ਨਵੀਂ ਦਿੱਲੀ - ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੱਛਮੀ ਦਿੱਲੀ ਵਿੱਚ ਹੁੱਕਾ ਪੀਣ ਨੂੰ ਲੈ ਕੇ ਦੋ ਗੁਆਂਢੀਆਂ ਵਿਚਕਾਰ ਹੋਈ ਝੜਪ ਵਿੱਚ ਇੱਕ ਸਿੱਖ ਵਿਅਕਤੀ ਜ਼ਖਮੀ ਹੋ ਗਿਆ। ਜਿਕਰਯੋਗ ਹੈ ਕਿ ਸਿੱਖ ਪਰਿਵਾਰ ਵਲੋਂ ਆਪਣੇ ਇਕ ਪੜੋਸੀ ਗੁੱਜਰ ਪਰਿਵਾਰ ਨੂੰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਹੋਣ ਕਰਕੇ ਹੁੱਕਾ ਪੀਣ ਤੋਂ ਰੋਕਿਆ ਗਿਆ ਤਦ ਉਨ੍ਹਾਂ ਇਕ ਗਿਣਿਮੀਠੀ ਸਾਜ਼ਿਸ਼ ਤਹਿਤ ਸਿੱਖ ਪਰਿਵਾਰ ਤੇ ਬੇਸਬਾਲ ਅਤੇ ਹੋਰ ਲਾਠੀਆਂ ਨਾਲ ਹਮਲਾ ਕਰ ਦਿੱਤਾ । ਅਚਾਨਕ ਹੋਏ ਹਮਲੇ ਨਾਲ ਸਿੱਖ ਪਰਿਵਾਰ ਦੇ ਕੁਝ ਮੈਂਬਰ ਫੱਟੜ ਹੋ ਗਏ ਜਿਸ ਉਪਰੰਤ ਮਾਮਲੇ ਨੇ ਗੰਭੀਰ ਰੂਪ ਧਾਰਣ ਕਰ ਲਿਆ । ਇਸ ਦੌਰਾਨ ਸਿੱਖਾਂ ਦੀ ਪੱਗ ਲਾਹੀ ਗਈ ਤੇ ਕੇਸਾਂ ਦੀ ਖਿੱਚਧੂਹ ਕਰਦੇ ਬੇਅਦਬੀ ਕੀਤੀ ਗਈ । ਇਸ ਮੌਕੇ ਪੁੱਜੇ ਸਿੱਖਾਂ ਨੇ ਦੋਸ਼ ਲਗਾਇਆ ਕਿ ਦਿੱਲੀ ਅੰਦਰ ਮੁੜ ਦੰਗੇ ਭੜਕਾਏ ਜਾ ਸਕਦੇ ਹਨ ਤੇ ਇਸ ਵਾਰ ਉਨ੍ਹਾਂ ਦਾ ਨਿਸ਼ਾਨਾ ਸਿੱਖ ਹੋਣਗੇ । ਪੁਲਿਸ ਨੇ ਕਿਹਾ ਕਿ ਇਹ ਘਟਨਾ ਵੀਰਵਾਰ ਸ਼ਾਮ ਨੂੰ ਕੀਰਤੀ ਨਗਰ ਵਿੱਚ ਵਾਪਰੀ। ਪੁਲਿਸ ਦੇ ਅਨੁਸਾਰ, ਦੋਵਾਂ ਪਰਿਵਾਰਾਂ ਵਿੱਚ ਪਹਿਲਾਂ ਹੀ ਪਾਰਕਿੰਗ ਨੂੰ ਲੈ ਕੇ ਝਗੜਾ ਸੀ। ਇਹ ਝਗੜਾ ਉਦੋਂ ਵਧ ਗਿਆ ਜਦੋਂ ਸਿੱਖ ਪਰਿਵਾਰ ਨੇ ਆਪਣੇ ਗੁਆਂਢੀ ਨੂੰ ਹੁੱਕਾ ਪੀਣ 'ਤੇ ਇਤਰਾਜ਼ ਕੀਤਾ, ਜਿਸ ਕਾਰਨ ਝਗੜਾ ਹੋ ਗਿਆ। ਮਾਮਲੇ ਦਾ ਪਤਾ ਲਗਦੇ ਸਿੱਖ ਆਗੂਆਂ ਸਰਦਾਰ ਪਰਮਜੀਤ ਸਿੰਘ ਸਰਨਾ, ਗੁਰਮੀਤ ਸਿੰਘ ਫਿਲੀਪੀਨ, ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਸਖ਼ਤ ਅੱਖਰਾਂ ਵਿਚ ਨਿੰਦਾ ਕਰਦਿਆਂ ਮਾਮਲੇ ਦੀ ਪੜਤਾਲ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਗੱਲ ਕੀਤੀ ਹੈ ।