ਅੰਮ੍ਰਿਤਸਰ-ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਰਾਸਤ—ਏ—ਪੰਜਾਬ’ ਲੋਹੜੀ ਦਾ ਜਸ਼ਨ ਬੜ੍ਹੇ ਜੋਸ਼ੋ—ਖਰੋਸ਼ ਨਾਲ ਮਨਾਇਆ ਗਿਆ। ’ਵਰਸਿਟੀ ਅਤੇ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ (ਯੂ. ਐਸ. ਏ., ਕੈਨੇਡਾ, ਯੂ. ਕੇ., ਭਾਰਤ) ਦੇ ਸਾਂਝੇ ਸਹਿਯੋਗ ਨਾਲ ਕਰਵਾਏ ਉਕਤ ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨ—ਏ—ਖਾਸ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਸਾਬਕਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਮੁੱਖ ਮਹਿਮਾਨ ਖਾਲਸਾ ’ਵਰਸਿਟੀ ਤੋਂ ਡੀਨ ਭਾਸ਼ਾਵਾਂ ਤੇ ਮੁੱਖੀ ਪੰਜਾਬੀ ਵਿਭਾਗ ਡਾ. ਰਮਿੰਦਰ ਕੌਰ, ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ, ਸਾਬਕਾ ਜ਼ਿਲ੍ਹਾ ਭਾਸ਼ਾ ਅਫਸਰ, ਗੁਰਦਾਸਪੁਰ—ਅੰਮ੍ਰਿਤਸਰ ਅਤੇ ਨੈਸ਼ਨਲ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ, ਇਨਕਮ ਟੈਕਸ ਭਾਰਤ ਸਰਕਾਰ ਸਹਾਇਕ ਡਾਇਰੈਕਟਰ ਸ੍ਰੀ ਬਜਿੰਦਰ ਸਿੰਘ, ਸਮਾਜ ਸੇਵੀ ਸ: ਸਤਬੀਰ ਸਿੰਘ ਤੇ ਹੋਰ ਸਖਸ਼ੀਅਤਾਂ ਨੇ ਭੁੱਗਾ ਬਾਲਣ ਦੀ ਰਸਮ ਅਦਾ ਕਰਕੇ ਕੀਤੀ।
ਇਸ ਮੌਕੇ ਡਾ. ਮਾਹਲ ਨੇ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਲੋਹੜੀ ਦਾ ਸੱਭਿਆਚਾਰਕ ਮਹੱਤਵ ਹੈ, ਕਿਉਂਕਿ ਇਹ ਲੋਕਾਂ ਨੂੰ ਇਕਜੁਟ ਕਰਦਿਆਂ ਏਕਤਾ ਸ਼ਕਤੀ ਵਜੋਂ ਕੰਮ ਕਰਦੀ ਹੈ।ਲੋਹੜੀ ਭਾਰਤ ਦੇ ਸਭ ਤੋਂ ਵੱਧ ਮਨਾਏ ਜਾਣ ਵਾਲੇ ਤਿਉਹਾਰਾਂ ’ਚੋਂ ਇਕ ਹੈ, ਜੋ ਉਤਰੀ ਭਾਰਤ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ—ਕਸ਼ਮੀਰ ਆਦਿ ਵਰਗੇ ਕਈ ਰਾਜਾਂ ’ਚ ਮਨਾਇਆ ਜਾਂਦਾ ਹੈ।ਇਸ ਦੇ ਨਾਲ ਉਨ੍ਹਾਂ ਕਿਹਾ ਕਿ ਭਾਸ਼ਾ ਕੋਈ ਵੀ ਹੋਵੇ ਸਭ ਸਤਿਕਾਰਯੋਗ ਹਨ ਅਤੇ ਹਰ ਬੱਚੇ ਨੂੰ ਆਪਣੀ ਮਾਤ ਭਾਸ਼ਾ ਦੇ ਨਾਲ—ਨਾਲ ਹੋਰਨਾਂ ਭਾਸ਼ਾ ਦਾ ਵੀ ਗਿਆਨ ਹੋਣਾ ਚਾਹੀਦਾ ਹੈ ਉਹ ਭਾਵੇਂ ਕਿਧਰੇ ਵੀ ਜਾ ਕੇ ਗੱਲ ਕਰੇ ਉਸ ਪੱਧਰ ਦੀ ਗੱਲ ਕਰਨੀ ਆਉਂਦੀ ਹੋਵੇ।ਪਰ ਕਦੇ ਵੀ ਆਪਣੀ ਮਾਂ ਬੋਲੀ ਨਹੀਂ ਭੁੱਲਣੀ, ਕਿਉਂਕਿ ਹਰ ਇਨਸਾਨ ਦਾ ਵਜੂਦ ਉਸਦੀ ਮਾਂ ਬੋਲੀ ਕਾਇਮ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਸਖਸ਼ੀਅਤ ਦਸਤਾਰ, ਰਫਤਾਰ ਅਤੇ ਗੁਫਤਾਰ ਨਾਲ ਪਛਾਣੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਜੋ ਵੀ ਆਪਣੇ—ਆਪਣੇ ਸੱਭਿਆਚਾਰਕ ਦੇ ਮੁਤਾਬਕ ਪਹਿਨਦੇ ਹੋ ਉਹ ਪਹਿਰਾਵਾ ਤੁਹਾਡੀ ਸੱਭਿਆਚਾਰ ਦੀ ਪਛਾਣ ਹੁੰਦਾ ਹੈ।ਇਸੇ ਦੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਜੀਵਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਗੱਲਬਾਤ ਕਰਨ ਦੇ ਸਲੀਕੇ, ਪਹਿਰਾਵੇ, ਸਮਾਜ ’ਚ ਵਿਚਰਨ ਅਤੇ ਸ਼ੈਲੀ ’ਤੇ ਜ਼ੋਰ ਦਿੱਤਾ।
ਇਸ ਮੌਕੇ ਡਾ. ਰਮਿੰਦਰ ਕੌਰ ਨੇ ਕਿਹਾ ਕਿ ਮਨੁੱਖਤਾ ਦੀ ਜਦੋਂ ਸ਼ੁਰੂਆਤ ਹੋਈ, ਉਦੋਂ ਸਾਡਾ ਸਮਾਜ ਔਰਤ ਕੇਂਦਰਿਤ ਸੀ, ਫਿਰ ਸਮਾਂ ਰਹਿੰਦਿਆਂ ਮਰਦਾਂ ਦੇ ਹੱਥ ’ਚ ਤਾਕਤ ਆ ਗਈ ਬਾਅਦ ’ਚ ਕਈ ਜਥੇਬੰਦੀਆਂ, ਧਾਰਮਿਕ ਆਗੂਆਂ ਨੇ ਔਰਤਾਂ ਦੇ ਹੱਕ ’ਚ ਨਿੱਤਰਦਿਆਂ ਉਨ੍ਹਾਂ ਦੀ ਅਵਾਜ਼ ਬੁਲੰਦ ਕੀਤੀ।ਉਨ੍ਹਾਂ ਕਿਹਾ ਕਿ ਵਿਅਕਤੀਗਤ ਤੌਰ ’ਤੇ ਅਦਾਰੇ, ਸੰਸਥਾਵਾਂ ਜਿੰਨ੍ਹੇ ਚਾਹੇ ਯਤਨ ਕਰਨ ਪਰ ਜਿਨ੍ਹਾਂ ਚਿਰ ਔਰਤ ਆਪਣੇ ਭਵਿੱਖ ਵੱਲ ਸੁਤੰਤਰ ਸੋਚ ਨਾਲ ਧਿਆਨ ਕੇਂਦਰਿਤ ਨਹੀਂ ਕਰੇਗੀ, ਉਨ੍ਹਾਂ ਚਿਰ ਗੱਲ ਨਹੀਂ ਬਣ ਸਕਦੀ।