ਨਵੀਂ ਦਿੱਲੀ - ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਦੇਸ਼ ਦੀ ਵੰਡ ਵੇਲੇ ਦੁਨੀਆ ਦੇ ਇਤਿਹਾਸ ਵਿਚ ਕਿਸੇ ਦੇਸ਼ ਦੀ ਵੰਡ ਵੇਲੇ ਸਭ ਤੋਂ ਵੱਧ ਜਾਨਾਂ ਪੰਜਾਬੀਆਂ ਨੇ ਗਵਾਈਆਂ ਤੇ ਮਾਲੀ ਨੁਕਸਾਨ ਪੰਜਾਬੀਆਂ ਨੇ ਝੱਲਿਆ। ਪਰ ਬਦਲੇ ਵਿਚ ਕੇਂਦਰੀ ਸਰਕਾਰਾਂ ਨੇ ਪੰਜਾਬੀਆਂ ਨਾਲ ਦੋਸਤੀ ਨਹੀਂ, ਦੁਸ਼ਮਣੀ ਹੀ ਨਿਭਾਈ। ਪੰਜਾਬ ਦੇ ਇਕ ਵੱਡੇ ਹਿੱਸੇ ਨੇ ਕਥਿਤ ਤੌਰ ਲਿਆਈ ਗਈ ਹੜ੍ਹ ਵਿਚ ਬਰਬਾਦੀ, ਪੀੜ, ਦੁੱਖ ਤੇ ਨੁਕਸਾਨ ਦੀ ਵਡੀ ਮਾਰ ਸਹੀ ਹੈ ਉਸ ਦੀ ਭਰਪਾਈ ਪੰਜਾਬੀ ਖ਼ੁਦ ਜਾਂ ਉਨ੍ਹਾਂ ਦੇ ਹਮਦਰਦਾਂ ਨੇ ਮਿਲ਼ ਕੇ ਕੀਤੀ ਹੈ ਕਿਉਕਿ ਸਰਕਾਰਾਂ ਇਸ ਔਖੇ ਸਮੇਂ ਵੀ 'ਦੂਸ਼ਣਬਾਜ਼ੀ' ਦੀ ਖੇਡ ਹੀ ਖੇਡ ਰਹੀਆਂ ਸਨ। ਇਸ ਔਖੇ ਸਮੇਂ ਰਾਗੀ ਸਿੰਘਾਂ ਦੀ ਸੰਸਥਾ "ਸ਼੍ਰੋਮਣੀ ਰਾਗੀ ਸਭਾ (ਸ੍ਰੀ ਅੰਮ੍ਰਿਤਸਰ)" ਵੀ ਆਪਣਾ ਫਰਜ਼ ਸਮਝਦਿਆਂ ਹੜ ਪੀੜੀਤਾਂ ਦੀ ਮਦਦ ਲਈ ਅੱਗੇ ਆਈ ਸੀ । ਇਸ ਬਾਰੇ ਜਾਣਕਾਰੀ ਦੇਂਦਿਆ ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਭਾਈ ਓਂਕਾਰ ਸਿੰਘ ਜੀ ਨੇ ਦਸਿਆ ਸ਼੍ਰੋਮਣੀ ਰਾਗੀ ਸਭਾ ਵਲੋਂ ਇਸ ਔਖੇ ਸਮੇਂ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਪੰਜਾਬ ਦੇ ਹੜ ਪੀੜੀਤਾਂ ਦੀ ਮਦਦ ਲਈ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਇਕ ਵਿਸ਼ੇਸ਼ ਲਹਿਰ ਸ਼ੁਰੂ ਕੀਤੀ ਸੀ ਜਿਸ ਦਾ ਸਾਨੂੰ ਭਰਵਾਂ ਹੁੰਗਾਰਾ ਮਿਲਿਆ ਸੀ ਤੇ ਇਸ ਲਹਿਰ ਰਾਹੀਂ ਅਸੀਂ ਤਕਰੀਬਨ 80 ਲੱਖ ਦੀ ਰਕਮ ਇੱਕਠੀ ਕੀਤੀ ਸੀ । ਇੰਨ੍ਹਾ ਪੈਸਿਆਂ ਨਾਲ ਪੰਜਾਬ ਦੇ ਪਿੰਡ ਘੁਲੇਵਾਲ, ਭੂਰਾ ਹਥਾੜ , ਸਭਰਾਂ, ਗਦਾਈਕੇ, ਭਾਣੇਕੇ, ਪਿੰਡ ਪੱਛੀਆਂ, ਪਿੰਡ ਕੋਟ ਗੁਰਬਖ਼ਸ਼ ਸਮੇਤ ਹੋਰ ਕਈ ਪਿੰਡਾਂ ਵਿਚ ਡੀਜਲ, ਯੂਰੀਆ, ਬੀਜ, ਹਜਾਰਾਂ ਏਕੜਾ ਵਿਚ ਜਮੀਨ ਦੀ ਸੇਵਾ ਅਤੇ ਹੋਰ ਬਹੁਤ ਸਾਰੇ ਲੋੜਵੰਦ ਸਮਾਨ ਦੀ ਮਦਦ ਹੜ ਪੀੜੀਤਾਂ ਦੇ ਮੁੜ ਵਸੇਬੇ ਲਈ ਕੀਤੀ ਗਈ । ਉਨ੍ਹਾਂ ਦਸਿਆ ਕਿ ਅਸੀਂ ਇਸ ਕਾਰਜ ਲਈ ਪਹਿਲਾਂ ਕਈ ਵਾਰ ਵੱਖ ਵੱਖ ਪਿੰਡਾਂ ਵਿਚ ਰਾਗੀ ਸਿੰਘਾਂ ਨਾਲ ਵਿਚਰ ਕੇ ਓਥੋਂ ਦੇ ਸਰਪੰਚ ਅਤੇ ਮੋਹਤਬਰ ਸੱਜਣਾ ਨਾਲ ਓਥੋਂ ਦੀ ਲੋੜ ਮੁਤਾਬਿਕ ਸਮਾਨ ਦੀ ਜਾਣਕਾਈ ਲਈ ਸੀ ਜਿਸ ਉਪਰੰਤ ਜਰੂਰਤ ਦਾ ਇੱਕੱਠਾ ਕੀਤਾ ਗਿਆ । ਉਨ੍ਹਾਂ ਦਸਿਆ ਇਸ ਕਾਰਜ ਵਿਚ ਭਾਈ ਸਤਨਾਮ ਸਿੰਘ ਜੀ ਕੋਹਾੜਕਾ, ਭਾਈ ਪਲਵਿੰਦਰ ਸਿੰਘ ਜੀ, ਭਾਈ ਸਿਮਰਪ੍ਰੀਤ ਸਿੰਘ ਜੀ, ਭਾਈ ਕਰਨੈਲ ਸਿੰਘ ਜੀ, ਭਾਈ ਸ਼ੁਭਦੀਪ ਸਿੰਘ ਜੀ, ਭਾਈ ਅਮਨਦੀਪ ਸਿੰਘ ਜੀ, ਭਾਈ ਜਰਨੈਲ ਸਿੰਘ ਜੀ, ਭਾਈ ਗੁਰਵਿੰਦਰ ਸਿੰਘ ਜੀ, ਭਾਈ ਨਿਰਭੈਰ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ, ਭਾਈ ਬਿਕਰਮਜੀਤ ਸਿੰਘ ਜੀ, ਭਾਈ ਰਵਿੰਦਰ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ, ਭਾਈ ਸਿਮਰਨਜੀਤ ਸਿੰਘ ਜੀ, ਭਾਈ ਨਵਨੀਤ ਸਿੰਘ ਜੀ, ਭਾਈ ਸਤਿੰਦਰਬੀਰ ਸਿੰਘ ਜੀ, ਭਾਈ ਗੁਰਕੀਰਤ ਸਿੰਘ ਜੀ ਸਮੂਹ ਰਾਗੀ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਦਾ ਭਰਪੂਰ ਸਾਥ ਮਿਲਿਆ ਜਿਸ ਲਈ ਸ਼੍ਰੋਮਣੀ ਰਾਗੀ ਸਭਾ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਤੇ ਅੱਗੇ ਵੀ ਲੋੜ ਪੈਣ ਤੇ ਇਸੇ ਤਰ੍ਹਾਂ ਸਾਡਾ ਸਾਥ ਦੇਣ ਦੀ ਉੱਮੀਦ ਕਰਦੇ ਹਾਂ । ਉਨ੍ਹਾਂ ਦਸਿਆ ਕਿ ਅਸੀਂ ਇਕ ਹੋਰ ਨਵੀਂ ਲਹਿਰ ਸ਼ੁਰੂ ਕਰਣ ਜਾ ਰਹੇ ਹਾਂ ਜਿਸ ਦਾ ਵੇਰਵਾ ਸੰਗਤਾਂ ਨਾਲ ਜਲਦ ਹੀ ਸਾਂਝਾ ਕੀਤਾ ਜਾਏਗਾ । ਅੰਤ ਵਿਚ ਉਨ੍ਹਾਂ ਨੇ ਵੱਖ ਵੱਖ ਗੁਰੂਘਰਾਂ ਵਿਚ ਕਰਵਾਏ ਗਏ ਵਿਸ਼ੇਸ਼ ਕੀਰਤਨ ਸਮਾਗਮਾਂ ਲਈ ਗੁਰੂਘਰ ਦੀਆਂ ਪ੍ਰਬੰਧਕ ਕਮੇਟੀਆਂ ਦੇ ਨਾਲ ਸੰਗਤਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਕਿ ਇੰਨ੍ਹਾ ਸਭ ਦੇ ਸਾਥ ਸਦਕਾ ਇਹ ਸੇਵਾ ਤਨਦੇਹੀ ਨਾਲ ਨਿਭਾ ਸਕੇ ਹਾਂ ।