ਚੰਡੀਗੜ੍ਹ-ਜਲੰਧਰ ਪੁਲਿਸ ਕਮਿਸ਼ਨਰੇਟ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਸ੍ਰੀ ਇਕਬਾਲ ਸਿੰਘ ਦੀ ਸ਼ਿਕਾਇਤ 'ਤੇ ਦਿੱਲੀ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਨੇਤਾ ਅਤੇ ਐਮ.ਐਲ.ਏ. ਸ੍ਰੀਮਤੀ ਆਤਿਸ਼ੀ ਦੀ ਇੱਕ ਵੀਡੀਓ ਨੂੰ ਤੇੜ-ਮਰੋੜ ਕੇ ਅਤੇ ਤਕਨਾਲੋਜੀ ਨਾਲ ਬਦਲ ਕੇ ਗਲਤ ਢੰਗ ਨਾਲ ਅਪਲੋਡ ਅਤੇ ਪ੍ਰਸਾਰਿਤ ਕਰਨ ਨਾਲ ਸਬੰਧਤ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੂੰ ਗੁਰੂਆਂ ਵਿਰੁੱਧ ਕਥਿਤ ਤੌਰ 'ਤੇ ਅਪਮਾਨਜਨਕ ਅਤੇ ਨਿੰਦਿਆ ਭਰੀਆਂ ਟਿੱਪਣੀਆਂ ਕਰਦੇ ਹੋਏ ਦਿਖਾਉਂਦਿਆਂ ਭੜਕਾਊ ਸੁਰਖੀਆਂ ਦੇ ਨਾਲ ਇੱਕ ਛੋਟੀ ਵੀਡੀਓ ਕਲਿੱਪ ਵਾਲੀਆਂ ਕਈ ਪੋਸਟਾਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਪਲੋਡ/ਪ੍ਰਸਾਰਿਤ ਕੀਤੀਆਂ ਗਈਆਂ ਹਨ।
ਬੁਲਾਰੇ ਨੇ ਅੱਗੇ ਕਿਹਾ ਕਿ ਇਸ ਵੀਡੀਓ ਕਲਿੱਪ ਦੀ ਜਾਂਚ ਵਿਗਿਆਨਕ ਢੰਗ ਨਾਲ ਕੀਤੀ ਗਈ ਹੈ ਅਤੇ ਸ੍ਰੀਮਤੀ ਆਤਿਸ਼ੀ ਦੀ ਆਡੀਓ ਵਾਲੀ ਇਹ ਵੀਡੀਓ ਕਲਿੱਪ ਸ੍ਰੀ ਕਪਿਲ ਮਿਸ਼ਰਾ ਦੇ ਸੋਸ਼ਲ ਮੀਡੀਆ ਪਲੇਟਫਾਰਮ (https://x.com/kapilmishra_ind/status/2008811019158847790?s=48) ਤੋਂ ਡਾਊਨਲੋਡ ਕਰਕੇ ਫੋਰੈਂਸਿਕ ਜਾਂਚ ਲਈ ਡਾਇਰੈਕਟਰ, ਫੋਰੈਂਸਿਕ ਸਾਇੰਸ ਲੈਬਾਰਟਰੀ, ਪੰਜਾਬ, ਐਸਏਐਸ ਨਗਰ ਨੂੰ ਭੇਜੀ ਗਈ ਸੀ।
ਦੱਸਣਯੋਗ ਹੈ ਕਿ ਇਸ ਵੀਡੀਓ ਦੀ ਫੋਰੈਂਸਿਕ ਰਿਪੋਰਟ 09-01-2026 ਦੇ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਸ੍ਰੀਮਤੀ ਆਤਿਸ਼ੀ ਦੁਆਰਾ ਆਪਣੀ ਆਡੀਓ ਵਿੱਚ ਕਿਤੇ ਵੀ "ਗੁਰੂ" ਸ਼ਬਦ ਨਹੀਂ ਬੋਲਿਆ ਗਿਆ ਜਿਵੇਂ ਕਿ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕੀਤੇ ਜਾ ਰਹੇ ਵੀਡੀਓ ਕਲਿੱਪਾਂ ਵਿੱਚ ਦਿਖਾਇਆ ਜਾ ਰਿਹਾ ਹੈ। ਅਸਲ ਵਿੱਚ ਇਸ ਵੀਡੀਓ ਨਾਲ ਛੇੜ-ਛਾੜ ਕਰਕੇ ਇਸਨੂੰ ਤਕਨਾਲੋਜੀ ਨਾਲ ਤੋੜ ਮਰੋੜ ਕੇ ਅਪਲੋਡ ਕੀਤਾ ਗਿਆ ਹੈ, ਜਿਸ ਵਿੱਚ ਅਜਿਹੇ ਕੁਝ ਸ਼ਬਦ ਸ਼ਾਮਲ ਕੀਤੇ ਗਏ ਹਨ ਜੋ ਸ੍ਰੀਮਤੀ ਆਤਿਸ਼ੀ ਦੁਆਰਾ ਬੋਲੇ ਹੀ ਨਹੀਂ ਗਏ।