ਲੁਧਿਆਣਾ- ਦੁਨੀਆ ਦੀ ਸਭ ਤੋਂ ਲੰਬੀ ਦਾੜ੍ਹੀ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਅਤੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਕੈਨੇਡੀਅਨ ਸਿੱਖ ਗਿਆਨੀ ਸਰਵਨ ਸਿੰਘ ਨੇ ਅੱਜ ਆਪਣੀ ਵਿਸੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਕੇਸ ਹਰ ਸਿੱਖ ਲਈ ਗੁਰੂ ਦੀ ਮੋਹਰ ਹਨ!ਜੋ ਕਿ ਪ੍ਰਮਾਤਮਾ ਨੇ ਸਾਨੂੰ ਇੱਕ ਵੱਡਮੁਲੀ ਦਾਤ ਦੇ ਰੂਪ ਵਿੱਚ ਬਖਸੇ਼ ਹਨ, ਖਾਸ ਕਰਕੇ ਸਾਬਤ ਸੂਰਤ ਹਰ ਸਿੱਖ ਲਈ ਦਾੜ੍ਹੀ ਉਸ ਦੀ ਇੱਕ ਵਿਲੱਖਣ ਪਹਿਚਾਣ ਦਰਸਾਉਦੀ ਹੈ! ਆਪਣੀ ਲੰਬੀ ਦਾੜ੍ਹੀ ਸਬੰਧੀ ਗੱਲ ਕਰਦਿਆਂ ਗਿਆਨੀ ਸਰਵਨ ਸਿੰਘ ਨੇ ਕਿਹਾ ਕਿ ਅੱਜ ਸਾਰੇ ਸੰਸਾਰ ਅੰਦਰ ਮੇਰੀ ਪਹਿਚਾਣ ਅਕਾਲ ਪੁਰਖ ਵੱਲੋਂ ਬਖਸ਼ੀ ਲੰਬੀ ਦਾੜ੍ਹੀ ਕਰਕੇ ਹੈ! ਜਿਸਨੂੰ ਮੈ ਸਤਿਗੁਰੂ ਦੀ ਇੱਕ ਵੱਡੀ ਕੀਮਤੀ ਦਾਤ ਮੰਨਦਾ ਹਾਂ, ਕਿਉ ਕਿ ਇਸ ਗੁਰੂ ਦੀ ਦਾਤ ਦੀ ਬਦੌਲਤ ਹੀ ਮੈ ਵਰਲਡ ਰਿਕਾਰਡ ਕਾਇਮ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ!ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਜਾਣਕਾਰੀ ਦੇਦਿਆਂ ਹੋਇਆ ਦੱਸਿਆ ਕਿ ਉਨ੍ਹਾਂ ਦੀ ਦਾੜ੍ਹੀ ਦੀ ਲੰਬਾਈ 8 ਫੁੱਟ 25 ਇੰਚ (2.49 ਮੀਟਰ) ਹੈ ਅਤੇ ਉਨ੍ਹਾਂ ਨੂੰ ਦੋ ਵਾਰ ਸਭ ਤੋਂ ਲੰਬੀ ਦਾੜ੍ਹੀ ਵਾਲੇ ਵਿਅਕਤੀ ਦਾ ਖਿਤਾਬ ਮਿਲਿਆ ਹੈ।ਸੰਨ 2008 ਵਿੱਚ ਪਹਿਲੀ ਵਾਰ ਉਨ੍ਹਾਂ ਨੇ ਰਿਕਾਰਡ ਤੋੜਿਆ ਜਦੋਂ ਉਨ੍ਹਾਂ ਦੀ ਦਾੜ੍ਹੀ 2.33 ਮੀਟਰ (7 ਫੁੱਟ 8 ਇੰਚ) ਲੰਬੀ ਮਾਪੀ ਗਈ। ਇਸ ਤੋਂ ਪਹਿਲਾਂ ਇਹ ਰਿਕਾਰਡ ਸਵੀਡਨ ਦੇ ਬਰਗਰ ਪੇਲਾਸ ਦੇ ਨਾਂ ਸੀ। 2010 ਵਿੱਚ, ਉਸ ਦੀ ਦਾੜ੍ਹੀ 2.495 ਮੀਟਰ (8 ਫੁੱਟ 2.5 ਇੰਚ) ਮਾਪੀ ਗਈ। ਇਹ 15 ਅਕਤੂਬਰ, 2022 ਨੂੰ 2.54 ਮੀਟਰ (8 ਫੁੱਟ 3 ਇੰਚ) ਮਾਪਿਆ ਗਿਆ ਸੀ।ਇਸ ਦੌਰਾਨ ਗਿਆਨੀ ਸਰਵਨ ਸਿੰਘ ਨੇ ਦੱਸਿਆ ਕਿ 17 ਸਾਲ ਦੀ ਉਮਰ ਤੋਂ ਹੀ ਉਨ੍ਹਾਂ ਨੇ ਕਦੇ ਵੀ ਆਪਣੀ ਦਾੜ੍ਹੀ ਨੂੰ ਨਹੀਂ ਕੱਟਿਆ ਬਲਕਿ ਇਸ ਨੂੰ ਬੜੀ ਹਿਫਾਜ਼ਤ ਨਾਲ ਸੰਭਾਲਣੀ ਆਰੰਭ ਕੀਤੀ ਅਤੇ ਆਪਣੀ
ਦਾੜ੍ਹੀ ਦੀ ਦੇਖਭਾਲ ਲਈ ਉਹ ਰੋਜਾਨਾ ਉਹ ਦਾੜ੍ਹੀ ਦੇ ਵਾਲਾਂ ਨੂੰ ਸ਼ੈਂਪੂ ਤੇ ਕੰਡੀਸ਼ਨਰ ਕਰਦੇ ਹਨ ਅਤੇ ਦਾੜ੍ਹੀ ਸੁਕਾਉਣ ਤੋਂ ਬਾਅਦ ਉਹ ਆਪਣੀ ਦਾੜ੍ਹੀ ਵਿੱਚ ਤੇਲ ਤੇ ਜੈੱਲ ਲਗਾ ਕੇ ਕੰਘੀ ਕਰਦੇ ਨੇ। ਉਨ੍ਹਾਂ ਨੇ ਦੱਸਿਆ ਕਿ ਦਿਨ ਭਰ ਆਪਣੀ ਦਾੜ੍ਹੀ ਬੰਨ੍ਹਣ ਲਈ ਕੱਪੜੇ ਦੀ ਵਰਤੋਂ ਕਰਦੇ ਹਨ ਪਰ ਉਹ ਵਿਸ਼ੇਸ਼ ਮੌਕਿਆਂ ਜਾਂ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋਣ ਵੇਲੇ ਇਸ ਨੂੰ ਖੋਲ੍ਹਦੇ ਹਨ। ਮੌਜੂਦਾ ਸਮੇਂ ਦੀ ਸਿੱਖ ਨੌਜਵਾਨ ਪੀੜ੍ਹੀ ਲਈ ਇੱਕ ਰੋਲ ਮਾਡਲ ਵੱਜੋ ਜਾਣੇ ਜਾਂਦੇ ਗਿਆਨੀ ਸਰਵਨ ਸਿੰਘ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸਿੱਖ ਨੌਜਵਾਨ ਤੇ ਬੱਚੇ ਪਤਿਤਪੁਣੇ ਦਾ ਤਿਆਗ ਕਰਕੇ ਆਪਣੇ ਧਰਮ ਤੇ ਵਿਰਸੇ ਵਿੱਚ ਪ੍ਰੱਪਕ ਹੋਣ ਕਿਉ ਕਿ ਕੇਸ ਹੀ ਸਿੱਖੀ ਦੀ ਅਸਲੀ ਪਹਿਚਾਣ ਹਨ! ਜਿਸ ਦੀ ਬਦੌਲਤ ਸਮੁੱਚੇ ਸੰਸਾਰ ਅੰਦਰ ਗੁਰੂ ਦੇ ਹਰ ਸਿੱਖ ਨੂੰ ਮਾਣ ਸਨਮਾਨ ਮਿਲਦਾ ਹੈ!
ਇਸ ਤੋ ਪਹਿਲਾਂ ਗਿਆਨੀ ਸਰਵਨ ਸਿੰਘ ਜੀ ਦਾ ਲੁਧਿਆਣਾ ਸਥਿਤ ਆਪਣੇ ਗ੍ਰਹਿ ਵਿਖੇ ਪੁੱਜਣ ਤੇ ਸ. ਕੁਲਵਿੰਦਰ ਸਿੰਘ ਬੈਨੀਪਾਲ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੁੱਗਰੀ ਅਰਬਨ ਅਸਟੇਟ ਫੇਸ 2 ਲੁਧਿਆਣਾ ਨੇ ਨਿੱਘਾ ਸਵਾਗਤ ਕੀਤਾ ਅਤੇ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ!