ਅੰਮ੍ਰਿਤਸਰ-ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਵਿਚ ਰਿਆਸਤ ਫਰੀਦਕੋਟ ਦੇ ਮਹਾਰਾਜਾ ਵਲੋ ਲਗਵਾਏ ਪੁਰਾਤਨ ਖੰਭਿਆਂ ’ਚੋਂ ਇਕ ਖੰਭਾ ਨੁਕਸਾਨੇ ਜਾਣ ਕਾਰਨ ਰਿਪੇਅਰ ਲਈ ਉਤਾਰਿਆ ਗਿਆ ਹੈ।ਇਹ ਖ਼ਬਰ ਜਨਤਕ ਹੁੰਦੇ ਸਾਰ ਹੀ ਸੋਸ਼ਲ ਮੀਡੀਆ ’ਤੇ ਅਚਾਨਕ ਤਰਥਲੀ ਮੱਚ ਗਈ, ਜਿਸ ਤੋ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਭਗਵੰਤ ਸਿੰਘ ਧੰਗੇੜਾ ਨੇ ਸਾਰੀ ਸਥਿਤੀ ਨੂੰ ਸ਼ਪਸ਼ਟ ਕੀਤਾ ਹੈ। ਬੀਤੇ ਕੁਝ ਦਿਨਾਂਂ ਤੋ ਸੋਸ਼ਲ ਮੀਡੀਆ ਉੱਤੇ ਚਰਚਾ ਹੈ ਕਿ ਰਿਆਸਤ ਫ਼ਰੀਦਕੋਟ ਦੇ ਮਹਾਰਾਜਾ ਬਿਕਰਮ ਸਿੰਘ ਵਲੋ ਸੰਨ 1898 ਵਿੱਚ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਪਹਿਲੀ ਵਾਰ ਬਿਜਲੀ ਜਗਾਉਣ ਲਈ ਜਰਨੇਟਰ ਅਤੇ ਬਿਜਲੀ ਉਪਕਰਨ ਦਿੱਤੇ ਸਨ ਇਸ ਦੇ ਨਾਲ ਹੀ ਇਹ ਖੰਭੇ ਲਗਵਾਏ ਗਏ ਸਨ। ਕੁਝ ਸੂਤਰ ਇਹ ਦਾਅਵਾ ਕਰਦੇ ਹਨ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਬਿਜਲੀ ਜਗਾਉਣ ਲਈ ਰਿਆਸਤ ਫਰੀਦਕੋਟ ਵਲੋ ਜਦੋਂ ਇਹ ਖੰਭੇ ਲਗਾਏ ਗਏ ਸਨ ਤਾਂ ਇਹ ਗਿਣਤੀ ਵਿਚ ਅੱਠ ਸੀ। ਸਾਲ 1950 ਦੇ ਆਸਪਾਸ ਪ੍ਰਕਰਮਾਂ ਚੌੜੀਆਂ ਦੇ ਕਾਰਜ ਸਮੇ ਚਾਰ ਖੰਭੇ ਉਤਾਰ ਦਿੱਤੇ ਗਏ। ਬਾਕੀ ਰਹੇ ਚਾਰਾਂ ਵਿੱਚੋਂ ਇੱਕ ਖੰਭਾ ਜੂਨ 1984 ਫ਼ੌਜੀ ਹਮਲੇ ਦੌਰਾਨ ਨੁਕਸਾਨਿਆ ਗਿਆ ਸੀ ਬਾਕੀ ਤਿੰਨ ਖੰਭੇ ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਵਿਚ ਮੌਜੂਦ ਹਨ। ਇਹ ਖੰਭੇ ਛਬੀਲ ਸ੍ਰੀ ਗੁਰੂ ਰਾਮਦਾਸ ਜੀ ਸਾਹਮਣੇ, ਬੁੰਗਾ ਰਾਮਗੜ੍ਹੀਆ ਦੇ ਨੇੜੇ ਅਤੇ ਛਬੀਲ ਬਾਬਾ ਦੀਪ ਸਿੰਘ ਨੇੜੇ ਖੜੇ ਦੇਖੇ ਜਾ ਸਕਦੇ ਹਨ।ਇਨਾਂ ਤਿੰਨਾਂ ਵਿੱਚੋਂ ਇੱਕ ਖੰਭਾ ਜੋ ਕਿ ਬੰੁਗਾ ਰਾਮਗੜ੍ਹੀਆ ਨੇੜੇ ਸੀ ਨੂੰ ਪਿਛਲੇ ਦਿਨੀਂ ਮੁਰੰਮਤ ਲਈ ਉਤਾਰਿਆ ਗਿਆ ਹੈ ਤੇ ਬਾਕੀ ਖੰਭਿਆ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਖੰਭਾ ਲੰਮੇ ਸਮੇਂ ਤੋਂ ਅੱਧ ਵਿਚਕਾਰੋਂ ਟੁੱਟਿਆ ਹੋਇਆ ਸੀ। ਇਸ ਖੰਭੇ ਨੂੰ ਲੋਹੇ ਦੀਆਂ ਪਾਈਪਾਂ ਤੇ ਮਜ਼ਬੂਤ ਤਾਰਾਂ ਨਾਲ ਬੰਨ੍ਹਕੇ ਜਿਉ ਦਾ ਤਿਉ ਰਖਿਆ ਹੋਇਆ ਸੀ। ਖੰਭੇ ਬਾਰੇ ਹੋ ਰਹੇ ਗੁੰਮਰਾਹਕੁੰਨ ਪ੍ਰਚਾਰ ਬਾਰੇ ਪ੍ਰਤੀਕਿਿਰਆ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਇਹ ਸੰਗਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਰਿਪੇਅਰ ਲਈ ਉਤਾਰਿਆ ਗਿਆ ਹੈ। ਸ ਧੰਗੇੜਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਵਿਚ ਸਥਿਤ ਫਰੀਦਕੋਟ ਰਿਆਸਤ ਵੱਲੋਂ ਬਿਜਲੀ ਸਪਲਾਈ ਲਈ ਲਗਾਏ ਗਏ ਖੰਭਿਆਂ ਵਿੱਚੋਂ ਤਿੰਨ ਖੰਭੇ ਮੌਜੂਦ ਹਨ, ਜਿਨ੍ਹਾਂ ਵਿੱਚੋਂ ਬੁੰਗਾ ਰਾਮਗੜ੍ਹੀਆ ਵਾਲੇ ਪਾਸੇ ਸਥਿਤ ਇਹ ਖੰਭਾ ਨੁਕਸਾਨਿਆ ਗਿਆ ਸੀ, ਜੋ ਇਸ ਵੇਲੇ ਪਾਈਪਾਂ ਅਤੇ ਤਾਰਾਂ ਦੇ ਸਹਾਰੇ ਖੜ੍ਹਾ ਸੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਪੁੱਜਦੀਆਂ ਸੰਗਤਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚੇ, ਇਸ ਲਈ ਇਹ ਖੰਭਾ ਰਿਪੇਅਰ ਲਈ ਉਤਾਰਿਆ ਗਿਆ ਹੈ। ਸ ਧੰਗੇੜਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਹਮੇਸ਼ਾ ਯਤਨ ਰਿਹਾ ਹੈ ਕਿ ਵਿਰਾਸਤੀ ਨਿਸ਼ਾਨੀਆਂ ਨੂੰ ਹੂਬਹੂ ਰੂਪ ਵਿਚ ਸੰਭਾਲਿਆ ਜਾਵੇ। ਇਸ ਖੰਭੇ ਦੀ ਰਿਪੇਅਰ ਕਰਕੇ ਇਸੇ ਰੂਪ ਵਿਚ ਜਲਦ ਇਸ ਨੂੰ ਮੁੜ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਵੱਲ ਧਿਆਨ ਨਾ ਦੇਣ।ਦਸਣਯੋਗ ਹੈ ਕਿ ਜਦ ਸ੍ਰੀ ਦਰਬਾਰ ਸਾਹਿਬ ਅੰਦਰ ਬਿਜਲੀ ਲਗਾਉਣ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਉਸ ਸਮੇ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਧਰਨਾ ਦੇ ਕੇ ਬਿਜਲੀ ਲਗਾਉਣ ਦਾ ਡਟ ਕੇ ਵਿਰੋਧ ਕੀਤਾ ਸੀ।