ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸੰਸਦ ਵਿੱਚ ਕਿਹਾ ਕਿ ਪੰਜਾਬ ਤੋਂ ਰਾਜਸਥਾਨ ਨੂੰ ਦਰਿਆਈ ਪਾਣੀ ਦੀ ਸਪਲਾਈ 1927 ਵਾਲੇ ਪੰਜਾਬ ਸੂਬੇ ਅਤੇ ਬੀਕਾਨੇਰ ਰਿਆਸਤ ਵਿਚਕਾਰ ਹੋਏ ਸਮਝੌਤੇ ਅਨੁਸਾਰ ਕੀਤੀ ਜਾ ਰਹੀ ਹੈ, ਜਿਸ ਨੂੰ ਬਾਅਦ ਵਿੱਚ 1956 ਵਿੱਚ ਗੈਂਗ ਨਹਿਰ ਅਨੁਸਾਰ ਰਾਜਾਂ ਦੇ ਪੁਨਰਗਠਨ ਤੋਂ ਬਾਅਦ ਪੰਜਾਬ ਰਾਜ ਅਤੇ ਰਾਜਸਥਾਨ ਰਾਜ ਵਿਚਕਾਰ ਪੁਸ਼ਟੀ ਕੀਤੀ ਗਈ ਸੀ।
ਡਾ. ਸਾਹਨੀ ਨੇ ਦੁੱਖ ਪ੍ਰਗਟ ਕੀਤਾ ਕਿ 1956 ਤੋਂ ਬਾਅਦ ਰਾਜਸਥਾਨ ਦੁਆਰਾ ਭੁਗਤਾਨ ਬੰਦ ਕਰ ਦਿੱਤੇ ਗਏ ਸਨ ਅਤੇ ਕੁੱਲ 1 ਲੱਖ ਕਰੋੜ ਰੁਪਏ ਬਕਾਇਆ ਬਾਕੀ ਪਿਆ ਹੈ।
ਡਾ. ਸਾਹਨੀ ਨੇ ਇਹ ਵੀ ਕਿਹਾ ਕਿ 31 ਦਸੰਬਰ 1981 ਨੂੰ ਕੇਂਦਰ ਵੱਲੋਂ ਤੈਅ ਕੀਤੇ ਗਏ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚਕਾਰ ਰਾਵੀ-ਬਿਆਸ ਪਾਣੀਆਂ ਦੀ ਵਿਧਾਨਕ ਵੰਡ ਦੀ ਪੰਜਾਬ ਵਿਧਾਨ ਸਭਾ ਨੇ ਕਦੇ ਵੀ ਪੁਸ਼ਟੀ ਨਹੀਂ ਕੀਤੀ।
ਡਾ. ਸਾਹਨੀ ਨੇ ਕਿਹਾ ਕਿ ਰਾਜਸਥਾਨ ਨੂੰ ਜਾਣ ਵਾਲੇ ਸਾਰੇ ਪਾਣੀ ਲਈ ਪੰਜਾਬ ਨੂੰ ਕੋਈ ਸੀਗਨੀਓਰੇਜ ਜਾਂ ਰਾਇਲਟੀ ਨਹੀਂ ਦਿੱਤੀ ਜਾ ਰਹੀ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਦਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਗੰਭੀਰ ਰੂਪ ਵਿੱਚ ਹੇਠਾਂ ਜਾ ਰਿਹਾ ਹੈ।