ਨਵੀਂ ਦਿੱਲੀ- ਦਿੱਲੀ ਦੇ ਹਰੀ ਨਗਰ ਸਥਿਤ ਦੀਨ ਦਿਆਲ ਉਪਾਧਿਆਯ ਸਰਕਾਰੀ ਹਸਪਤਾਲ ਵਿੱਚ ਅਧੁਨਿਕ ਪਲੇਟਲੈਟਸ ਡੋਨੇਸ਼ਨ ਮਸ਼ੀਨ ਦਾ ਉਦਘਾਟਨ ਕੀਤਾ ਗਿਆ। ਇਸ ਮਸ਼ੀਨ ਦੀ ਸਥਾਪਨਾ ਨਾਲ ਸਰਕਾਰੀ ਹਸਪਤਾਲ ਵਿੱਚ ਪਲੇਟਲੈਟਸ ਦਾਨ ਦੀ ਆਧੁਨਿਕ ਸੁਵਿਧਾ ਉਪਲਬਧ ਹੋਵੇਗੀ, ਜੋ ਗੰਭੀਰ ਮਰੀਜ਼ਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਅਤੇ ਪ੍ਰਸਿੱਧ ਸਮਾਜਸੇਵੀ ਜਤਿੰਦਰ ਸਿੰਘ ਸੋਨੂੰ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ। ਉਨ੍ਹਾਂ ਨੇ ਨਵੀਂ ਮਸ਼ੀਨ ਰਾਹੀਂ ਆਪਣੀ ਜ਼ਿੰਦਗੀ ਦਾ 95ਵਾਂ ਖੂਨ ਦਾਨ ਕਰਕੇ ਲੋੜਵੰਦਾਂ ਦੀ ਸੇਵਾ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਖੂਨ ਇਕੱਠਾ ਕਰਨ ਵਾਲੀ ਪੁਰਾਣੀ ਮਸ਼ੀਨ ਪਿਛਲੇ ਤਿੰਨ ਸਾਲਾਂ ਤੋਂ ਖਰਾਬ ਪਈ ਸੀ ਅਤੇ ਨਵੀਂ ਮਸ਼ੀਨ ਦੇ ਮਹੂਰਤ ਲਈ ਉਨ੍ਹਾਂ ਨੂੰ ਸੱਦਾ ਦੇਣਾ ਹਸਪਤਾਲ ਪ੍ਰਸ਼ਾਸਨ ਵੱਲੋਂ ਵੱਡਾ ਮਾਨ ਹੈ। ਜਤਿੰਦਰ ਸਿੰਘ ਸੋਨੂ ਨੇ ਖੂਨ ਦੇ ਨਾਲ-ਨਾਲ ਪਲੇਟਲੈਟਸ ਦਾਨ ਵੀ ਕੀਤਾ, ਜੋ ਕਿ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 28 ਸਾਲਾਂ ਤੋਂ ਮਨੁੱਖੀ ਸੇਵਾਵਾਂ ਨਾਲ ਜੁੜੇ ਹੋਏ ਹਨ ਅਤੇ ਕੋਰੋਨਾ ਕਾਲ ਦੌਰਾਨ ਲਗਭਗ 450 ਯੂਨਿਟ ਖੂਨ ਇਕੱਠਾ ਕਰਕੇ ਲੋੜਵੰਦ ਮਰੀਜ਼ਾਂ ਤੱਕ ਪਹੁੰਚਾਇਆ ਗਿਆ। ਇਸ ਮੌਕੇ ਉਨ੍ਹਾਂ ਪੰਜਾਬ ਮਨੁੱਖੀ ਅਧਿਕਾਰ ਦੇ ਚੇਅਰਮੈਨ ਸਰਦਾਰ ਜਤਿੰਦਰ ਸਿੰਘ ਸ਼ੰਟੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਨਾ ਨਾਲ ਦਿਖਾਏ ਗਏ ਰਾਹ ‘ਤੇ ਚੱਲ ਕੇ ਹੀ ਸਾਨੂੰ ਅੱਜ ਇਹ ਮੁਕਾਮ ਹਾਸਲ ਹੋ ਸਕਿਆ ਹੈ। ਇਸ ਕਾਰਜਕ੍ਰਮ ਵਿੱਚ ਡੀਡੀਯੂ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਦਾਸ ਅਤੇ ਬਲੱਡ ਬੈਂਕ ਦੀ ਮੁਖੀ ਡਾ. ਮੌਸਮੀ ਦੀ ਗੌਰਵਮਈ ਹਾਜ਼ਰੀ ਰਹੀ। ਇਸ ਦੇ ਨਾਲ ਸ਼ਹੀਦ ਭਗਤ ਸਿੰਘ ਸੇਵਾ ਦਲ ਦੀ ਟੀਮ ਵੱਲੋਂ ਵੀ ਸਰਗਰਮ ਭੂਮਿਕਾ ਨਿਭਾਈ ਗਈ, ਜਿਸ ਵਿੱਚ ਹਰਜੋਤ ਸ਼ਾਹ ਸਿੰਘ, ਜੀਤੂ ਜੀ, ਬਾਵਾ ਜੀ, ਗੁਰਮੀਤ ਜੀ, ਦਵਿੰਦਰ ਅਤੇ ਹੋਰ ਕਈ ਸੇਵਾਦਾਰ ਸ਼ਾਮਲ ਸਨ।
ਜਤਿੰਦਰ ਸਿੰਘ ਸੋਨੂੰ ਨੇ ਲੋਕਾਂ ਨੂੰ ਖੂਨ ਦਾਨ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਇੱਕ ਮਨੁੱਖ ਇੱਕ ਹਫ਼ਤੇ ਵਿੱਚ ਦੋ ਵਾਰ ਪਲੇਟਲੈਟਸ ਅਤੇ ਸਾਲ ਵਿੱਚ ਚਾਰ ਵਾਰ ਖੂਨ ਦਾਨ ਕਰ ਸਕਦਾ ਹੈ। ਖੂਨ ਦਾਨ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਚੰਗੀ ਖੁਰਾਕ ਨਾਲ ਕੁਝ ਦਿਨਾਂ ਵਿੱਚ ਖੂਨ ਮੁੜ ਬਣ ਜਾਂਦਾ ਹੈ।
ਉਨ੍ਹਾਂ ਹਸਪਤਾਲ ਦੇ ਪੁਰਾਣੇ ਅਤੇ ਮੌਜੂਦਾ ਸਟਾਫ ਦਾ ਵੀ ਦਿਲੋਂ ਧੰਨਵਾਦ ਕੀਤਾ।