ਉਨ੍ਹਾਂ ਕਿਹਾ ਕਿ ਭਾਵੇਂ ਵਿੱਦਿਅਕ ਅਦਾਰਿਆਂ, ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ’ਚ ਲੜਕੀਆਂ ਦੀ ਗਿਣਤੀ ਵੱਧ ਤਾਂ ਗਈ ਹੈ ਅਤੇ ਬਦਲਾਅ ਵੀ ਆ ਰਿਹਾ ਹੈ ਪਰ ਜਿੰਨ੍ਹਾਂ ’ਚ ਔਰਤ ਨੂੰ ਆਪਣੇ ਕੈਰੀਅਰ ਦੇ ਸਹੀ ਮਕਸਦ ਬਾਰੇ ਨਹੀਂ ਪਤਾ ਚੱਲੇਗਾ ਕਿ ਸਾਡੀ ਅਜ਼ਾਦੀ ਦੇ ਅੰਸ਼ ਕੀ ਹਨ, ਉਨ੍ਹਾਂ ਚਿਰ ਕੁਝ ਮੁਮਕਿਨ ਨਹੀਂ ਹੈ।ਉਨ੍ਹਾਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਇਹ ਇਕ ਅਜਿਹਾ ਯਤਨ ਹੈ ਕਿ ਔਰਤ ਸੋਸਾਇਟੀ ਦਾ ਅੱਧਾ ਹਿੱਸਾ ਹੈ ਅਤੇ ਜੇਕਰ ਇਹ ਅੱਧਾ ਹਿੱਸਾ ਖੁਸ਼, ਸੰਤੁਸ਼ਟ ਨਹੀਂ ਹੋਵੇਗਾ ਉਨ੍ਹਾਂ ਚਿਰ ਸਮਾਜ ਦੀ ਤਰੱਕੀ ਅਗਾਂਹ ਨਹੀਂ ਵਧੇਗੀ, ਕਿਉਂਕਿ ਇਹ ਗੱਡੀ ਦੇ ਉਹ ਪਹੀਏ ਹਨ ਜੋ ਬਰਾਬਰਤਾ ਦਾ ਅਹਿਸਾਸ ਕਰਵਾਉਂਦੇ ਹਨ।
ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਲੋਹੜੀ ਦੀ ਮੁਬਾਰਕਬਾਦ ਦਿੰਦਿਆਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਲੋਹੜੀ ਵਾਢੀ ਦੇ ਮੌਸਮ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ, ਜੋ ਖੁਸ਼ਹਾਲੀ, ਖੁਸ਼ੀ ਅਤੇ ਜੀਵਨ ਦੇ ਨਵੀਨੀਕਰਨ ਦਾ ਪ੍ਰਤੀਕ ਹੈ ਤੇ ਪਰਿਵਾਰ ਅਤੇ ਭਾਈਚਾਰਕ ਸਦਭਾਵਨਾ ਦੀ ਮਹੱਤਤਾ ਦੀ ਯਾਦ ਦਿਵਾਉਂਦਾ ਹੈ।ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ’ਚ ਲੜਕਿਆਂ ਦੀ ਹੀ ਨਹੀਂ ਲੜਕੀਆਂ ਦੀ ਵੀ ਲੋਹੜੀ ਮੰਗੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਧੀਆਂ ਨੂੰ ਸਮਰਪਿਤ ਉਕਤ ਪ੍ਰੋਗਰਾਮ ਖਾਲਸਾ ਯੂਨੀਵਰਸਿਟੀ ਅਤੇ ਮੰਚ ਦੇ ਕੌਮੀ ਪ੍ਰਧਾਨ ਬਲਵਿੰਦਰ ਕੌਰ ਪੰਡੋਰੀ ਦੇ ਸਹਿਯੋਗ ਨਾਲ ਉਲੀਕਿਆ ਸੀ।ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਪੰਜਾਬੀ ਵਿਸ਼ਵ ਦੀ ਨਾਮੀ ਗਾਇਕਾ ਬੀਬੀ ਰਣਜੀਤ ਕੌਰ ਨੂੰ ਪਦਮ ਵਿਭੂਸ਼ਣ ਗੁਰਮੀਤ ਬਾਵਾ ਯਾਦਗਾਰੀ ਐਵਾਰਡ ਭੇਂਟ ਕਰਦਿਆਂ ਨਗਦ ਰਾਸ਼ੀ, ਸਨਮਾਨ ਪੱਤਰ ਅਤੇ ਲੋਈ ਦਿੱਤੀ ਗਈ।ਇਸ ਤੋਂ ਇਲਾਵਾ ਲੋਕ ਗਾਇਕਾ ਗਲੋਰੀ ਬਾਵਾ, ਪੰਜਾਬੀ ਸੱਭਿਆਚਾਰਕ ਗਾਇਕ ਔਜਲਾ ਬ੍ਰਦਰ, ਬੀਬੀ ਰਣਜੀਤ ਕੌਰ ਅਤੇ ਗਾਇਕਾ ਬੀਬਾ ਕਮਲ ਸਿੱਧੂ ਨੇ ਆਪਣੇ ਫਨ ਦਾ ਸ਼ਾਨਦਾਰ ਮੁਜ਼ਾਹਰਾ ਕਰਕੇ ਹਾਜ਼ਰੀਨ ਨੂੰ ਝੂਮਣ ਲਾ ਦਿੱਤਾ।ਉਨ੍ਹਾਂ ਕਿਹਾ ਕਿ ਸਵਰਨ ਸਿੰਘ ਗਿੱਲ ਮੋਗਾ, ਗੀਤਕਾਰ ਹਰਵਿੰਦਰ ਟਿਵਾਣਾ ਯੂ. ਐਸ. ਏ., ਡਾ. ਜਸਵਿੰਦਰ ਕੌਰ, ਡਾ. ਸੁਕੀਰਤ ਸਿੰਘ, ਸਤਬੀਰ ਸਿੰਘ, ਵੀਡਿਓ ਡਾਇਰੈਕਟਰ ਗੱਗੀ ਸਿੰਘ, ਕੁਲਵਿੰਦਰ ਕੌਰ, ਲਲਿਤ ਮਹਿਤਾ, ਜੋਤੀ ਸਹਿਗਲ, ਖਾਲਸਾ ਕਾਲਜ ਫਾਰ ਵੂਮੈਨ ਪੰਜਾਬੀ ਵਿਭਾਗ ਮੁੱਖੀ ਡਾ. ਰਵਿੰਦਰ ਕੌਰ, ਡਾ. ਗੁਰਵੰਤ ਸਿੰਘ, ਡਾ. ਰਵਿੰਦਰ ਕੌਰ, ਸੋਹਨ ਸਿੰਘ ਗੈਦੂ ਦੁਸਾਂਝ, ਤਸਵਿੰਦਰ ਸਿੰਘ ਵੜੈਚ, ਬਜਿੰਦਰ ਸਿੰਘ, ਸਤਵੰਤ ਕੌਰ ਸੱਤੀ, ਨਿਰਮਲ ਕੌਰ, ਬਲਜੀਤ ਕੌਰ ਆਦਿ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਉਕਤ ਪੋ੍ਰਗਰਾਮ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਭਲਾਈ ਅਫਸਰ, ਗੁਰਦਾਸਪੁਰ ਡਾ. ਕਿਰਤਪ੍ਰੀਤ ਕੌਰ, ਗੁਰਮਿੰਦਰ ਕੌਰ, ਰੀਨਾ ਹੰਸ, ਮਹਿਕਪ੍ਰੀਤ ਸਿੰਘ, ਮਲਕਪ੍ਰੀਤ ਕੌਰ ਤੋਂ ਇਲਾਵਾ ਹੋਰ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।