ਨਵੀਂ ਦਿੱਲੀ -ਤਖ਼ਤ ਪਟਨਾ ਸਾਹਿਬ ਵਿੱਚ 25 ਤੋਂ 27 ਦਸੰਬਰ ਤੱਕ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 359ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਜ਼ੋਰ-ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿੱਚ ਅੱਜ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀਆਂ ਸੁਵਿਧਾਵਾਂ ਲਈ ਰਿਹਾਇਸ਼ ਸਥਲ ਮਾਲਸਲਾਮੀ ਸਥਿਤ ਓ. ਪੀ. ਸ਼ਾਹ ਭਵਨ ਅਤੇ ਪਟਨਾ ਸਾਹਿਬ ਭਵਨ ਵਿੱਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਸੋਹੀ ਜੀ, ਜਨਰਲ ਸਕੱਤਰ ਇੰਦਰਜੀਤ ਸਿੰਘ ਜੀ, ਸੀਨੀਅਰ ਮੀਤ -ਪ੍ਰਧਾਨ ਲਖਵਿੰਦਰ ਸਿੰਘ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਸੁਮਿਤ ਸਿੰਘ ਕਲਸੀ ਵੱਲੋਂ ਨਿਰੀਖਣ ਕੀਤਾ ਗਿਆ। ਸਰਦਾਰ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਦੀ ਉਮੀਦ ਹੈ, ਜਿਸ ਲਈ ਕਮੇਟੀ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਸਰਕਾਰ ਦੇ ਸਹਿਯੋਗ ਨਾਲ ਵੀ ਕਈ ਰਿਹਾਇਸ਼ੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿੱਥੇ ਸੰਗਤ ਦੇ ਠਹਿਰਾਉ ਦੀ ਵਿਵਸਥਾ ਕੀਤੀ ਜਾ ਰਹੀ ਹੈ। ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਹੋਰ ਕਈ ਸੰਸਥਾਵਾਂ ਵੱਲੋਂ ਲੰਗਰ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਰਿਹਾਇਸ਼ ਲਈ ਇੱਕ ਟੋਲ-ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ।