ਮੁੰਬਈ -ਹਿੰਦੀ ਅਤੇ ਮਰਾਠੀ ਫ਼ਿਲਮਾਂ ਦੀ ਮਸ਼ਹੂਰ ਸਟਾਰ ਕਿਸ਼ੋਰੀ ਸ਼ਾਹਾਣੇ ਵਿਜ਼ ਹਾਲ ਹੀ ਵਿੱਚ ਪਹਿਲੀ ਵਾਰ ਪੰਜਾਬ ਪੁੱਜੀ ਵੈੱਬ ਸੀਰੀਜ਼ “ਸਜਦਾ” ਦੀ ਸ਼ੂਟਿੰਗ ਲਈ। ਅਮ੍ਰਿਤਪ੍ਰੀਤ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਵੈੱਬ ਸੀਰੀਜ਼ ਪੰਚਕੂਲਾ ਨੇੜੇ ਇੱਕ ਸ਼ਾਨਦਾਰ ਫਾਰਮਹਾਊਸ ਵਿੱਚ ਫ਼ਿਲਮਾਈ ਜਾ ਰਹੀ ਹੈ, ਜਿੱਥੇ ਕਿਸ਼ੋਰੀ ਇੱਕ ਤਾਕਤਵਰ, ਅਮੀਰ, ਪ੍ਰਭਾਵਸ਼ਾਲੀ ਅਤੇ ਫਿਟਨੈੱਸ-ਫ੍ਰੀਕ ਔਰਤ ਦਾ ਪਾਤਰ ਨਿਭਾ ਰਹੀਆਂ ਹਨ — ਇੱਕ ਅਜਿਹੀ ਔਰਤ ਜੋ ਹਰ ਥਾਂ ਆਪਣੀ ਹੁਕੂਮਤ ਪਸੰਦ ਕਰਦੀ ਹੈ।
ਪੰਜਾਬ ਆਉਣ ਦਾ ਉਨ੍ਹਾਂ ਦਾ ਇਹ ਪਹਿਲਾ ਤਜਰਬਾ ਬਹੁਤ ਸੁਹਾਵਣਾ ਰਿਹਾ। ਮੁਸਕਰਾਉਂਦੀ ਹੋਈ ਉਹ ਕਹਿੰਦੀ ,
“ਜਦੋਂ ਮੈਨੂੰ ਦੱਸਿਆ ਗਿਆ ਕਿ ਇਹ ਰੋਮਾਂਟਿਕ–ਪਾਲਟੀਕਲ ਡਰਾਮਾ ਹੈ ਅਤੇ ਸ਼ੂਟਿੰਗ ਪੰਜਾਬ ਵਿੱਚ ਹੋਵੇਗੀ, ਮੈਂ ਤੁਰੰਤ ਹਾਂ ਕਰ ਦਿੱਤੀ। ਮੇਰੇ ਪਤੀ ਦੀਪਕ ਪੰਜਾਬ ਤੋਂ ਹਨ, ਉਨ੍ਹਾਂ ਤੋਂ ਪੰਜਾਬ ਅਤੇ ਪੰਜਾਬੀ ਸਭਿਆਚਾਰ ਬਾਰੇ ਬਹੁਤ ਕੁਝ ਸੁਣਿਆ ਸੀ। ਇੱਥੇ ਆ ਕੇ ਮਹਿਮਾਨਨਵਾਜ਼ੀ, ਰਵਾਇਤੀ ਰੰਗ ਤੇ ਪੰਜਾਬੀ ਖਾਣੇ ਨੇ ਦਿਲ ਜਿੱਤ ਲਿਆ। ਡਾਇਟ ਪਲਾਨ ਤਾਂ ਹੋ ਗਿਆ ਪਰੇ, ਪਰ ਦੇਸੀ ਪੰਜਾਬੀ ਖਾਣਾ ਖਾ ਕੇ ਵਾਹ–ਵਾਹ ਹੋ ਗਈ।”
ਕਿਸ਼ੋਰੀ ਦੇ ਕਰੀਅਰ ਦੀ ਅਗਲੀ ਵੱਡੀ ਐਂਟਰੀ ਵੀ ਤਿਆਰ ਹੈ — ਵੈੱਬ ਸੀਰੀਜ਼ “ਕਿੰਨੇ ਆਦਮੀ ਸਨ”। ਖ਼ਾਸ ਗੱਲ ਇਹ ਹੈ ਕਿ ਇਸਨੂੰ ਉਨ੍ਹਾਂ ਦੇ ਪਤੀ ਦੀਪਕ ਵਿਜ਼ ਹੀ ਪ੍ਰੋਡਿਊਸ ਅਤੇ ਡਾਇਰੈਕਟ ਕਰ ਰਹੇ ਹਨ। ਕਿਸ਼ੋਰੀ ਦੱਸਦੀ ਹੈ “ਇਹ ਇੱਕ ਰਸਟਿਕ, ਰਫ਼, ਪਿੰਡ ਦੀ ਪਿਠਭੂਮੀ ’ਤੇ ਆਧਾਰਿਤ ਡਰਾਮਾ ਹੈ ਜਿਸ ਵਿੱਚ ਕਾਮੇਡੀ ਦਾ ਵੀ ਮਜ਼ੇਦਾਰ ਤੜਕਾ ਹੈ। ਇਸ ਵਿੱਚ ਮੈਂ ਪਿੰਡ ਦੀ ਇੱਕ ਔਰਤ ਦਾ ਕਿਰਦਾਰ ਨਿਭਾ ਰਹੀ ਹਾਂ। ਸ਼ੂਟ 2026 ਦੀ ਸ਼ੁਰੂਆਤ ਵਿੱਚ ਸ਼ੁਰੂ ਹੋਵੇਗਾ। ਹੁਣ ਤੱਕ ਮੈਂ ਦੱਸ ਵੈੱਬ ਸੀਰੀਜ਼ਾਂ ਕੀਤੀਆਂ ਹਨ, ਪਰ ਕਹਿ ਸਕਦੀ ਹਾਂ ਕਿ ‘ਕਿੰਨੇ ਆਦਮੀ ਸਨ’ ਪੂਰਾ ਮਨੋਰੰਜਨ ਪੈਕੇਜ ਹੋਵੇਗੀ। ਬਸ ਇੰਤਜ਼ਾਰ ਕਰੋ।”