ਅੰਮ੍ਰਿਤਸਰ -ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਉਹ ਕਰੀਬ ਇਕ ਘੰਟਾ ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਰਹੇ ਤੇ ਉਨ੍ਹਾਂ ਗੁਰਬਾਣੀ ਦਾ ਕੀਰਤਨ ਵੀ ਸਰਵਨ ਕੀਤਾ। ਹਰ ਵਾਰ ਦੀ ਤਰਾਂ ਬਾਬਾ ਢਿਲੋ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।ਪ੍ਰਿੰਟ ਮੀਡੀਆ ਦੇ ਚੋਣਵੇ ਪੱਤਰਕਾਰਾਂ ਨਾਲ ਗੈਰ ਰਸਮੀ ਗਲ ਕਰਦਿਆਂ ਡੇਰਾ ਬਿਆਸ ਮੁੱਖੀ ਬਾਬਾ ਢਿਲੋ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਦਾ ਦੇਣ ਪੂਰਾ ਹਿੰਦੋਸਤਾਨ ਨਹੀ ਦੇ ਸਕਦਾ। ਉਨਾਂ ਕਿਹਾ ਕਿ ਹਾਲ ਵਿਚ ਹੀ ਅਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸਮਾਗਮ ਮਨਾ ਕੇ ਹਟੇ ਹਾਂ। ਪੂਰੇ ਹਿੰਦੋਸਤਾਨ ਵਿਚ ਇਹ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਕਰਕੇ ਹੀ ਹਿੰਦੋਸਤਾਨ ਵਿਚ ਸਨਾਤਨ ਕਾਇਮ ਹੈ।ਜ਼ਿਕਰਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਿਛਲੇ ਛੇ ਮਹੀਨਿਆਂ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੀ ਇਹ ਦੂਜੀ ਫੇਰੀ ਹੈ। ਉਨ੍ਹਾਂ ਦੇ ਆਉਣ ਦਾ ਪਤਾ ਲਗਦੇ ਸਾਰ ਹੀ ਸ੍ਰੀ ਦਰਬਾਰ ਸਾਹਿਬ ਪਲਾਜਾ ਵਿਚ ਸਵੇਰ ਤੋਂ ਹੀ ਉਨਾਂ ਦੇ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੋ ਗਈ।