ਚੰਡੀਗੜ੍ਹ- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਇੱਕ ਉੱਚ ਪੱਧਰੀ ਵਫ਼ਦ ਦਸੰਬਰ ਦੇ ਪਹਿਲੇ ਹਫ਼ਤੇ ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਕਰੇਗਾ। ਇਹ ਦੌਰਾ 13 ਤੋਂ 15 ਮਾਰਚ 2026 ਨੂੰ ਆਈ.ਐਸ.ਬੀ. ਮੋਹਾਲੀ ਕੈਂਪਸ ਵਿਖੇ ਕਰਵਾਏ ਜਾਣ ਵਾਲੇ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਤੋਂ ਪਹਿਲਾਂ ਸੂਬਾ ਸਰਕਾਰ ਦੇ ਉੱਚ-ਪੱਧਰੀ ਅੰਤਰਰਾਸ਼ਟਰੀ ਆਊਟਰੀਚ ਮਿਸ਼ਨ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਦੀ ਅਗਵਾਈ ਵਾਲੇ ਇਸ ਵਫ਼ਦ ਵਿੱਚ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਦੇ ਮੰਤਰੀ ਸ੍ਰੀ ਸੰਜੀਵ ਅਰੋੜਾ, ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਇਨਵੈਸਟ ਪੰਜਾਬ ਟੀਮ ਸ਼ਾਮਲ ਹੋਵੇਗੀ। ਇਹ ਵਫ਼ਦ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ, ਗਲੋਬਲ ਕੰਪਨੀਆਂ ਨਾਲ ਗੱਲਬਾਤ ਕਰਨ ਅਤੇ ਅਗਾਮੀ ਸੰਮੇਲਨ ਲਈ ਨਿੱਜੀ ਤੌਰ ‘ਤੇ ਸੱਦਾ ਦੇਣ ਲਈ 2-3 ਦਸੰਬਰ ਨੂੰ ਟੋਕੀਓ, 4-5 ਦਸੰਬਰ ਨੂੰ ਓਸਾਕਾ ਅਤੇ 8-9 ਦਸੰਬਰ ਨੂੰ ਸਿਓਲ ਦਾ ਦੌਰਾ ਕਰੇਗਾ। ਇਹ ਦੌਰਾ, ਮੀਟਿੰਗਾਂ ਅਤੇ ਰੋਡ ਸ਼ੋਅ ਪ੍ਰੋਗਰਾਮ ਜਾਪਾਨ ਅਤੇ ਦੱਖਣੀ ਕੋਰੀਆ ਵਿੱਚ ਭਾਰਤੀ ਦੂਤਾਵਾਸ, ਵਿਦੇਸ਼ ਮੰਤਰਾਲੇ, ਡੀ.ਪੀ.ਆਈ.ਆਈ.ਟੀ. ਦੇ ਇਨਵੈਸਟ ਇੰਡੀਆ ਅਤੇ ਨਵੀਂ ਦਿੱਲੀ ਵਿੱਚ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੂਤਾਵਾਸਾਂ ਦੇ ਸਹਿਯੋਗ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੇ ਮਾਰਗਦਰਸ਼ਨ, ਸਹਿਯੋਗ ਅਤੇ ਭਾਈਵਾਲੀ ਨੇ ਆਊਟਰੀਚ ਏਜੰਡੇ ਨੂੰ ਅਮਲੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਦੌਰੇ ਦੌਰਾਨ, ਸੂਬੇ ਵੱਲੋਂ ਨਿਵੇਸ਼ ਪੱਖੋਂ ਪੰਜਾਬ ਨੂੰ ਉੱਤਰੀ ਭਾਰਤ ਦੇ ਪਸੰਦੀਦਾ ਸਥਾਨ ਵਜੋਂ ਦਰਸਾਇਆ ਜਾਵੇਗਾ ਅਤੇ ਸੂਬੇ ਦੀ ਰਣਨੀਤਕ ਸਥਿਤੀ, ਐਨ.ਸੀ.ਆਰ. ਅਤੇ ਪ੍ਰਮੁੱਖ ਬੰਦਰਗਾਹਾਂ ਨਾਲ ਨਿਰਵਿਘਨ ਸੰਪਰਕ, ਮਜ਼ਬੂਤ ਉਦਯੋਗਿਕ ਖੇਤਰ, ਨਿਰਵਿਘਨ ਬਿਜਲੀ ਸਪਲਾਈ, ਹੁਨਰਮੰਦ ਕਾਰਜਬਲ ਅਤੇ ਪ੍ਰਗਤੀਸ਼ੀਲ ਨੀਤੀਗਤ ਮਾਹੌਲ ‘ਤੇ ਚਾਨਣਾ ਪਾਇਆ ਜਾਵੇਗਾ। ਵਫ਼ਦ ਵੱਲੋਂ ਫਾਸਟਟ੍ਰੈਕ ਪੰਜਾਬ ਸਿੰਗਲ-ਵਿੰਡੋ ਸਿਸਟਮ ਸਮੇਤ ਸਰਕਾਰ ਵੱਲੋਂ ਉਦਯੋਗਾਂ ਨੂੰ ਦਿੱਤੀਆਂ ਜਾ ਰਹੀਆਂ 173 ਤੋਂ ਵੱਧ ਸੇਵਾਵਾਂ, ਆਟੋ-ਡੀਮਡ ਪ੍ਰਵਾਨਗੀਆਂ, ਪੈਨ-ਅਧਾਰਤ ਕਾਰੋਬਾਰੀ ਪਛਾਣਕਰਤਾ ਅਤੇ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਵਿੱਚ ਸੋਧਾਂ ਸਮੇਤ ਸੂਬੇ ਦੇ ਪ੍ਰਸ਼ਾਸਨਿਕ ਅਤੇ ਰੈਗੂਲੇਟਰੀ ਸੁਧਾਰਾਂ ਨੂੰ ਵੀ ਉਜਾਗਰ ਕੀਤਾ ਜਾਵੇਗਾ, ਜਿਸ ਨਾਲ ਸਮਾਂਬੱਧ ਢੰਗ ਨਾਲ ਸਿਧਾਂਤਕ ਪ੍ਰਵਾਨਗੀਆਂ ਨੂੰ ਯਕੀਨੀ ਬਣਾਇਆ ਗਿਆ ਹੈ। ਇਹ ਆਊਟਰੀਚ ਪ੍ਰੋਗਰਾਮ ਪੰਜਾਬ ਦੇ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਵੀ ਉਜਾਗਰ ਕਰੇਗਾ, ਜਿਸ ਵਿੱਚ ਪਲੱਗ-ਐਂਡ-ਪਲੇ ਪਾਰਕ ਅਤੇ ਰਾਜਪੁਰਾ ਵਿਖੇ ਤਿਆਰ ਕੀਤਾ ਜਾ ਰਿਹਾ ਏਕੀਕ੍ਰਿਤ ਨਿਰਮਾਣ ਕਲੱਸਟਰ (ਆਈ.ਐਮ.ਸੀ.) ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਜਾਵੇਗਾ ਕਿ ਇਨਵੈਸਟ ਪੰਜਾਬ ਰਾਹੀਂ ਸੂਬੇ ਨੂੰ 1.4 ਲੱਖ ਕਰੋੜ ਤੋਂ ਵੱਧ ਦੇ ਨਿਵੇਸ਼ ਪਹਿਲਾਂ ਹੀ ਪ੍ਰਾਪਤ ਹੋ ਚੁੱਕੇ ਹਨ।
ਇਸ ਦੌਰਾਨ, ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੀਤੀਗਤ ਸਥਿਰਤਾ, ਤੁਰੰਤ ਫੈਸਲੇ ਲੈਣ ਅਤੇ ਨਿਵੇਸ਼ਕਾਂ ਦੇ ਸਮੇਂ ਦੀ ਬਚਤ ਕਰਨ ਅਤੇ ਉਹਨਾਂ ਦੇ ਵਿਸ਼ਵਾਸ ਵਿੱਚ ਵਾਧਾ ਕਰਨ ਵਾਲੀ ਸ਼ਾਸਨ ਪ੍ਰਣਾਲੀ ਦੀ ਪੇਸ਼ਕਸ਼ ਕਰਕੇ ਪੰਜਾਬ ਨੂੰ ਵਿਸ਼ਵਵਿਆਪੀ ਉਦਯੋਗ ਲਈ ਇੱਕ ਪਸੰਦੀਦਾ ਸਥਾਨ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦ੍ਰਿਸ਼ਟੀਕੋਣ ਭਾਈਵਾਲੀ ਜ਼ਰੀਏ ਅਤੇ ਉਦਯੋਗਾਂ ਨਾਲ ਮਿਲ ਕੇ ਕੰਮ ਕਰਨ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝ ਕੇ ਅਤੇ ਇਹ ਯਕੀਨੀ ਬਣਾਉਣ 'ਤੇ ਅਧਾਰਤ ਹੈ ਕਿ ਸਰਕਾਰ ਵਿਕਾਸ ਲਈ ਅਹਿਮ ਭੂਮਿਕਾ ਨਿਭਾਵੇ। ਸ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵੱਲੋਂ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਆਪਣੀ ਉਦਯੋਗਿਕ ਸਮਰੱਥਾ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਜਿਸ ਸਦਕਾ ਨਿਵੇਸ਼ ਦੇ ਨਵੇਂ ਰਾਹ ਖੁੱਲ੍ਹ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਉਦਯੋਗਾਂ ਦਰਮਿਆਨ ਭਾਈਵਾਲੀ ਸਫ਼ਲਤਾ ਦੀ ਕੁੰਜੀ ਹੈ ਅਤੇ ਸੂਬਾ ਸਰਕਾਰ ਦਾ ਦ੍ਰਿੜ ਵਿਸ਼ਵਾਸ ਹੈ ਕਿ ਉਦਯੋਗਿਕ ਵਿਕਾਸ ਸਿਰਫ਼ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਸਰਕਾਰ ਅਤੇ ਉਦਯੋਗ ਬਰਾਬਰ ਭਾਈਵਾਲਾਂ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਿਧਾਂਤ ਉਦਯੋਗ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਸਾਲ 2022 ਵਿੱਚ ਉਦਯੋਗਪਤੀਆਂ ਅਤੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰਕੇ ਬਣਾਈ ਗਈ ਸਾਡੀ ਨਵੀਂ ਉਦਯੋਗਿਕ ਨੀਤੀ ਦਾ ਮਾਰਗਦਰਸ਼ਨ ਕਰਦਾ ਹੈ। ਸ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਨੇ ਖੇਤਰ ਅਧਾਰਿਤ ਨੀਤੀਆਂ ਤਿਆਰ ਕਰਨ ਲਈ ਉਦਯੋਗਪਤੀਆਂ ਦੀ ਪ੍ਰਧਾਨਗੀ ਹੇਠ 24 ਸੈਕਟਰਲ ਕਮੇਟੀਆਂ ਬਣਾਈਆਂ ਹਨ।
ਇਸ ਦੌਰੇ ਦੌਰਾਨ ਰੋਡ ਸ਼ੋਅ, ਵਪਾਰਕ ਮੀਟਿੰਗਾਂ ਅਤੇ ਪ੍ਰਮੁੱਖ ਗਲੋਬਲ ਕਾਰਪੋਰੇਸ਼ਨਾਂ ਅਤੇ ਕੰਪਨੀਆਂ ਨਾਲ ਗੱਲਬਾਤ ਦੀ ਇੱਕ ਲੜੀ ਰਾਹੀਂ ਵਫ਼ਦ ਦਾ ਉਦੇਸ਼ ਪੰਜਾਬ ਨੂੰ ਜਾਪਾਨੀ ਅਤੇ ਦੱਖਣੀ ਕੋਰੀਆਈ ਕੰਪਨੀਆਂ ਲਈ ਗਤੀਸ਼ੀਲਤਾ, ਇਲੈਕਟ੍ਰਾਨਿਕਸ, ਈ.ਐਸ.ਡੀ.ਐਮ., ਆਟੋ ਕੰਪੋਨੈਂਟਸ, ਫੂਡ ਪ੍ਰੋਸੈਸਿੰਗ, ਰਸਾਇਣ, ਗਰੀਨ ਊਰਜਾ, ਆਈ.ਟੀ., ਸੈਮੀਕੰਡਕਟਰ, ਟੈਕਸਟਾਈਲ ਅਤੇ ਉੱਨਤ ਨਿਰਮਾਣ ਪੱਖੋਂ ਆਕਰਸ਼ਕ ਸਥਾਨ ਵਜੋਂ ਪੇਸ਼ ਕਰਨਾ ਹੈ। ਜਾਪਾਨ ਅਤੇ ਦੱਖਣੀ ਕੋਰੀਆ ਵਿੱਚ ਭਾਰਤੀ ਮਿਸ਼ਨਾਂ ਅਤੇ ਭਾਈਵਾਲ ਸੰਸਥਾਵਾਂ ਦੋਵਾਂ ਦੇ ਸਹਿਯੋਗ ਨਾਲ ਉਲੀਕੇ ਗਏ ਇਹ ਸਮਾਗਮ ਡੂੰਘੇ ਆਰਥਿਕ ਸਬੰਧਾਂ, ਸਾਂਝੇ ਉੱਦਮਾਂ, ਤਕਨਾਲੋਜੀ ਦੇ ਆਦਾਨ-ਪ੍ਰਦਾਨ ਅਤੇ ਸਪਲਾਈ-ਚੇਨ ਨੂੰ ਸਮਰੱਥ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਵਫ਼ਦ ਵੱਲੋਂ ਟੋਕੀਓ, ਓਸਾਕਾ ਅਤੇ ਸਿਓਲ ਵਿੱਚ ਭਾਰਤੀ ਮੂਲ ਦੀ ਆਬਾਦੀ ਨਾਲ ਸੱਭਿਆਚਾਰਕ ਅਤੇ ਭਾਈਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਵੀ ਕੀਤੀ ਜਾਵੇਗੀ।
ਨਿਵੇਸ਼ਕ ਸੰਮੇਲਨ ਸਬੰਧੀ ਆਪਣੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਆਊਟਰੀਚ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਨਵੀਂ ਦਿੱਲੀ ਵਿੱਚ ਜਾਪਾਨ-ਪੰਜਾਬ ਨਿਵੇਸ਼ ਗੋਲਮੇਜ਼, ਜੀ.ਸੀ.ਸੀ. ਗੋਲਮੇਜ਼ ਅਤੇ ਸੀ.ਆਈ.ਐਸ. ਗੋਲਮੇਜ਼ ਸਮੇਤ ਮੁੱਖ ਸਮਾਗਮ ਕਰਵਾਏ ਗਏ, ਜਿਸ ਦੌਰਾਨ ਵਿਸ਼ਵਵਿਆਪੀ ਉਦਯੋਗਾਂ ਅਤੇ ਡਿਪਲੋਮੈਟਾਂ ਨੇ ਗਹਿਰੀ ਦਿਲਚਸਪੀ ਦਿਖਾਈ ਹੈ। ਇਸ ਤੋਂ ਇਲਾਵਾ, ਪੰਜਾਬ ਨੇ ਗੁਰੂਗ੍ਰਾਮ, ਦਿੱਲੀ, ਬੰਗਲੁਰੂ, ਹੈਦਰਾਬਾਦ ਅਤੇ ਚੇਨਈ ਵਰਗੇ ਪ੍ਰਮੁੱਖ ਭਾਰਤੀ ਸ਼ਹਿਰਾਂ ਵਿੱਚ ਘਰੇਲੂ ਰੋਡ ਸ਼ੋਅ ਕਰਵਾਏ, ਜਿਸ ਵਿੱਚ ਵੱਡੇ ਕਾਰਪੋਰੇਟ, ਐਮ.ਐਸ.ਐਮ.ਈ. ਅਤੇ ਸੈਕਟਰਲ ਸੰਸਥਾਵਾਂ ਨਾਲ ਸੂਬੇ ਦੇ ਦ੍ਰਿਸ਼ਟੀਕੋਣ, ਨਿਵੇਸ਼ ਲਈ ਤਿਆਰ ਮੌਕਿਆਂ ਅਤੇ 2026 ਸੰਮੇਲਨ ਲਈ ਮੁੱਖ ਅਕਰਸ਼ਨਾਂ ਨੂੰ ਸਾਂਝਾ ਕੀਤਾ ਗਿਆ।
ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ, "ਇਹ ਨਵੇਂ ਆਰਥਿਕ ਸਬੰਧ ਬਣਾਉਣ, ਮੌਜੂਦਾ ਵਿਦੇਸ਼ੀ ਉਦਯੋਗਾਂ ਲਈ ਦੇਖਭਾਲ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਨੂੰ ਨਿਵੇਸ਼ ਪੱਖੋਂ ਪਸੰਦੀਦਾ ਸਥਾਨ ਬਣਾਉਣ ਅਤੇ ਅੰਤਰਰਾਸ਼ਟਰੀ ਵਪਾਰ ਦੇ ਕੇਂਦਰ ਵਜੋਂ ਵਿਕਸਤ ਕਰਨ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਹੈ।" ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਕਿਹਾ, "ਅਜਿਹੀਆਂ ਪਹਿਲਕਦਮੀਆਂ ਸਾਡੀਆਂ ਸਫਲਤਾ ਦੀਆਂ ਕਹਾਣੀਆਂ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਕੇ ਉੱਤਰੀ ਭਾਰਤ ਵਿੱਚ ਪੰਜਾਬ ਦੀ ਵਿਲੱਖਣ ਪਛਾਣ ਬਣਾਉਣ ਵਿੱਚ ਮਦਦ ਕਰਦੀਆਂ ਹਨ, ਕਿਉਂਕਿ ਅਸੀਂ ਸੰਭਾਵੀ ਨਿਵੇਸ਼ਕਾਂ ਅਤੇ ਭਾਈਵਾਲਾਂ ਨੂੰ 2035 ਤੱਕ ਪੰਜਾਬ ਦੀ ਵਿਕਾਸ ਕਹਾਣੀ ਦਾ ਹਿੱਸਾ ਬਣਨ ਲਈ ਸੱਦਾ ਦੇ ਰਹੇ ਹਾਂ।"
ਇਹ ਦੌਰੇ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਭਾਈਵਾਲੀ ਨੂੰ ਵਧਾਉਣ, ਸਾਂਝੇ ਉੱਦਮਾਂ, ਤਕਨਾਲੋਜੀ ਦੇ ਅਦਾਨ-ਪ੍ਰਦਾਨ ਅਤੇ ਖੋਜ-ਅਧਾਰਤ ਸਹਿਯੋਗ ਲਈ ਨਵੇਂ ਰਾਹ ਲੱਭਣ ਅਤੇ ਵਿਸ਼ਵ ਪੱਧਰ ਦੇ ਉਦਯੋਗਪਤੀਆਂ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਭਾਈਵਾਲ ਦੇਸ਼ਾਂ, ਪ੍ਰਦਰਸ਼ਕਾਂ ਅਤੇ ਗਿਆਨ ਪ੍ਰਦਾਨ ਕਰਨ ਵਾਲਿਆਂ ਵਜੋਂ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਕੀਤਾ ਜਾ ਰਿਹਾ ਹੈ। ਇਨਵੈਸਟ ਪੰਜਾਬ ਨੇ ਆਸ ਪ੍ਰਗਟਾਈ ਕਿ ਇਹ ਮਿਸ਼ਨ ਪੰਜਾਬ ਦੀ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਵਿੱਚ ਹੋਰ ਵਾਧਾ ਕਰੇਗਾ ਅਤੇ ਜਾਪਾਨ, ਦੱਖਣੀ ਕੋਰੀਆ ਅਤੇ ਵਿਸ਼ਵ ਦੇ ਬਾਜ਼ਾਰਾਂ ਤੋਂ ਮਿਆਰੀ, ਲੰਬੇ ਸਮੇਂ ਦੇ ਨਿਵੇਸ਼ਾਂ ਦਾ ਸਵਾਗਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ।