ਚੰਡੀਗੜ੍ਹ-ਪੰਜਾਬ ਰਾਜ ਭਵਨ ਵੱਲੋਂ ਅੱਜ ਇੱਥੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਹਿੰਦ ਦੀ ਚਾਦਰ ਨੌਵੇਂ ਸਿੱਖ ਗੁਰੂ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਅਤੇ ਅਧਿਆਤਮਿਕ ਸ਼ਬਦ ਕੀਰਤਨ ਕਰਵਾਇਆ ਗਿਆ।
ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਪੂਰੀ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਹ ਸ਼ਬਦ ਕੀਰਤਨ ਗੁਰਦੁਆਰਾ ਪਾਤਸ਼ਾਹੀ ਦਸਵੀਂ, ਸੈਕਟਰ 8, ਚੰਡੀਗੜ੍ਹ ਦੇ ਰਾਗੀ ਸਿੰਘਾਂ ਵੱਲੋਂ ਕੀਤਾ ਗਿਆ ਅਤੇ ਸੰਗਤਾਂ ਨੇ ਰੂਹਾਨੀ ਕੀਰਤਨ ਸਰਵਨ ਕੀਤਾ।
ਨਿਰਮਰਤਾ, ਮਨੁੱਖੀ ਏਕਤਾ ਅਤੇ ਸਮਾਨਤਾ ਦਾ ਸੰਦੇਸ਼ ਦਿੰਦਿਆਂ, ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸੰਗਤ ਵਿੱਚ ਬੈਠ ਕੇ ਸ਼ਬਦ ਕੀਰਤਨ ਸਰਵਨ ਕੀਤਾ ਅਤੇ ਲੰਗਰ ਵਿੱਚ ਸੇਵਾ ਵੀ ਕੀਤੀ, ਜਿਸ ਨਾਲ ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਦੇ ਸਿੱਖ ਸਿਧਾਂਤਾਂ ਨੂੰ ਮਜ਼ਬੂਤੀ ਮਿਲੀ।
ਇਸ ਮੌਕੇ ਗੁਰਦੁਆਰਾ ਪਾਤਸ਼ਾਹੀ ਦਸਵੀ, ਸੈਕਟਰ 8 ਦੇ ਪ੍ਰਧਾਨ ਸ੍ਰੀ ਸੁਖਜਿੰਦਰ ਸਿੰਘ ਬਹਿਲ ਨੇ ਰਾਜਪਾਲ ਨੂੰ ਸਿਰੋਪਾਓ ਭੇਟ ਕੀਤਾ। ਇਸ ਮੌਕੇ ਮੇਅਰ ਸ਼੍ਰੀਮਤੀ ਹਰਪ੍ਰੀਤ ਕੌਰ ਬਬਲਾ, ਗ੍ਰਹਿ ਸਕੱਤਰ ਯੂਟੀ ਸ਼੍ਰੀ ਮਨਦੀਪ ਸਿੰਘ ਬਰਾੜ, ਵਿੱਤ ਸਕੱਤਰ ਯੂਟੀ ਸ਼੍ਰੀ ਦੀਪਰਵਾ ਲਾਕਰਾ ਅਤੇ ਐਡੀਸ਼ਨਲ ਸਾਲਿਸਟਰ ਜਨਰਲ ਭਾਰਤ ਸਰਕਾਰ ਸ੍ਰੀ ਸੱਤਿਆ ਪਾਲ ਜੈਨ ਨੂੰ ਵੀ ਸਿਰੋਪਾਓ ਭੇਟ ਕੀਤੇ ਗਏ।
ਇਸ ਤੋਂ ਪਹਿਲਾਂ, ਰਾਜਪਾਲ ਨੇ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਲਈ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸੀਸ ਝੁਕਾਉਂਦਿਆਂ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨਾਗਰਿਕਾਂ ਨੂੰ ਗੁਰੂ ਸਾਹਿਬ ਦੁਆਰਾ ਦਿਖਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ, ਜਿਨ੍ਹਾਂ ਨੇ 1675 ਵਿੱਚ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਉਨ੍ਹਾਂ ਕਿਹਾ, "ਨਿਡਰਤਾ, ਦਇਆ ਅਤੇ ਸੱਚਾਈ ਸਬੰਧੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਇਹ ਪਵਿੱਤਰ ਦਿਹਾੜਾ ਸ਼ਾਂਤੀ, ਸਦਭਾਵਨਾ ਅਤੇ ਵਿਸ਼ਵਵਿਆਪੀ ਭਾਈਚਾਰੇ ਨੂੰ ਬਰਕਰਾਰ ਰੱਖਣ ਪ੍ਰਤੀ ਸਾਡੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ।"
ਇਸ ਸਮਾਗਮ ਵਿੱਚ ਪੰਜਾਬ ਰਾਜ ਭਵਨ, ਚੰਡੀਗੜ੍ਹ ਦੇ ਅਧਿਕਾਰੀ, ਪਤਵੰਤੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ।