ਅੰਮ੍ਰਿਤਸਰ- ਭਾਈ ਤੇਜਬੀਰ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਨੂੰ ਵਾਰ ਵਾਰ ਪੈਰੋਲ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਸਰਕਾਰ ਦੀ ਇਹ ਕਾਰਵਾਈ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੀ ਹੈ। ਭਾਈ ਤੇਜਬੀਰ ਸਿੰਘ ਖ਼ਾਲਸਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਹੁਣ ਤੱਕ ਡੇਰਾ ਸਿਰਸਾ ਮੁਖੀ ਨੂੰ ਅਣਗਿਣਤ ਵਾਰ ਪੈਰੋਲ ਦੇ ਕੇ, ਫਰਲੋ ਦੇ ਕੇ ਘੱਟ ਗਿਣਤੀ ਸਿੱਖ ਕੌਮ ਦੇ ਜਜਬਾਤਾਂ ਨੂੰ ਭੜਕਾ ਰਹੀ ਹੈ। ਇੱਕ ਪਾਸੇ ਸਾਡੇ ਬੰਦੀ ਸਿੱਖ ਪਿਛਲੇ 30 30, 35 35 ਸਾਲ ਤੋਂ ਦੇਸ਼ ਦੀਆਂ ਵੱਖ ਵੱਖ ਜੇਲਾਂ ਵਿੱਚ ਸਜਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਵੀ ਨਜ਼ਰਬੰਦ ਹਨ ਤੇ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ, ਬਲਾਤਕਾਰੀ ਅਤੇ ਕਤਲ ਦੇ ਦੋਸ਼ਾਂ ਵਿਚ ਅਦਾਲਤ ਤੋਂ ਸਜ਼ਾ ਪ੍ਰਾਪਤ ਡੇਰਾ ਸਿਰਸਾ ਮੁਖੀ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਬਤ ਖ਼ਾਲਸਾ ਦੁਆਰਾ ਨਾਮਜਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਮਾਤਾ ਜੀ ਇਸ ਵਕਤ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਜਥੇਦਾਰ ਹਵਾਰਾ ਦੀ ਰਿਹਾਇਸ਼ ਦੇ ਨੇੜਲੇ ਪਿੰਡਾਂ ਨੇ ਸਰਕਾਰ ਨੂੰ ਲਿਖਤੀ ਤੌਰ ਤੇ ਦਿੱਤਾ ਹੈ ਕਿ ਜੇਕਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਹਨਾਂ ਦੀ ਮਾਤਾ ਨਾਲ ਮਿਲਾ ਦਿੱਤਾ ਜਾਵੇ ਤਾਂ ਇਸ ਨਾਲ ਅਮਨ ਤੇ ਕਾਨੂੰਨ ਨੂੰ ਕੋਈ ਖਤਰਾ ਨਹੀ ਹੋਵੇਗਾ, ਪਰ ਸਰਕਾਰ ਨੇ ਚੁਣੀਆਂ ਪੰਚਾਇਤਾ ਦੀ ਕਿਸੇ ਵੀ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਹੋਇਆ ਹੈ ਅਤੇ ਭਾਈ ਜਗਤਾਰ ਸਿੰਘ ਜੀ ਹਵਾਰਾ ਦੇ ਮਾਤਾ ਜੀ ਭਾਈ ਹਵਾਰਾ ਦਾ ਇੰਤਜ਼ਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਚੱਲ ਰਹੇ ਹਨ ਇੱਕ ਕਾਨੂੰਨ ਬਹੁ ਗਿਣਤੀ ਲਈ ਅਤੇ ਇੱਕ ਕਾਨੂੰਨ ਘੱਟ ਗਿਣਤੀਆਂ ਲਈ ਚੱਲਦਾ ਹੈ। ਸਰਕਾਰ ਦੀ ਇਸ ਕਾਰਵਾਈ ਨਾਲ ਸਿੱਖਾਂ ਅੰਦਰ ਦੂਸਰੇ ਦਰਜੇ ਦਾ ਨਾਗਰਿਕ ਹੋਣ ਵਾਲੀ ਭਾਵਨਾ ਪੈਦਾ ਹੋ ਰਹੀ ਹੈ। ਉਹਨਾਂ ਯਾਦ ਕਰਵਾਇਆ ਕਿ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ ਤੇ ਸਭ ਤੋਂ ਵੱਧ ਸਿੱਖਾਂ ਨੂੰ ਹੀ ਉਨਾਂ ਦੇ ਹੱਕਾ ਤੋ ਮਹਿਰੂਮ ਕੀਤਾ ਜਾ ਰਿਹਾ ਹੈ।ਭਾਈ ਖ਼ਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਵਲੋ ਪਹਿਲਾਂ ਵੀ ਇਸ ਪਖੰਡੀ ਸਾਧ ਦੇ ਪ੍ਰੋਗਰਾਮ ਪੰਜਬ ਵਿਚ ਨਹੀ ਹੋਣ ਦਿੱਤੇ ਤੇ ਨਾ ਹੀ ਵਰਤਮਾਨ ਤੇ ਨਾ ਹੀ ਭਵਿਖ ਵਿਚ ਹੋਣ ਦੇਵਾਂਗੇ।