ਅੰਮ੍ਰਿਤਸਰ-ਸਿੱਖ ਚਿੰਤਕ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਬਾਦਲਾਂ ਦੇ ‘ਜਥੇਦਾਰ’ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 15 ਜਨਵਰੀ ਨੂੰ ਤਲਬ ਕੀਤਾ ਜਾਣਾ ਦਰਅਸਲ ਸੁਖਬੀਰ ਸਿੰਘ ਬਾਦਲ ਦੇ ਖਾਸਮ-ਖਾਸ ਅਤੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤੇ ਗਏ ਐਸ.ਐਸ. ਕੋਹਲੀ ਨੂੰ ਬਚਾਉਣ ਦੀ ਇੱਕ ਸੋਚੀ-ਸਮਝੀ ਕਵਾਇਦ ਦਾ ਹਿੱਸਾ ਹੈ।
ਉਹਨਾਂ ਕਿਹਾ ਕਿ ਗਿਆਨੀ ਗੜਗੱਜ ਵੱਲੋਂ ਮੁੱਖ ਮੰਤਰੀ ਮਾਨ ਨੂੰ ਤਲਬ ਕਰਨ ਦਾ ਇਹ ਫੈਸਲਾ ਪੰਥਕ ਰਵਾਇਤਾਂ ਦੇ ਅਨੁਕੂਲ ਤਾਂ ਕੀ, ਪੰਥਕ ਇਤਿਹਾਸ ਦੇ ਵੀ ਪੂਰੀ ਤਰ੍ਹਾਂ ਉਲਟ ਹੈ।
ਪ੍ਰੋਫੈਸਰ ਖਿਆਲਾ ਨੇ ਸਪਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਸੇ ਵੀ ਪਤਿਤ ਸਿੱਖ ਨੂੰ ਤਲਬ ਕਰਨ ਦੀ ਕੋਈ ਰਵਾਇਤ ਕਦੇ ਨਹੀਂ ਰਹੀ। ਹਾਂ, ਜੇ ਕਿਸੇ ਅਜਿਹੇ ਵਿਅਕਤੀ ਵੱਲੋਂ ਕੋਈ ਗਲਤੀ ਕੀਤੀ ਗਈ ਹੋਵੇ ਤਾਂ ਉਸਨੂੰ ਤਾੜਨਾ ਕੀਤੀ ਜਾ ਸਕਦੀ ਹੈ, ਪਰ ਤਲਬੀ ਦੀ ਪਰੰਪਰਾ ਪੰਥਕ ਮਰਿਆਦਾ ਦਾ ਹਿੱਸਾ ਨਹੀਂ ਹੈ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਅਫਸੋਸਨਾਕ ਹੈ ਕਿ ਅਕਾਲੀ ਦਲ ਵੱਲੋਂ ਉਸ ਇਤਿਹਾਸ ਨੂੰ ਫਿਰ ਦੋਹਰਾਇਆ ਜਾ ਰਿਹਾ ਹੈ ਜਿਸ ਨੇ ਉਸ ਨੂੰ ਅਨੇਕਾਂ ਵਾਰੇ ਵਿੱਚ ਖੜਾ ਕੀਤਾ। ਅੱਜ ਫਿਰ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਆਪਣੇ ਖਾਸਮ-ਖਾਸ ਵਿਅਕਤੀ ਨੂੰ ਬਚਾਉਣ ਅਤੇ ਸਿੱਟ ਦੀ ਕਾਨੂੰਨੀ ਕਾਰਵਾਈ ਰੋਕਣ ਲਈ ਮੁੱਖ ਮੰਤਰੀ ਮਾਨ ਉੱਤੇ ਆਪਣੇ ‘ਜਥੇਦਾਰ’ ਦੇ ਰਾਹੀਂ ‘ਧਾਰਮਿਕ ਅਵਗਿਆ’ ਵਰਗਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸੰਗਤ ਸਭ ਕੁਝ ਦੇਖ ਰਹੀ ਹੈ ਅਤੇ ਇਹ ਭਲੀਭਾਂਤੀ ਜਾਣਦੀ ਹੈ ਕਿ ਇਹ ਬਾਦਲਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇੱਕ ਵਾਰ ਫਿਰ ਕੀਤੀ ਜਾ ਰਹੀ ਦੁਰਵਰਤੋਂ ਹੈ।
