ਨਵੀਂ ਦਿੱਲੀ - ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਕਿਹਾ ਸਾਵਧਾਨ ਇਹ ਬਦਲਾਅ ਵਾਲੀ ਸਰਕਾਰ ਹੈ । ਇਹ ਗੱਲਾਂ ਅਸੀਂ ਨਹੀਂ ਕਹਿ ਰਹੇ ਪੰਜਾਬ ਦੇ ਮੌਜੂਦਾ ਹਾਲਾਤ ਬਿਆਨ ਕਰ ਰਹੇ ਹਨ, ਕਿਉਂਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ੀ ਦੌਰੇ ਤੇ ਸਨ ਪ੍ਰੰਤੂ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਪੰਜਾਬ ਸਰਕਾਰ ਦਾ ਹੈਲੀਕਾਪਟਰ ਖੂਬ ਉੱਡਿਆ, ਜਿਸ ਦਾ ਆਰਟੀਆਈ ਮਾਹਿਰ ਮਾਨਿਕ ਗੋਇਲ ਨੇ ਆਰਟੀਆਈ ਰਾਹੀਂ ਖੁਲਾਸਾ ਕੀ ਕਰ ਦਿੱਤਾ, ਕਿ ਆਖਰ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਸਰਕਾਰੀ ਹੈਲੀਕਾਪਟਰ ਤੇ ਕੌਣ ਸਫਰ ਕਰ ਰਿਹਾ ਹੈ ? ਇਹ ਖਬਰਾਂ ਵੀ ਪ੍ਰਕਾਸ਼ਿਤ ਹੋ ਗਈਆਂ ਅਤੇ ਯੂਟੀਊਬ ਸਾਥੀਆਂ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਖਬਰਾਂ ਵੀ ਪ੍ਰਕਾਸ਼ਿਤ ਕਰ ਦਿੱਤੀਆਂ, ਜੋ ਸਰਕਾਰ ਨੂੰ ਚੰਗੀਆਂ ਨਹੀਂ ਲੱਗੀਆਂ, ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਨਵੇਂ ਵਰ੍ਹੇ ਦੇ ਪਹਿਲੇ ਦਿਨ ਹੀ ਪੰਜਾਬ ਦੇ ਬੇਬਾਕ ਪੱਤਰਕਾਰਾਂ ਅਤੇ ਯੂਟਿਬਰਾਂ ਨੂੰ ਤੋਹਫਾ ਦਿੰਦੇ ਹੋਏ 10 ਤੋਂ ਵੱਧ ਪੱਤਰਕਾਰਾਂ ਤੇ ਪਰਚਾ ਦੇ ਦਿੱਤਾ।ਜਿਸ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ , ਜਿਸ ਦਾ ਮੁੱਖ ਕਾਰਨ ਕਿ ਹੈਲੀਕਾਪਟਰ ਦੀ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਵਰਤੋਂ ਕਰਨ ਦੀ ਖਬਰ ਪ੍ਰਕਾਸ਼ਿਤ ਕਿਉਂ ਕੀਤੀ। ਭਾਈ ਅਤਲਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਹੈਲੀਕਾਪਟਰ ਦੀ ਵਰਤੋਂ ਦਾ ਮਾਮਲਾ ਬਹੁਤ ਹੀ ਸਿਵੇਦਨਸ਼ੀਲ ਹੈ, ਜਿਸ ਨੂੰ ਇਹਨਾਂ ਪੱਤਰਕਾਰ ਭਰਾਵਾਂ ਨੇ ਸਾਹਮਣੇ ਲਿਆਂਦਾ ਸੀ ਜਿਸ ਤੇ ਸਰਕਾਰ ਵੱਲੋਂ 10 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ ਜੋ ਸਰਕਾਰ ਦੀ ਬੁਖਲਾਹਟ ਤੋਂ ਸਿਵਾਏ ਹੋਰ ਕੁਝ ਨਹੀ । ਉਹਨਾਂ ਦੱਸਿਆ ਕਿ ਸਾਥੀ ਪੱਤਰਕਾਰਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ 4 ਜਨਵਰੀ ਨੂੰ ਪੰਜਾਬ ਸਰਕਾਰ ਖਿਲਾਫ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਤਾਂ ਜੋ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜੱਗ ਜਾਹਰ ਕੀਤਾ ਜਾ ਸਕੇ ਅਤੇ ਪੱਤਰਕਾਰਾਂ ਦੀ ਆਵਾਜ਼ ਦਬਾਉਣ ਦੇ ਮਾਮਲੇ ਨੂੰ ਹੋਰ ਜਨਤਕ ਕੀਤਾ ਜਾਵੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੰਘਰਸ਼ਾਂ ਚੋਂ ਨਿਕਲੇ ਹੋਏ ਮੁੱਖ ਮੰਤਰੀ ਹਨ ਜਿਨਾਂ ਦੀਆਂ ਖਬਰਾਂ ਵੀ ਸਾਰਿਆਂ ਨੇ ਪ੍ਰਕਾਸ਼ਿਤ ਕੀਤੀਆਂ ਪਰ ਹੁਣ ਸਰਕਾਰ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਪੱਬਾ ਭਾਰ ਦਿਖਾਈ ਦੇ ਰਹੀ ਹੈ ਜੋ ਅਤੀ ਨਿੰਦਣਯੋਗ ਹੈ।