ਨਵੀਂ ਦਿੱਲੀ - ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਫਤਹਿ ਨਗਰ ਵਿਖੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦ ਸਿੰਘ ਸਿੰਘਣੀਆ ਦੀ ਯਾਦ ਵਿਚ ਉਨ੍ਹਾਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਸਫ਼ਰ-ਏ-ਸ਼ਹਾਦਤ ਕਰਵਾਏ ਗਏ । ਗੁਰਦੁਆਰਾ ਸਾਹਿਬ ਵਿਖੇ ਸਫ਼ਰ ਏ ਸ਼ਹਾਦਤ ਦੀ ਸ਼ੁਰੂਆਤ 22 ਦਸੰਬਰ ਨੂੰ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਈ ਜਿਨ੍ਹਾਂ ਦੇ ਭੋਗ 24 ਦਸੰਬਰ ਨੂੰ ਪਾਏ ਗਏ ਉਪਰੰਤ 28 ਦਸੰਬਰ ਤਕ ਲਗਾਤਾਰ ਪੰਥ ਪ੍ਰਸਿੱਧ ਕੀਰਤਨੀ ਜਥੇਆਂ, ਢਾਡੀ ਜਥੇਆਂ, ਕਵੀ ਦਰਬਾਰ ਰਾਹੀਂ ਸਵੇਰ ਅਤੇ ਸ਼ਾਮ ਦੇ ਦੀਵਾਨ ਸਜਾਏ ਗਏ ਸਨ । ਸਜਾਏ ਗਏ ਵਿਸ਼ੇਸ਼ ਕੀਰਤਨ ਦੀਵਾਨ ਅੰਦਰ ਰਾਗੀ ਸਿੰਘਾਂ, ਢਾਡੀ ਜਥੇਆਂ ਵਲੋਂ ਸ਼ਹੀਦੀ ਦਿਹਾੜੇ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ । ਦੀਵਾਨ ਅੰਦਰ ਸੱਚਖੰਡ ਦਰਬਾਰ ਸਾਹਿਬ ਦੇ ਰਾਗੀ ਜੱਥੇ ਭਾਈ ਉਂਕਾਰ ਸਿੰਘ ਜੀ, ਭਾਈ ਸ਼ੁਭਦੀਪ ਸਿੰਘ ਜੀ, ਭਾਈ ਭੁਪਿੰਦਰ ਸਿੰਘ ਜੀ, ਭਾਈ ਕਰਨੈਲ ਸਿੰਘ ਜੀ, ਭਾਈ ਸਿਮਰਨਜੀਤ ਸਿੰਘ, ਭਾਈ ਗੁਰਭੇਜ ਸਿੰਘ ਜੀ, ਭਾਈ ਸਿਮਰਪ੍ਰੀਤ ਸਿੰਘ ਜੀ, ਭਾਈ ਕਰਮਜੀਤ ਸਿੰਘ ਜੀ, ਭਾਈ ਪਲਵਿੰਦਰ ਸਿੰਘ ਜੀ, ਭਾਈ ਮਹਿਤਾਬ ਸਿੰਘ (ਸ੍ਰੀ ਅੰਮ੍ਰਿਤਸਰ), ਭਾਈ ਅਰਜਨ ਸਿੰਘ ਜੀ ਪਰਵਾਨਾ, ਬੀਬੀ ਸਹਿਜਦੀਪ ਕੌਰ ਲੁਧਿਆਣਾ ਦੇ ਨਾਲ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਸਾਹਿਬਾਨ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਸੀ ਅਤੇ ਨਾਲ ਹੀ ਹੈਡਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਜੀ, ਗਿਆਨੀ ਇਕਬਾਲ ਸਿੰਘ ਜੀ, ਗਿਆਨੀ ਅਮਨਦੀਪ ਸਿੰਘ ਜੀ, ਗਿਆਨੀ ਜਗਦੇਵ ਸਿੰਘ ਜੀ ਨੇ ਸ਼ਹੀਦੀ ਦਿਹਾੜਿਆਂ ਦਾ ਇਤਿਹਾਸ ਸਰਵਣ ਕਰਵਾਇਆ ਸੀ । ਇਸ ਮੌਕੇ ਸ਼੍ਰੀ ਗੁਰੂ ਕਲਗੀਧਰ ਸੇਵਕ ਜੱਥੇ ਵਲੋਂ ਹਰ ਰੋਜ ਦੁੱਧ ਅਤੇ ਹੋਰ ਸਮਗਰੀ ਦੀ ਸੇਵਾ ਬਾਖੂਬੀ ਨਿਭਾਈ ਗਈ ਸੀ । ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਜੀ ਨੇ ਦਸਿਆ ਕਿ ਇਹ ਗੁਰਦੁਆਰਾ ਸਾਹਿਬ ਛੋਟੇ ਸਾਹਿਬਜਾਦਿਆਂ ਦੀ ਯਾਦ ਵਿਚ ਫਤਹਿ ਨਗਰ ਜੇਲ੍ਹ ਰੋਡ ਨਵੀਂ ਦਿੱਲੀ ਵਿਖੇ ਬਣਿਆ ਹੋਇਆ ਹੈ ਤੇ ਇਥੇ ਹਰ ਰੋਜ ਦੇਸ਼ ਵਿਦੇਸ਼ ਤੋਂ ਹਜਾਰਾਂ ਦੀ ਗਿਣਤੀ ਅੰਦਰ ਸੰਗਤਾਂ ਦਰਸ਼ਨ ਕਰਣ ਆਂਦੀਆਂ ਹਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਵਿਸ਼ੇਸ਼ ਸ਼ਹੀਦੀ ਕੀਰਤਨ ਦਰਬਾਰ ਵਿਚ ਲੱਖਾਂ ਦੀ ਗਿਣਤੀ ਅੰਦਰ ਗੁਰੂਘਰ ਵਿਚ ਹਾਜ਼ਿਰੀ ਭਰ ਕੇ ਗੁਰਬਾਣੀ ਦਾ ਲਾਹਾ ਲੈਂਦਿਆਂ ਆਪਣਾ ਸਮਾਂ ਸਫਲਾ ਕੀਤਾ ਸੀ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਮੋਹਨ ਸਿੰਘ ਆਨੰਦ, ਮੀਤ ਪ੍ਰਧਾਨ ਤਰਵਿੰਦਰ ਪਾਲ ਸਿੰਘ, ਜਨਰਲ ਸਕੱਤਰ ਮਨਮੋਹਨ ਸਿੰਘ, ਮੀਤ ਸਕੱਤਰ ਦਵਿੰਦਰ ਸਿੰਘ, ਖਜਾਨਚੀ ਗੁਰਮੀਤ ਸਿੰਘ ਅਤੇ ਮੀਤ ਖਜਾਨਚੀ ਰਮਿੰਦਰ ਪਾਲ ਸਿੰਘ ਵਲੋਂ ਇਸ ਸਮਾਗਮ ਵਿਚ ਸਹਿਯੋਗ ਦੇਣ ਵਾਲੀ ਸਮੂਹ ਸੰਗਤਾਂ, ਹਾਜ਼ਿਰੀ ਭਰਣ ਵਾਲੇ ਸਮੂਹ ਰਾਗੀ ਸਾਹਿਬਾਨ, ਢਾਡੀ ਜੱਥੇ ਅਤੇ ਦੁੱਧ ਅਤੇ ਹੋਰ ਸਮਗਰੀ ਦਾ ਲੰਗਰ ਲਗਾਣ ਵਾਲੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।