ਪ੍ਰੋਫੈਸਰ ਖਿਆਲਾ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਬਾਦਲ ਅਕਾਲੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵੋੱਚਤਾ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੱਠਿਤ ਪੜਤਾਲੀਆ ਕਮੇਟੀ ਦੀ ਰਿਪੋਰਟ ਵਿੱਚ ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਬਚਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ—ਉਹ ਵਿਅਕਤੀ ਜਿਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਦੋਸ਼ੀ ਮੰਨ ਕੇ ਕਾਰਵਾਈ ਕਰਨ ਦਾ ਮਤਾ ਪਾਸ ਕਰ ਚੁੱਕੀ ਹੈ।
ਉਹਨਾਂ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਗੁਰੂ ਕੀ ਗੋਲਕ ਵਿੱਚ ਮਾਇਆ ਨਾ ਪਾਉਣ ਸਬੰਧੀ ਕਿਸੇ ਨੇ ਸਵਾਲ ਉਠਾਇਆ ਹੋਵੇ। ਗੁਰੂ ਕੀ ਗੋਲਕ ਦੀ ਅਕਾਲੀਆਂ ਵੱਲੋਂ ਸਿਆਸੀ ਮੰਤਵਾਂ ਲਈ ਕੀਤੀ ਜਾ ਰਹੀ ਦੁਰਵਰਤੋਂ ਦੇ ਖ਼ਿਲਾਫ਼ ਅਨੇਕਾਂ ਵਿਅਕਤੀ ਅਜਿਹੇ ਬਿਆਨ ਦੇ ਚੁੱਕੇ ਹਨ, ਜਿਨ੍ਹਾਂ ਵਿੱਚ ਕਈ ਮਿਸ਼ਨਰੀ ਪ੍ਰਚਾਰਕ ਵੀ ਸ਼ਾਮਿਲ ਰਹੇ ਹਨ।
ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਖਾਲਸਾਈ ਮਰਿਆਦਾ ਦੀ ਗੱਲ ਹੈ, ਸਿੱਖਾਂ ਦੇ ਪੰਜ ਤਖ਼ਤਾਂ ਅਤੇ ਸ੍ਰੀ ਦਰਬਾਰ ਸਾਹਿਬ ਵਿੱਚ ਪੁਰਾਤਨ ਖਾਲਸਾਈ ਰਹਿਤ ਮਰਿਆਦਾ ਦਾ ਹੀ ਪਾਲਣ ਕੀਤਾ ਜਾਣਾ ਲਾਜ਼ਮੀ ਹੈ।
ਜਿੱਥੋਂ ਤੱਕ ਇੱਕ ਗਾਇਕ ਵੱਲੋਂ ਕੀਰਤਨ ਕਰਨ ਦਾ ਸਵਾਲ ਹੈ, ਪ੍ਰੋਫੈਸਰ ਖਿਆਲਾ ਨੇ ਕਿਹਾ ਕਿ ਸਾਡੇ ਕੋਲ ਅਨੇਕਾਂ ਪ੍ਰਮਾਣ ਹਨ ਕਿ ਸਾਬਤ ਸੂਰਤ ਨਾ ਹੋਣ ਵਾਲੇ ਲੋਕ ਅੱਜ ਵੀ ਕੀਰਤਨ ਕਰਦੇ ਆ ਰਹੇ ਹਨ। ਭਾਰਤ ਵਿੱਚ ਸਿੰਧੀ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਸ਼ਰਧਾ ਨਾਲ ਮੰਨਦਾ ਹੈ, ਹਾਲਾਂਕਿ ਉਹ ਸਾਬਤ ਸੂਰਤ ਨਹੀਂ ਹਨ। ਇਸੇ ਤਰ੍ਹਾਂ ਪਾਕਿਸਤਾਨ ਵਿੱਚ ਵੀ ਅਨੇਕਾਂ ਸਿੰਧੀ ਅਤੇ ਹਿੰਦੂ ਭਾਈਚਾਰਿਆਂ ਦੇ ਲੋਕ ਗੁਰਦੁਆਰਿਆਂ ਵਿੱਚ ਕੀਰਤਨ ਕਰਦੇ ਹਨ।
ਪ੍ਰੋਫੈਸਰ ਖਿਆਲਾ ਨੇ ਇਹ ਵੀ ਸਪਸ਼ਟ ਕੀਤਾ ਕਿ ਜਿਸ ਰਹਿਤ ਮਰਿਆਦਾ ਨੂੰ ‘ਪੰਥ ਪ੍ਰਵਾਨ’ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ, ਅਸਲ ਵਿੱਚ ਉਹ ਅਜੇ ਤੱਕ ਕੇਵਲ ਇੱਕ ਖਰੜੇ ਦੀ ਸ਼ਕਲ ਵਿੱਚ ਹੈ, ਜਿਸਨੂੰ ਅੱਜ ਤੱਕ ਪੂਰੀ ਪੰਥਕ ਪ੍ਰਵਾਣਗੀ ਪ੍ਰਾਪਤ ਨਹੀਂ ਹੋ ਸਕੀ।