂ ਦੇ ਲੋਕ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਅਮੀਰ ਅਧਿਆਤਮਿਕ ਵਿਰਾਸਤ ਦਾ ਬਹੁਤ ਸਨਮਾਨ ਕਰਦੇ ਹਾਂ। ਉਨ੍ਹਾਂ ਨੇ ਹਰੇਕ ਵਿਅਕਤੀ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੁਆਰਾ ਦਰਸਾਏ ਧਰਮ ਨਿਰਪੱਖਤਾ, ਵਿਸ਼ਵਵਿਆਪੀ ਭਾਈਚਾਰੇ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਸੰਦੇਸ਼ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਸਮੁੱਚੀ ਸੰਗਤ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਅਤੇ ਸਮਾਜ ਵਿੱਚ ਸ਼ਾਂਤੀ, ਸਹਿਣਸ਼ੀਲਤਾ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਦਿਆਂ ਸਭਨਾਂ ਦੀ ਭਲਾਈ ਲਈ ਯਤਨਸ਼ੀਲ ਹੋਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ਉੱਤੇ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਚਾਹੀਦਾ ਹੈ।

Have something to say? Post your comment

 
 

ਪੰਜਾਬ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਅਪਾਰ ਮਹਿਮਾ ਨੂੰ ਸਮਰਪਿਤ ਡਰੋਨ ਸ਼ੋਅ ‘ਚ ਸ਼ਿਰਕਤ ਕੀਤੀ

ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਭੋਰਾ ਸਾਹਿਬ ਵਿਖੇ ਮੱਥਾ ਟੇਕਿਆ

ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਨੇ ਪੰਜਾਬ ਦੇ ਤਿੰਨੋਂ ਤਖ਼ਤ ਸਾਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ

ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਐਲਾਨਿਆ: ਸਪੀਕਰ

ਸ਼ਤਾਬਦੀਆੱ ਨੂੰ ਸਮਰਪਿਤ ਮਹਾਨ ਕਵੀ ਦਰਬਾਰ ਆਯੋਜਿਤ- ਪ੍ਰਮੁੱਖ ਕਵੀਆਂ ਨੇ ਕੀਤਾ ਮੰਤਰ ਮੁਗੰਧ

ਯੂਨਾਈਟਿਡ ਸਿੱਖਸ ਵੱਲੋ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਗਿਆ ਇੱਕ ਰਸ ਸਮੂਹਿਕ ਕੀਰਤਨ ਦਰਬਾਰ "ਅਨਹਦ ਝੁਨਕਾਰ "

ਕੇਂਦਰ ਸਰਕਾਰ ਨੇ ਪੰਜਾਬ ਅਤੇ ਸਿੱਖ ਕੌਮ ਪ੍ਰਤੀ ਨਫਰਤ ਭਰੀ ਸੋਚ ਤੋ ਤੋਬਾ ਨਾ ਕੀਤੀ ਤਾਂ ਛੇਤੀ ਹੀ ਭਾਰਤ ਦਾ ਨਕਸਾ ਕਈ ਮੁਲਕਾਂ ਵਿਚ ਬਦਲਕੇ ਆਵੇਗਾ ਸਾਹਮਣੇ: ਮਾਨ

ਪੰਜਾਬ ਰਾਜ ਭਵਨ ਨੇ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਬਦ ਕੀਰਤਨ ਕਰਵਾਇਆ

350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਬੁੱਢਾ ਦਲ ਛਾਉਣੀ ਵਿਖੇ ਕਰਵਾਇਆ ਵਿਸ਼ੇਸ਼ ਕਵੀ, ਢਾਡੀ ਤੇ ਕਵੀਸ਼ਰ ਦਰਬਾਰ

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਧ ਰਹੀ ਨਫ਼ਰਤ ਅਤੇ ਲੋਕਤੰਤਰੀ ਸਿਧਾਂਤਾਂ ਦੇ ਘਾਣ 'ਤੇ ਡੂੰਘੀ ਚਿੰਤਾ ਪ੍ਰਗਟਾਈ*