ਨਵੀਂ ਦਿੱਲੀ - “ਸੈਟਰ ਦੇ ਮੁਤੱਸਵੀ ਹੁਕਮਰਾਨਾਂ ਸ੍ਰੀ ਮੋਦੀ ਅਤੇ ਗ੍ਰਹਿ ਵਜੀਰ ਅਮਿਤ ਸ਼ਾਹ ਦੇ ਢਿੱਡ ਵਿਚ ਪੰਜਾਬੀਆਂ, ਸਿੱਖ ਕੌਮ ਅਤੇ ਪੰਜਾਬ ਪ੍ਰਤੀ ਵੱਡੀ ਨਫਰਤ ਭਰੀ ਹੋਈ ਹੈ ਅਤੇ ਹਮੇਸ਼ਾਂ ਹੀ ਉਨ੍ਹਾਂ ਦੇ ਅਮਲ ਅਤੇ ਸੋਚ ਉਹੀ ਕੁਝ ਨਿਕਲਦਾ ਹੈ ਜੋ ਅੰਦਰ ਪਣਪ ਰਿਹਾ ਹੈ । ਜੇਕਰ ਇਨ੍ਹਾਂ ਫਿਰਕੂ ਹੁਕਮਰਾਨਾਂ ਨੇ ਆਪਣੀ ਸਾਡੇ ਸੂਬੇ ਅਤੇ ਕੌਮ ਪ੍ਰਤੀ ਨਫਰਤ ਭਰੀ ਸੋਚ ਅਤੇ ਅਮਲਾਂ ਤੋ ਤੋਬਾ ਨਾ ਕੀਤੀ ਤਾਂ ਛੇਤੀ ਹੀ ਭਾਰਤ ਦਾ ਨਕਸਾ ਕਈ ਮੁਲਕਾਂ ਵਿਚ ਬਦਲਕੇ ਸਾਹਮਣੇ ਹੋਵੇਗਾ । ਕਿਉਂਕਿ ਜਦੋ ਹੁਕਮਰਾਨਾਂ ਨੇ ਕਸਮੀਰ ਦੇ ਸੂਬੇ ਅਤੇ ਉਥੋ ਦੇ ਨਿਵਾਸੀਆ ਪ੍ਰਤੀ ਜਬਰ ਦੀ ਨੀਤੀ ਅਪਣਾਈ ਅਤੇ ਹੁਕਮਰਾਨਾਂ ਨੇ ਉਨ੍ਹਾਂ ਦੀ ਬਾਬਰੀ ਮਸਜਿਦ ਨੂੰ ਨਿਸ਼ਾਨਾਂ ਬਣਾਕੇ ਢਹਿ ਢੇਰੀ ਕੀਤਾ ਤਾਂ ਮੁਸਲਿਮ ਆਗੂਆ ਨੇ ਇਸ ਵਿਰੁੱਧ ਉਸ ਜੋਰਦਾਰ ਢੰਗ ਨਾਲ ਆਵਾਜ ਨਹੀ ਚੁੱਕੀ ਜੋ ਕਿ ਉਨ੍ਹਾਂ ਦੇ ਇਸ ਵੱਡੇ ਸਥਾਨ ਲਈ ਹੋਣੀ ਚਾਹੀਦੀ ਸੀ । ਲੇਕਿਨ ਜਦੋ ਕਸਮੀਰ ਉਤੇ ਜਬਰੀ ਕਾਲੇ ਕਾਨੂੰਨ ਥੋਪ ਕੇ ਉਥੋ ਦੀ ਖੁਦਮੁਖਤਿਆਰੀ ਨੂੰ ਕੁੱਚਲਣ ਦੇ ਅਮਲ ਕੀਤੇ ਤਾਂ ਅੱਜ ਮੁਸਲਿਮ ਕੌਮ ਨਾਲ ਸੰਬੰਧਤ ਪੜ੍ਹੇ ਲਿਖੇ ਵਿਦਵਾਨ, ਡਾਕਟਰ, ਪ੍ਰੋਫੈਸਰਜ ਵੱਲੋ ਬੰਬ ਬਣਾਉਣ ਉਤੇ ਅਮਲ ਕਰਨ ਦੀਆਂ ਕਾਰਵਾਈਆ ਵਿਚ ਮਸਰੂਫ ਹਨ । ਉਹ ਅੱਜ ਅਜਿਹੀਆ ਵਾਰਦਾਤਾਂ ਕਿਉਂ ਕਰਨ ਲੱਗ ਪਏ ਹਨ? ਇਸਦੇ ਪਿੱਛੇ ਦੇ ਇਤਿਹਾਸਿਕ ਅਤੇ ਡੂੰਘੇ ਕਾਰਨਾਂ ਨੂੰ ਜਾਨਣ ਤੇ ਪਹਿਚਾਨਣ ਦੀ ਹੁਕਮਰਾਨਾਂ ਨੂੰ ਅੱਜ ਸਖਤ ਲੋੜ ਹੈ । ਜੇਕਰ ਹੁਕਮਰਾਨਾਂ ਨੇ ਇਸੇ ਤਰ੍ਹਾਂ ਪੰਜਾਬ, ਪੰਜਾਬੀਆਂ ਤੇ ਸਿੱਖ ਕੌਮ ਪ੍ਰਤੀ ਆਪਣੇ ਅਮਲਾਂ ਤੇ ਕਾਰਵਾਈਆ ਨੂੰ ਨਾ ਬਦਲਿਆ ਤਾਂ ਇਥੋ ਦੇ ਹਾਲਾਤਾਂ ਨੂੰ ਪਹਿਲੇ ਨਾਲੋ ਵੀ ਬਦਤਰ ਬਣਾਉਣ ਲਈ ਅਤੇ ਇਥੋ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਵੱਡਾ ਖਤਰਾ ਖੜ੍ਹਾ ਕਰਨ ਲਈ ਸ੍ਰੀ ਸ਼ਾਹ ਵਰਗੇ ਸਰਾਰਤੀ ਸੋਚ ਵਾਲੇ ਹੁਕਮਰਾਨ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ ਅਤੇ ਇਨ੍ਹਾਂ ਦੀ ਬਦਲ ਦੀ ਪ੍ਰਸਥਿਤੀ ਉਤੇ ਫਿਰ ਕਾਬੂ ਨਹੀ ਪਾ ਸਕਣਗੇ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੇ ਹੁਕਮਰਾਨਾਂ ਵੱਲੋ ਵਾਰ-ਵਾਰ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਵਾਲੇ ਅਮਲਾਂ ਨੂੰ ਪੰਜਾਬ ਵਿਚ ਤੇ ਸਿੱਖ ਕੌਮ ਤੇ ਲਾਗੂ ਕਰਨ ਦੀ ਬਦੌਲਤ ਦਿਨ-ਬ-ਦਿਨ ਇਸ ਸਰਹੱਦੀ ਸੂਬੇ ਅਤੇ ਇਥੋ ਦੇ ਨਿਵਾਸੀਆ ਦੀ ਅਣਖ-ਗੈਰਤ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆ ਉਤੇ ਆਪਣਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਸਾਡੇ ਸੂਬੇ ਤੇ ਕੌਮ ਪ੍ਰਤੀ ਪਾਲੀ ਜਾ ਰਹੀ ਨਫਰਤ ਨੂੰ ਸਦਾ ਲਈ ਅਲਵਿਦਾ ਕਹਿਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।