ਮੁਹਾਲੀ-ਸਿਵਲ ਹਸਪਤਾਲ ਮੁਹਾਲੀ ਵਿਖੇ ਬੱਚਿਆਂ ਦੇ ਮਾਹਿਰ ਡਾਕਟਰ ਸੰਜਨਾ ਸਹੋਲੀ ਨੂੰ ਨਵੀਂ ਦਿੱਲੀ ਸਥਿਤ ਇੰਡੀਆ ਹੈਬੀਟੈਟ ਸੈਂਟਰ ਵਿਖੇ ਹੋਈ ਪਾਇਨੀਅਰ ਆਫ਼ ਮੈਡੀਕਲ ਸਾਇੰਸਿਜ਼ ਕਨਕਲੇਵ ਦੌਰਾਨ ਬੱਚਿਆਂ ਦੇ ਰੋਗਾਂ ਅਤੇ ਕਮਿਊਨਟੀ ਸਿਹਤ ਸੇਵਾਵਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਸਦਕਾ ਪਾਇਨੀਅਰ ਆਫ਼ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਢਾ ਵੱਲੋਂ ਦਿੱਤਾ ਗਿਆ।
ਐਸਆਰਐਮ ਫਾਊਂਡੇਸ਼ਨ ਅਤੇ ਸਰਵ ਕਲਿਆਣਕਾਰੀ ਟਰੱਸਟ ਵੱਲੋਂ ਸਾਂਝੇ ਤੌਰ ਉਤੇ ਕਰਵਾਈ ਇਸ ਰਾਸ਼ਟਰੀ ਕਨਕਲੇਵ ਦੌਰਾਨ ਦੇਸ਼ ਭਰ ਦੇ ਮਾਹਰਾਂ, ਨੀਤੀ ਘਾੜਿਆਂ ਅਤੇ ਮੈਡੀਕਲ ਪੇਸ਼ੇਵਰਾਂ ਨੇ ਸ਼ਿਰਕਤ ਕੀਤੀ।
ਡਾ ਸੰਜਨਾ ਸਹੋਲੀ ਮੁਕਤਸਰ ਜ਼ਿਲੇ ਦੇ ਕਸਬਾ ਮਲੋਟ ਦੀ ਜੰਮਪਲ ਹੈ ਅਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ਵਿਖੇ ਵਿਆਹੇ ਹਨ। ਉਨ੍ਹਾਂ ਇਸ ਸਨਮਾਨ ਮਿਲਣ ਉੱਤੇ ਮੇਜ਼ਬਾਨ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਨਾਲ ਉਨ੍ਹਾਂ ਨੂੰ ਆਪਣੀ ਡਿਊਟੀ ਹੋਰ ਤਨਦੇਹੀ ਨਾਲ ਨਿਭਾਉਣ ਅਤੇ ਲੋਕਾਂ ਦੀ ਸੇਵਾ ਕਰਨ ਦੀ ਪ੍ਰੇਰਨਾ ਮਿਲੇਗੀ।