ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੱਤਰਕਾਰਾਂ ਅਤੇ ਆਰ ਟੀ ਆਈ ਕਾਰਕੁੰਨਾਂ ਖਿਲਾਫ ਦਰਜ ਕੀਤੇ ਝੂਠੇ ਕੇਸ ਵਿਰੁੱਧ ਉਹਨਾਂ ਨਾਲ ਇਕਜੁੱਟਤਾ ਪ੍ਰਗਟਾਈ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਅਨਿਆਂ ਦਾ ਡਟਵਾਂ ਵਿਰੋਧ ਕਰਨ।
ਇਥੇ ਸੈਕਟਰ 17 ਵਿਚ ਪੱਤਰਕਾਰਾਂ ਵੱਲੋਂ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਪੱਤਰਕਾਰਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਦੇ ਨਾਲ ਡੱਟ ਕੇ ਖੜ੍ਹਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਸਮਝਦੀ ਹੈ ਕਿ ਉਹ ਇਹਨਾਂ ਤਰੀਕਿਆਂ ਨਾਲ ਪੰਜਾਬੀਆਂ ਨੂੰ ਡਰਾ ਸਕਦੀ ਹੈ ਪਰ ਉਸਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਪੰਜਾਬੀ ਹਮੇਸ਼ਾ ਅਨਿਆਂ ਦੇ ਖਿਲਾਫ ਡਟੇ ਹਨ ਅਤੇ ਉਹ ਆਪ ਸਰਕਾਰ ਦੇ ਅਨਿਆਂ ਖਿਲਾਫ ਵੀ ਡਟਣਗੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਲੋਕਾਂ ਦੀ ਜੰਗ ਹੈ ਤੇ ਕਿਹਾ ਕਿ ਪੱਤਰਕਾਰ ਤੇ ਆਰ ਟੀ ਆਈ ਕਾਰਕੁੰਨ ਜਿਹਨਾਂ ਖਿਲਾਫ ਝੂਠੇ ਕੇਸ ਦਰਜ ਕੀਤੇ ਗਏ ਹਨ, ਉਹ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਪੰਜਾਬ ਦੇ ਸਰੋਤਾਂ ਦੀ ਲੁੱਟ ਉਜਾਗਰ ਕਰ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਵੀ ਆਰ ਟੀ ਆਈ ਅਰਜ਼ੀਆਂ ਦਾਇਰ ਕੀਤੀਆਂ ਹਨ ਤਾਂ ਜੋ ਰਾਜ ਸਰਕਾਰ ਵੱਲੋਂ ਹੈਲੀਕਾਪਟਰ ਦੀ ਦੁਰਵਰਤੋਂ ਨੂੰ ਬੇਨਕਾਬ ਕੀਤਾ ਜਾ ਸਕੇ ਪਰ ਆਪ ਸਰਕਾਰ ਵਾਰ-ਵਾਰ ਜਾਣਕਾਰੀ ਦੇਣ ਤੋਂ ਇਨਕਾਰੀ ਹੈ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਈਸਟ ਇੰਡੀਆ ਕੰਪਨੀ ਵਾਂਗ ਲੁੱਟ ਰਿਹਾ ਹੈ ਤੇ ਪੰਜਾਬ ਸਰਕਾਰ ਦੇ ਖਰਚੇ ’ਤੇ ਇਸਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ 20 ਸੀਟਾਂ ਵਾਲੇ ਹਵਾਈ ਜਹਾਜ਼ ਕੇਜਰੀਵਾਲ ਨੂੰ ਹੋਰ ਰਾਜਾਂ ਵਿਚ ਲਿਜਾਣ ਵਾਸਤੇ ਵਰਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੀ ਇਸ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਜੋ ਮੁੱਖ ਮੰਤਰੀ ਦੇ ਨਾਮ ’ਤੇ ਪੰਜਾਬ ਸਰਕਾਰ ਇਸਦਾ ਭੁਗਤਾਨ ਕਰੇ। ਉਹਨਾਂ ਕਿਹਾ ਕਿ ਇਸੇ ਤਰੀਕੇ ਪੰਜਾਬ ਸਰਕਾਰ ਦੇ ਅਧਿਕਾਰੀ ਕੇਜਰੀਵਾਲ ਦੇ ਹੁਕਮਾਂ ’ਤੇ ਵਾਰ-ਵਾਰ ਦਿੱਲੀ ਸਫਰ ਕਰ ਰਹੇ ਹਨ ਜਦੋਂ ਕਿ ਸਰਕਾਰੀ ਖਰਚੇ ’ਤੇ ਮੰਤਰੀਆਂ ਨਾਲ ਜੁੜੇ ਆਪ ਵਰਕਰ ਵੀ ਕੰਮ ਕਰ ਰਹੇ ਹਨ।
ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਬਜਟ 30 ਤੋਂ 35 ਕਰੋੜ ਸੀ, ਆਪ ਦੀ ਸਰਕਾਰ ਵੇਲੇ ਇਸ਼ਤਿਹਾਰਬਾਜ਼ੀ ’ਤੇ 1000 ਕਰੋੜ ਰੁਪਏ ਖਰਚੇ ਜਾ ਰਹੇ ਹਨ ਅਤੇ ਹੁਣ ਤੱਕ ਇਸ ਖਾਤੇ ਵਿਚ 4500 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਸਰਦਾਰ ਬਾਦਲ ਨੇ ਕਿਹਾਕਿ ਕਦੇ ਵੀ ਸੂਬੇ ਦੇ ਇਤਿਹਾਸ ਵਿਚ ਇੰਨਾ ਪੈਸਾ ਪ੍ਰਚਾਰ ’ਤੇ ਖਰਚਿਆ ਗਿਆ ਹੈ।
ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਰੋਮਾਣਾ ਸਮੇਤ ਅਕਾਲੀ ਦਲ ਦੇ ਵਰਕਰਾਂ ਖਿਲਾਫ ਦਰਜ ਝੂਠੇ ਕੇਸਾਂ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਕ ਸੇਵਾ ਮੁਕਤ ਸੀ ਬੀ ਆਈ ਅਫਸਰ ਨੂੰ ਇਹ ਐਫ ਆਈ ਆਰ ਦਰਜ ਕਰਨ ਦੀ ਤਾਕਤ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਅਫਸਰ ਨੂੰ ਇਹ ਵੀ ਦੱਸਿਆ ਗਿਆ ਕਿ ਕਿਹੜੀ ਧਾਰਾ ਤਹਿਤ ਐਫ ਆਈ ਆਰ ਦਰਜ ਕਰਨੀ ਹੈ ਤੇ ਜਿਹੜਾ ਪੁਲਿਸ ਅਫਸਰ ਇਹ ਹੁਕਮ ਨਹੀਂ ਮੰਨੇਗਾ, ਉਸਨੂੰ ਮੁਅੱਤਲ ਕਰ ਦਿੱਤਾ ਜਾਵੇਗਾ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਮੀਡੀਆ ਦਾ ਸਤਿਕਾਰ ਕਰਦਾ ਹੈ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਮੀਡੀਆ ਦੀ ਆਜ਼ਾਦੀ ਦਾ ਸਤਿਕਾਰ ਕੀਤਾ। ਉਹਨਾਂ ਕਿਹਾ ਕਿ ਦੂਜੇ ਪਾਸੇ ਆਪ ਦੇ ਆਗੂਆਂ ਨੇ ਪੱਤਰਕਾਰਾਂ ਖਿਲਾਫ ਝੂਠੇ ਕੇਸ ਦਰਜ ਕਰ ਕੇ ਠੱਗਾਂ ਵਜੋਂ ਵਰਤਾਅ ਕੀਤਾ।