ਅੰਮ੍ਰਿਤਸਰ- ਲਾਹੌਰ 26 ਨਵੰਬਰ ਚਰਨਜੀਤ ਸਿੰਘ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਤੇ ਜਥੇ ਨਾਲ ਗਈ ਭਾਰਤੀ ਯਾਤਰੀ ਸਰਬਜੀਤ ਕੌਰ ਜਿਸ ਨੇ ਪਾਕਿਸਤਾਨ ਵਿਚ ਇਸਲਾਮ ਕਬੂਲ ਕਰਕੇ ਨਿਕਾਹ ਕਰਵਾ ਲਿਆ ਸੀ ਨੂੰ ਵਾਪਸ ਭਾਰਤ ਭੇਜਣ ਲਈ ਲਾਹੌਰ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਕਰਤਾ ਸ੍ਰ ਮੁਹਿੰਦਰਪਾਲ ਸਿੰਘ ਜੋ ਕਿ ਪਾਕਿਸਤਾਨੀ ਪੰਜਾਬ ਦੀ ਅਸੈਂਬਲੀ ਦੇ ਸਾਬਕਾ ਮੈਂਬਰ, ਸਾਬਕਾ ਸੰਸਦੀ ਸਕੱਤਰ ਮਨੁੱਖੀ ਅਧਿਕਾਰ, ਘੱਟ ਗਿਣਤੀਆਂ ਮੁਾਮਲਿਆਂ ਲਈ ਸਕੱਤਰ ਰਹਿ ਚੁੱਕੇ ਹਨ ਨੇ ਦਾਇਰ ਕੀਤੀ ਹੈ। ਪਟੀਸ਼ਨ ਵਿਚ ਉਨਾਂ ਫੈਡਰਲ ਸਰਕਾਰ, ਵਜ਼ਾਰਤ ਏ ਦਾਖਲਾ ਅਤੇ ਪੰਜਾਬ ਸਰਕਾਰ ਨੂੰ ਜਵਾਬਦੇਹ ਨਾਮਜ਼ਦ ਕੀਤਾ ਹੈ। ਸ੍ਰ ਮੁਹਿੰਦਰਪਾਲ ਸਿੰਘ ਨੇ ਕਿਹਾ ਕਿ ਇੱਕ ਭਾਰਤੀ ਯਾਤਰੀ ਨੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਹੈ। ਪਟੀਸ਼ਨ ਦੇ ਅਨੁਸਾਰ, ਸਰਬਜੀਤ ਕੌਰ, ਜੋ ਭਾਰਤੀ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ, 4 ਨਵੰਬਰ 2025 ਨੂੰ 10 ਦਿਨਾਂ ਦੇ ਸਿੰਗਲ ਐਂਟਰੀ ਧਾਰਮਿਕ ਵੀਜ਼ੇ ਤੇ ਪਾਕਿਸਤਾਨ ਦਾਖਲ ਹੋਈ ਸੀ। ਇਹ ਵੀਜ਼ਾ 13 ਨਵੰਬਰ ਤੱਕ ਹੀ ਜਾਰੀ ਕੀਤਾ ਗਿਆ ਸੀ। ਵੀਜਾ ਨਿਯਮਾਂ ਮੁਤਾਬਿਕ ਯਾਤਰੀ ਕੇਵਲ ਨਨਕਾਣਾ ਸਾਹਿਬ, ਲਾਹੌਰ, ਹਸਨਅਬਦਾਲ ਅਤੇ ਸ੍ਰੀ ਕਰਤਾਰਪੁਰ ਸਾਹਿਬ ਸਮੇਤ ਨਿਰਧਾਰਤ ਧਾਰਮਿਕ ਸਥਾਨਾਂ ਤੱਕ ਹੀ ਜਾ ਸਕਦੇ ਸਨ। ਉਨਾਂ ਪਟੀਸ਼ਨ ਵਿਚ ਕਿਹਾ ਕਿ ਉਕਤ ਮਹਿਲਾ ਨੇ ਪਾਕਿਸਤਾਨ ਆਉਣ ਤੋਂ ਬਾਅਦ ਆਪਣੇ ਨਿਸ਼ਚਿਤ ਯਾਤਰਾ ਰੂਟ ਅਤੇ ਵੀਜ਼ਾ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਅਤੇ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਪਾਕਿਸਤਾਨ ਵਿੱਚ ਰਹਿ ਰਹੀ ਹੈ, ਜੋ ਕਿ ਸਪੱਸ਼ਟ ਤੌਰ ੋਤੇ ਗੈਰ ਕਾਨੂੰਨੀ ਹੈ।ਉਨਾਂ ਪਟੀਸ਼ਨ ਵਿਚ ਅਗੇ ਕਿਹਾ ਕਿ ਸਰਬਜੀਤ ਕੌਰ ਭਾਰਤ ਦੇ ਸ਼ਹਿਰ ਬਠਿੰਡਾ ਅਤੇ ਕਪੂਰਥਲਾ ਵਿੱਚ ਧੋਖਾਧੜੀ ਅਤੇ ਫਰਾਡ ਦੇ ਕੇਸਾਂ ਦਾ ਸਾਮਣਾ ਕਰ ਰਹੀ ਹੈ। ਇਸ ਲਈ, ਉਸਨੂੰ ਵੀਜ਼ਾ ਜਾਰੀ ਹੋਣਾ, ਬਾਰਡਰ ਕਲੀਅਰੈਂਸ ਅਤੇ ਪਾਕਿਸਤਾਨ ਦੇ ਅੰਦਰ ਆਜ਼ਾਦੀ ਨਾਲ ਘੁੰਮਣ ਦੇ ਮਾਮਲੇ ਕਈ ਕਾਨੂੰਨੀ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਖੜ੍ਹੀਆਂ ਕਰਦੇ ਹਨ।ਮਹਿੰਦਰ ਪਾਲ ਸਿੰਘ ਨੇ ਅਦਾਲਤ ਤੋਂ ਮੰਗ ਕੀਤੀ ਕਿ ਸਰਬਜੀਤ ਕੌਰ ਨੂੰ ਗੈਰ ਕਾਨੂੰਨੀ ਵਿਦੇਸ਼ੀ ਘੋਸ਼ਿਤ ਕੀਤਾ ਜਾਵੇ। ਉਸਦੀ ਤੁਰੰਤ ਭਾਰਤ ਵਾਪਸ ਭੇਜਣ ਲਈ ਹੁਕਮ ਦਿੱਤਾ ਜਾਵੇ। ਇਸ ਗਲ ਦੀ ਵੀ ਜਾਂਚ ਕੀਤੀ ਜਾਵੇ ਕਿ ਬਿਨਾਂ ਪੂਰੀ ਪਿਛੋਕੜ ਜਾਂਚ ਤੋਂ ਵੀਜ਼ਾ ਕਿਵੇਂ ਜਾਰੀ ਕੀਤਾ ਗਿਆ। ਉਨਾਂ ਮੰਗ ਕੀਤੀ ਕਿ ਧਾਰਮਿਕ ਵੀਜ਼ਾ ਨਿਯਮਾਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਯਾਤਰੀਆਂ ਦੀ ਵਾਪਸੀ ਯਕੀਨੀ ਬਣਾਉਣ ਲਈ ਇਕ ਨਿਯਮ ਤਿਆਰ ਕੀਤੇ ਜਾਣ।