ਨਵੀਂ ਦਿੱਲੀ- ਸਿੱਖ ਯੂਥ ਫਾਊਂਡੇਸ਼ਨ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵੱਲੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜਾਗਰੂਕਤਾ ਮਾਰਚ ਦਿੱਲੀ ਦੇ ਰਾਜੌਰੀ ਗਾਰਡਨ ਵਿੱਚ ਕੱਢਿਆ ਗਿਆ। ਇਹ ਮਾਰਚ ਰਾਜੌਰੀ ਗਾਰਡਨ ਮਾਰਕੀਟ ਦੀ ਸ਼ੁਰੂਆਤ ਤੋਂ ਲੈ ਕੇ ਮਾਰਕੀਟ ਦੇ ਅੰਤ ਤੱਕ ਪਹੁੰਚਿਆ।
ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ, ਸਿੱਖ ਯੂਥ ਫਾਊਂਡੇਸ਼ਨ ਦੇ ਹਰਨੀਕ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਹਾਜ਼ਰੀ ਭਰੀ ਅਤੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਸਰਦਾਰ ਹਰਮਨਜੀਤ ਸਿੰਘ ਨੇ ਕਿਹਾ ਕਿ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਕੋਈ ਦੂਜੀ ਮਿਸਾਲ ਨਹੀਂ ਮਿਲਦੀ, ਪਰ ਅਫ਼ਸੋਸ ਹੈ ਕਿ ਅਸੀਂ ਅੱਜ ਤੱਕ ਆਪਣਾ ਇਤਿਹਾਸ ਹੋਰਾਂ ਤੱਕ ਢੰਗ ਨਾਲ ਪਹੁੰਚਾਉਣ ਵਿੱਚ ਅਸਫ਼ਲ ਰਹੇ ਹਾਂ। ਹੁਣ ਸੋਸ਼ਲ ਮੀਡੀਆ ਦਾ ਦੌਰ ਹੈ ਅਤੇ ਖ਼ਾਸ ਕਰਕੇ ਨੌਜਵਾਨ ਵੱਡੀ ਗਿਣਤੀ ਵਿੱਚ ਇਸ ਨਾਲ ਜੁੜੇ ਹੋਏ ਹਨ, ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਸ ਇਤਿਹਾਸ ਨੂੰ ਪਹੁੰਚਾਇਆ ਜਾਵੇ। ਇਸੇ ਉਦੇਸ਼ ਦੇ ਤਹਿਤ ਸਿੱਖ ਯੂਥ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਗੁਰਦੁਆਰਾ ਸਾਹਿਬ ਦੀ ਪੂਰੀ ਟੀਮ ਨੇ ਸ਼ਲਾਘਾ ਕੀਤੀ ਅਤੇ ਉਨ੍ਹਾਂ ਨਾਲ ਇਸ ਮਿਸ਼ਨ ਵਿੱਚ ਪੂਰਾ ਸਹਿਯੋਗ ਦਿੰਦਿਆਂ ਸ਼ਹੀਦੀ ਜਾਗਰੂਕਤਾ ਮਾਰਚ ਕੱਢਿਆ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਵੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਰਾਗੀ ਜੱਥੇ ਅਤੇ ਪ੍ਰਚਾਰਕ ਹਾਜ਼ਰ ਹੋ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਇਤਿਹਾਸ ਬਾਰੇ ਸੰਗਤ ਨੂੰ ਜਾਣਕਾਰੀ ਦੇਣਗੇ।