ਅੰਮ੍ਰਿਤਸਰ - ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲ ਇਕ ਪੱਤਰ ਭੇਜ਼ ਕੇ ਕਿਹਾ ਹੈ ਕਿ ਆਪ ਵੱਲੋਂ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਦਾ ਨਾਮ ਵੀਰ ਬਾਲ ਦਿਵਸ ਦੀ ਬਜਾਏ ਸਹਿਬਜ਼ਾਦੇ ਸ਼ਹਾਦਤ ਦਿਵਸ ਕਰਵਾਉਣ ਲਈ -ਲਈ ਦੇਸ ਦੀ ਪਾਰਲੀਮੈਂਟ ਵਿੱਚ ਅਵਾਜ ਉਠਾਉਣ ਲਈ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਲਿਖੀ ਗਈ ਚਿੱਠੀ ਨੇ ਮੇਰੇ ਅੰਦਰ ਕਈ ਤਰਾਂ ਦੇ ਸਵਾਲ ਅਤੇ ਉਬਾਲ ਪੈਦਾ ਕੀਤੇ ਹੋਏ ਹਨ।ਪੱਤਰ ਵਿਚ ਭਾਈ ਰਾਜੋਆਣਾ ਨੇ ਲਿਿਖਆ ਕਿ ਸਿੰਘ ਸਾਹਿਬ ਜੀ ਮੈਂ ਆਪ ਜੀ ਨੂੰ ਬਹੁਤ ਹੀ ਸਤਿਕਾਰ ਨਾਲ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਵਾਜ਼ ਇਨੀ ਕਮਜੋਰ ਅਤੇ ਬੇਵੱਸ ਹੋ ਗਈ ਹੈ ਕਿ ਜਿਹੜੀ ਦੇਸ਼ ਦੀ ਸੰਸਦ ਅਤੇ ਹੁਕਮਰਾਨਾਂ ਤੱਕ ਦੀ ਨਹੀਂ ਪਹੁੰਚਦੀ । ਅਗਰ ਕੋਈ ਸੰਸਦ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ ਕਿਸੇ ਕਾਰਜ ਲਈ ਅਗਵਾਈ ਦੀ ਬੇਨਤੀ ਕਰਦਾ ਹੈ ਤਾਂ ਗੱਲ ਸਮਝ ਆਉਂਦੀ ਹੈ, ਪਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋ ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਦੇ ਸਾਹਿਬਜਾਦਿਆਂ ਦੀ ਸਹਾਦਤ ਨਾਲ ਸਬੰਧਤ ਮਾਮਲੇ ਵਿੱਚ ਦੀ ਸੰਸਦ ਵਿੱਚ ਅਵਾਜ ਉਠਾਉਣ ਲਈ ਕਹਿਣਾ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਹਿਮੀਅਤ ਨੂੰ ਘਟਾਉਣ ਵਾਲਾ ਅਤੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਕਾਰਜ ਹੈ। ਜਿਹੜੇ ਸੰਸਦ ਮੈਂਬਰਾਂ ਨੂੰ ਤੁਸੀਂ ਚਿੱਠੀ ਲਿਖੀ ਹੈ ਉਸ ਵਿੱਚ ਸੱਤ ਮੈਂਬਰ ਉਸ ਕਾਂਗਰਸ ਪਾਰਟੀ ਦੇ ਹਨ ਜਿਸ ਕਾਂਗਰਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕੀਤਾ, ਹਜਾਰਾ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ, ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਕੋਹ ਕੋਹ ਕੇ ਮਾਰਿਆ ਅਤੇ ਪੰਜਾਬ ਦੀ ਧਰਤੀ ਤੇ 25000 ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ। ਇਨੇ ਜੁਲਮ ਸਿੱਖਾਂ ਤੇ ਕਰਨ ਵਾਲੀ ਕਾਂਗਰਸ ਪਾਰਟੀ ਦੇ ਖਿਲਾਫ਼ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਹੁਕਮਨਾਮਾਂ ਜਾਰੀ ਹੋਣਾ ਚਾਹੀਦਾ ਸੀ, ਪਰ ਤੁਹਾਡੇ ਵੱਲੋ ਉਸ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਤੋਂ ਪੰਥਕ ਕਾਰਜ ਲਈ ਮੱਦਦ ਮੰਗਣਾ ਇੰਨਾ ਕਾਂਗਰਸੀ ਹੁਕਮਰਾਨਾਂ ਦੇ ਜੁਲਮਾਂ ਦਾ ਸ਼ਿਕਾਰ ਹੋਏ ਪੀੜਤਾਂ ਤੇ ਜਖਮਾਂ ਤੇ ਲੂਣ ਛਿੜਕਣ ਅਤੇ ਵਿਧਵਾ ਕਲੋਲੀ ਵਿੱਚ ਰਹਿੰਦੀਆਂ ਵਿਧਵਾਵਾਂ ਦੇ ਜਖਮਾਂ ਤੇ ਲੂਣ ਛਿੜਕਣਾ ਹੈ। ਤੁਹਾਡੇ ਵੱਲੋਂ ਲਿਖੀ ਗਈ ਇਹ ਚਿੱਠੀ ਉਨਾਂ ਸ਼ਹੀਦਾਂ ਦਾ ਵੀ ਅਪਮਾਨ ਹੈ ਜਿਹੜੇ ਇੰਨਾਂ ਦੇ ਜੁਲਮਾਂ ਦੇ ਖਿਲਾਫ ਲੜਦੇ ਹੋਏ, ਜੁਝਦੇ ਹੋਏ ਸ਼ਹੀਦ ਹੋ ਗਏ। ਇੰਨਾਂ ਕਾਂਗਰਸੀ ਹੁਕਮਰਾਨਾਂ ਦੇ ਵੱਲੋਂ ਕੀਤੇ ਗਏ ਜੁਲਮਾਂ ਦੇ ਖਿਲਾਫ ਕੀਤੇ ਗਏ ਸੰਘਰਸ਼ ਦੇ ਕਾਰਣ ਹੀ ਅਸੀ 30 ਸਾਲਾਂ ਤੋਂ ਜੇਲ ਵਿੱਚ ਅਤੇ ਪਿਛਲੇ 19 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੈਠੇ ਆਪਣੇ ਹੋਣ ਵਾਲੇ ਫੈਸਲਾ ਦਾ ਇੰਤਜ਼ਾਰ ਕਰ ਰਹੇ ਹਾਂ। ਭਾਈ ਰਾਜੋਆਣਾ ਨੇ ਲਿਿਖਆ ਕਿ ਸਿੰਘ ਸਾਹਿਬ ਜੀ, ਤੁਸੀਂ ਜੁਲਮ ਦੇ ਖਿਲਾਫ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਦੇ ਨਾਮ ਨੂੰ ਬਦਲਾਉਣ ਦੇ ਲਈ ਸਿੱਖਾਂ ਤੇ ਜੁਲਮ ਕਰਨ ਵਾਲੀਆਂ ਤਾਕਤਾਂ ਤੋਂ ਹੀ ਮੱਦਦ ਮੰਗ ਰਹੇ ਹੋ। ਤੁਹਾਡੀ ਇਹ ਚਿੱਠੀ ਬੜੇ ਸਲੀਕੇ ਨਾਲ ਸੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਵਾਲੀਆਂ ਤਾਕਤਾਂ ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਦੇ ਸੇਵਕ ਹੋਣ ਦਾ ਸਕਟੀਫੀਕੇਟ ਦੇਣ ਦੀ ਇੱਕ ਕੋਸ਼ਿਸ਼ ਹੈ। ਤੁਹਾਡੀ ਇਸ ਚਿੱਠੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਦੇ ਇੱਕ ਕਾਲੇ ਅਤੇ ਕਲੰਕਤ ਦਸਤਾਵੇਜ ਦੇ ਤੌਰ ਤੇ ਹੀ ਜਾਣਿਆਂ ਜਾਵੇਗਾ। ਭਾਈ ਰਾਜੋਆਣਾ ਨੇ ਲਿਿਖਆ ਕਿ ਸਿੰਘ ਸਾਹਿਬ ਜੀ, ਇਹ ਸ੍ਰੀ ਅਕਾਲ ਤਖ਼ਤ ਸਾਹਿਬ ਅਕਾਲ- ਪੁਰਖ ਦਾ ਤਖ਼ਤ ਹੈ। ਇਸ ਦੀ ਅਵਾਜ ਦੇਸ਼ ਦੀ ਸੰਸਦ ਜਾਂ ਹੁਕਮਰਾਨ ਤਾਂ ਕੀ ਪੂਰੀ ਦੁਨੀਆਂ ਵਿੱਚ ਗੂੰਜਦੀ ਹੈ। ਆਪਣੀਆਂ ਮਜਬੂਰੀਆਂ, ਕਮਜ਼ੋਰੀਆਂ ਅਤੇ ਨਿੱਜੀ ਹਿੱਤਾਂ ਲਈ ਇਸ ਗੂੰਜਦੀ ਅਵਾਜ ਨੂੰ ਕਮਜ਼ੋਰ ਅਤੇ ਬੇਵੱਸ ਨਾ ਬਣਾਓ।ਅਗਰ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਦਿਵਸ ਨੂੰ ਕੇਂਦਰ ਸਰਕਾਰ ਵੱਲੋਂ ਵੀਰ ਬਾਲ ਦਿਵਸ ਦੇ ਤੌਰ ਤੇ ਮਨਾਉਣ ਨਾਲ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਖਾਲਸਾ ਪੰਥ ਨੂੰ ਇਸ ਨਾਮ ਤੇ ਕੋਈ ਇਤਰਾਜ਼ ਹੈ। ਦੇਸ਼ ਦੇ ਹੁਕਮਰਾਨ ਤੁਹਾਡੇ ਵੱਲੋਂ ਭੇਜੇ ਹੋਏ ਸੁਝਾਅਵਾਂ ਤੇ ਗੌਰ ਨਹੀਂ ਕਰ ਰਹੇ ਤਾਂ ਤੁਸੀਂ ਖਾਲਸਾ ਪੰਥ ਲਈ ਇਹ ਆਦੇਸ਼ ਜਾਰੀ ਕਰੋ ਕਿ ਖਾਲਸਾ ਪੰਥ ਕੇਂਦਰ ਸਰਕਾਰ ਵੱਲੋਂ ਵੀਰ ਬਾਲ ਦਿਵਸ ਦੇ ਨਾਮ ਤੇ ਕੀਤੇ ਜਾ ਰਹੇ ਕਿਸੇ ਵੀ ਸਮਾਗਮ ਵਿੱਚ ਸ਼ਾਮਿਲ ਨਾ ਹੋਏ। ਇੰਨਾਂ ਹੁਕਮਰਾਨਾਂ ਨਾਲ ਉਨਾਂ ਚਿਰ ਕੋਈ ਸਬੰਧ ਨਾ ਰੱਖਿਆ ਜਾਵੇ ਅਤੇ ਨਾ ਹੀ ਇੰਨਾਂ ਨੂੰ ਕਿਸੇ ਵੀ ਤਰਾਂ ਦਾ ਸਹਿਯੋਗ ਦਿੱਤਾ ਜਾਵੇ ਜਦੋਂ ਤੱਕ ਇਹ ਹਕਅਰਾਨ ਖਾਲਸਾ ਪੰਥ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸਹਿਬਜਾਦਿਆਂ ਦੇ ਸ਼ਹਾਦਤ ਦਿਵਸ ਦਾ ਨਾਮ ਵੀਰ ਬਾਲ ਦਿਵਸ ਦੀ ਜਗ੍ਹਾ ਸਹਿਬਜ਼ਾਦੇ ਸ਼ਹਾਦਤ ਦਿਵਸ ਨਹੀਂ ਕਰ ਲੈਦੇ । ਇਸ ਆਦੇਸ਼ ਦੀ ਗੂੰਜ ਸੰਸਦ ਜਾ ਹੁਕਮਰਾਨ ਤਾਂ ਕੀ ਪੂਰੀ ਦੁਨੀਆਂ ਵਿੱਚ ਸੁਣਾਈ ਦੇਵੇਗੀ। ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਸੇ ਦੁਨੀਆਵੀ ਸਿਆਸਤਦਾਨਾਂ ਜਾ ਜੁਲਮ ਢਾਹੁਣ ਵਾਲੀਆ ਤਾਕਤਾਂ ਦੀ ਕਿਸੇ ਮੱਦਦ ਦੀ ਕੋਈ ਲੋੜ ਨਹੀਂ ਹੈ। ਸੰਸਥਾਵਾਂ ਮਹਾਨ ਉਥੋ ਲਏ ਗਏ ਫੈਸਲਿਆਂ ਦੇ ਕਾਰਣ ਹੁੰਦੀਆਂ ਹਨ। ਐਵੇਂ ਦੂਜਿਆਂ ਦੇ ਮੋਢਿਆਂ ਤੇ ਰੱਖ ਕੇ ਤੀਰ ਚਲਾਉਣ ਦੀ ਬਜਾਏ ਤੁਹਾਨੂੰ ਖੁਦ ਨੂੰ ਇਸ ਕਾਰਜ ਦੀ ਅਗਵਾਈ ਕਰਨੀ ਚਾਹੀਦੀ ਹੈ।