ਅਮ੍ਰਿਤਸਰ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਉਸਦੇ ਆਗੂ ਰਾਣਾ ਗੁਰਮੀਤ ਸਿੰਘ ਸੋਢੀ 'ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਧਾਲੀਵਾਲ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਏ ਸਾਬਕਾ ਕਾਂਗਰਸੀਆਂ, ਜੋ ਹੁਣ 'ਭਾਜਪਾ ਦਾ ਕਾਂਗਰਸੀ ਵਿੰਗ' ਹਨ, ਦਾ ਚਿਹਰਾ ਇੱਕ-ਇੱਕ ਕਰਕੇ ਬੇਨਕਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿੰਗ ਦਾ ਭਾਜਪਾ ਵੱਲ ਝੁਕਾਅ ਹੋਣਾ ਸੁਭਾਵਿਕ ਹੈ ਕਿਉਂਕਿ ਦੋਵਾਂ ਦੀ ਪੰਜਾਬ ਪ੍ਰਤੀ ਨਫ਼ਰਤ ਵਾਲੀ ਮਾਨਸਿਕਤਾ ਅਤੇ ਸੋਚ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ।
'ਆਪ' ਆਗੂ ਨੇ ਕਿਹਾ ਕਿ ਭਾਜਪਾ ਦੇ ਇਸੇ ਕਾਂਗਰਸੀ ਵਿੰਗ ਦੇ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਗੰਗ ਨਹਿਰ ਦੇ 100 ਸਾਲ ਪੂਰੇ ਹੋਣ 'ਤੇ ਜਸ਼ਨ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਸੀ, ਜਿੱਥੇ ਭਾਜਪਾ ਦੇ ਕੇਂਦਰੀ ਮੰਤਰੀ ਵੀ ਹੁੰਮ-ਹੁੰਮਾ ਕੇ ਪਹੁੰਚ ਰਹੇ ਸਨ। ਧਾਲੀਵਾਲ ਨੇ ਇਤਿਹਾਸ ਦੇ ਪੰਨੇ ਫਰੋਲਦਿਆਂ ਕਿਹਾ ਕਿ ਗੰਗ ਨਹਿਰ ਦਾ ਇਤਿਹਾਸ ਜਗ-ਜ਼ਾਹਿਰ ਹੈ। ਇਹ ਨਹਿਰ ਉਸ ਸਮੇਂ ਦੇ ਬੀਕਾਨੇਰ ਦੇ ਰਾਜਾ ਗੰਗਾ ਸਿੰਘ ਨੂੰ ਦੇਸ਼ ਦੀ ਪਿੱਠ ਵਿੱਚ ਛੁਰਾ ਮਾਰਨ ਅਤੇ ਅੰਗਰੇਜ਼ਾਂ ਦੀ ਚਾਪਲੂਸੀ ਕਰਨ ਬਦਲੇ ਇਨਾਮ ਵਜੋਂ ਦਿੱਤੀ ਗਈ ਸੀ। ਅੰਗਰੇਜ਼ਾਂ ਨੇ ਪੰਜਾਬ ਦੇ ਫਿਰੋਜ਼ਪੁਰ ਨੇੜੇ ਸਤਲੁਜ ਦਰਿਆ ਵਿੱਚੋਂ ਇਹ ਨਹਿਰ ਕੱਢ ਕੇ ਰਾਜਸਥਾਨ ਨੂੰ ਤੋਹਫੇ ਵਜੋਂ ਦਿੱਤੀ ਸੀ, ਜੋ ਪੰਜਾਬ ਦੇ ਹੱਕਾਂ 'ਤੇ ਸ਼ਰੇਆਮ ਡਾਕਾ ਸੀ।
ਧਾਲੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਦਾ ਇਹ ਕਾਂਗਰਸੀ ਵਿੰਗ ਕਈ ਦਹਾਕਿਆਂ ਤੋਂ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ 'ਤੇ ਡਾਕਾ ਮਾਰਨ ਦਾ ਕੰਮ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ 5 ਦਸੰਬਰ ਨੂੰ, ਜਦੋਂ 1925 ਵਿੱਚ ਸ਼ੁਰੂ ਹੋਈ ਇਸ ਨਹਿਰ ਨੂੰ 100 ਸਾਲ ਪੂਰੇ ਹੋਏ ਹਨ, ਤਾਂ ਇਸ ਲੁੱਟ ਦਾ ਜਸ਼ਨ ਮਨਾ ਕੇ ਇਨ੍ਹਾਂ ਨੇ ਪੰਜਾਬੀਆਂ ਦੇ ਪੁਰਾਣੇ ਜ਼ਖਮਾਂ 'ਤੇ ਇੱਕ ਵਾਰ ਫਿਰ ਲੂਣ ਛਿੜਕਣ ਦਾ ਘਿਨੌਣਾ ਕੰਮ ਕੀਤਾ ਹੈ। ਇਹ ਸਾਬਤ ਕਰਦਾ ਹੈ ਕਿ ਇਨ੍ਹਾਂ ਆਗੂਆਂ ਦੇ ਦਿਲ ਵਿੱਚ ਪੰਜਾਬ ਲਈ ਕੋਈ ਦਰਦ ਨਹੀਂ ਹੈ।
ਕੁਲਦੀਪ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਪੁੱਤਰ ਅਤੇ ਹੱਕਾਂ ਦਾ ਰਾਖਾ ਭਗਵੰਤ ਮਾਨ ਐਸ.ਵਾਈ.ਐਲ ਅਤੇ ਬੀਬੀਐਮਬੀ ਵਰਗੇ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਸਿੱਧੀ ਟੱਕਰ ਲੈ ਰਿਹਾ ਹੈ ਅਤੇ ਸੁਪਰੀਮ ਕੋਰਟ ਵਿੱਚ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖ ਰਿਹਾ ਹੈ। ਦੂਜੇ ਪਾਸੇ, ਭਾਜਪਾ ਦਾ ਇਹ ਕਾਂਗਰਸੀ ਵਿੰਗ ਪੰਜਾਬ ਨਾਲ ਹੋਏ ਧੱਕੇ ਅਤੇ ਪਾਣੀਆਂ ਦੀ ਲੁੱਟ ਦੇ ਜਸ਼ਨ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਗੱਦਾਰਾਂ ਨੂੰ ਕਦੇ ਮੁਆਫ ਨਹੀਂ ਕਰਨਗੇ।