ਅੰਮ੍ਰਿਤਸਰ -ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਦਸੇ ਜਾਂਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ 20 ਦਸੰਬਰ 2025 ਨੂੰ ਪੰਜਾਬ ਸਰਕਾਰ ਵਲੋ ਬਣਾਈ ਵਿਸੇ਼ਸ਼ ਪੜਤਾਲੀਆ ਟੀਮ ਦੇ ਦੋ ਮੈਂਬਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਆ ਦਸਤਕ ਦਿੱਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਦੇਸ਼ ਜਾਰੀ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਦਸੇ ਜਾਂਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਲਈ ਬਣੀ ਵਿਸੇ਼ਸ਼ ਪੜਤਾਲੀਆ ਟੀਮ ਦਾ ਸਹਿਯੋਗ ਕੀਤਾ ਜਾਵੇ। ਅੱਜ ਪੜਤਾਲ ਕਰ ਰਹੀ ਵਿਸੇ਼ਸ਼ ਪੜਤਾਲੀਆ ਟੀਮ ਦੇ ਦੋ ਮੈਂਬਰਾਂ ਸ੍ਰੀ ਜਗਤਪ੍ਰੀਤ ਸਿੰਘ ਪੀ ਪੀ ਐਸ, ਏ ਆਈ ਜੀ ਵਿਜੀਲੈਂਸ, ਐਸ ਏ ਐਸ ਨਗਰ, ਮੋਹਾਲੀ ਤੇ ਮੈਂਬਰ ਹਰਪਾਲ ਸਿੰਘ ਪੀ ਪੀ ਐਸ ਡੀ ਸੀ ਪੀ, ਪੁਲਿਸ ਕਮਿਸ਼ਨਰੇਟ, ਅੰਮ੍ਰਿਤਸਰ ਪਹੁੰਚੇ ਸਨ।ਸ਼ੋ੍ਰਮਣੀ ਕਮੇਟੀ ਦੇ ਦਫਤਰ ਤੇਜਾ ਸਿੰਘ ਸਮੂੰਦਰੀ ਹਾਲ ਵਿਚ ਦੋਵਾਂ ਧਿਰਾਂ ਦੀ ਹੋਈ ਮੀਟਿੰਗ ਵਿਚ ਮੁੱਖ ਸਕੱਤਰ ਸ੍ਰ ਕੁਲਵੰਤ ਸਿੰਘ ਮੰਨਣ, ਸਕੱਤਰ ਸ੍ਰ ਪ੍ਰਤਾਪ ਸਿੰਘ, ਸਕੱਤਰ ਧਰਮ ਪ੍ਰਚਾਰ ਕਮੇਟੀ ਸ੍ਰ ਬਲਵਿੰਦਰ ਸਿੰਘ ਕਾਹਲਵਾਂ, ਸੁਪਰਡੈੇਂਟ ਸ੍ਰ ਨਿਸ਼ਾਨ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਲੋ ਨਿਜੀ ਸਹਾਇਕ ਜਥੇਦਾਰ ਸ੍ਰ ਬਗੀਚਾ ਸਿੰਘ ਤੇ ਮੈਨੇਜਰ ਸ੍ਰ ਰਜਿੰਦਰ ਸਿੰਘ ਰੂਬੀ ਸ਼ਾਮਲ ਹੋਏ ਕਰੀਬ 30 ਮਿੰਟ ਤਕ ਚਲੀ ਮੁਲਾਕਾਤ ਤੋ ਬਾਅਦ ਸ੍ਰੀ ਜਗਤਪ੍ਰੀਤ ਸਿੰਘ ਏ ਆਈ ਜੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਗੁਰੂ ਮਹਾਰਾਜ ਦੇ ਗੁੰਮ ਹੋਏ ਸਰੂਪਾਂ ਨਾਲ ਸਬੰਧਤ ਰਿਕਾਰਡ ਇਕੱਠੇ ਕਰਨ ਲਈ ਆਏ ਸੀ।ਲੋੜੀਂਦੇ ਰਿਕਾਰਡਾਂ ਲਈ ਲਿਖਤੀ ਬੇਨਤੀ ਵੀ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਨੂੰ ਸੌਂਪੀ ਹੈ। ਸ਼ੋ੍ਰਮਣੀ ਕਮੇਟੀ ਨੇ ਪੂਰਾ ਸਹਿਯੋਗ ਅਤੇ ਦਸਤਾਵੇਜ਼ਾਂ ਦੀ ਸਮੇਂ ਸਿਰ ਵਿਵਸਥਾ ਦਾ ਭਰੋਸਾ ਦਿੱਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਜਸਟਿਸ ਈਸ਼ਰ ਸਿੰਘ ਕਮਿਸ਼ਨ ਰਿਪੋਰਟ ਵਿੱਚ ਦੱਸੇ ਗਏ 328 ਸਰੂਪਾਂ ਦਾ ਪਤਾ ਲਗਾਉਣਾ ਹੈ। ਉਨ੍ਹਾਂ ਸੋਸ਼ਲ ਮੀਡੀਆ ਦੇ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਵਿਸੇ਼ਸ਼ ਪੜਤਾਲੀਆ ਟੀਮ ਪਹਿਲਾਂ ਹੀ ਸਿੱਟੇ ਤੇ ਪਹੁੰਚ ਚੁੱਕੀ ਹੈ।ਉਨਾਂ ਕਿਹਾ ਕਿ ਜਦੋਂ ਤੱਕ ਪੂਰਾ ਰਿਕਾਰਡ ਪ੍ਰਾਪਤ ਨਹੀਂ ਹੋ ਜਾਂਦਾ, ਕੋਈ ਵੀ ਖੋਜ ਨਹੀਂ ਕੀਤੀ ਜਾ ਸਕਦੀ।ਇੱਕ ਵਾਰ ਜਦੋਂ ਸ਼ੋ੍ਰਮਣੀ ਕਮੇਟੀ ਦੁਆਰਾ ਰਿਕਾਰਡ ਪ੍ਰਦਾਨ ਕੀਤਾ ਜਾਂਦਾ ਹੈ, ਤਾਂ ਢੁਕਵੀਂ ਜਾਂਚ ਕੀਤੀ ਜਾਵੇਗੀ ਕਿ ਕੀ ਇਹ ਕੋਈ ਵਿੱਤੀ ਬੇਨਿਯਮੀਆਂ ਸਨ ਜਾਂ ਸਰੂਪਾਂ ਦੇ ਗਾਇਬ ਹੋਣ ਦੀ ਘਟਨਾ ਸੀ।