ਚੰਡੀਗੜ੍ਹ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਸਿਰਫ ਗੁਆਂਢੀ ਸੂਬਾ ਨਹੀਂ ਹਨ, ਸਗੋ ਦੋਨਾਂ ਦਾ ਰਿਸ਼ਤਾ ਖੂਨ ਅਤੇ ਭਾਈਚਾਰੇ ਦਾ ਹੈ। ਹਰਿਆਣਾ ਦੇ ਲੋਕ ਪੰਜਾਬ ਨਾਲ ਡੁੰਘਾ ਪਿਆਰ ਕਰਦੇ ਹਨ। ਉਨ੍ਹਾਂ ਨੇ ਪੰਜਾਬ ਵਿੱਚ ਹਾਲ ਹੀ ਵਿੱਚ ਆਈ ਕੁਦਰਤੀ ਆਪਦਾ ਦਾ ਵਰਨਣ ਕਰਦੇ ਹੋਏ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਮੁਸ਼ਕਲ ਵਿੱਚ ਸਨ, ਉਦੋਂ ਹਰਿਆਣਾਵਾਸੀਆਂ ਨੇ ਛੋਟੇ ਭਰਾ ਤੀ ਤਰ੍ਹਾ ਪੰਜਾਬ ਦੀ ਹਰਸੰਭਵ ਮਦਦ ਕੀਤੀ। ਇਹੀ ਸਾਡਾ ਸਭਿਆਚਾਰ ਅਤੇ ਸੰਸਕਾਰ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਸ਼੍ਰੀ ਮੁਕਤਸਰ ਸਾਹਿਬ ਵਿੱਚ ਆਯੋਜਿਤ ਮਾਘੀ ਮੇਲੇ ਵਿੱਚ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਨੂੱ ਨਮਨ ਕਰਦੇ ਹੋਏ ਕਿਹਾ ਕਿ ਇਸ ਪਵਿੱਤਰ ਅਤੇ ਇਤਹਾਸਕ ਸਥਾਨ 'ਤੇ ਆਉਣਾ ਉਨ੍ਹਾਂ ਦੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ। ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ, ਇਤਿਹਾਸ ਦੇ ਸੁਨਹਿਰੇ ਪੰਨਿਆ ਵਿੱਚ ਦਰਜ ਹੈ। ਇੱਥੇ ਚਾਲੀ ਮੁਕਤਿਆਂ ਨੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਣਾਂ ਵਿੱਚ ਆਪਣੇ ਪ੍ਰਾਣ ਅਰਪਿਤ ਕਰ ਦਿੱਤੇ। ਇਹ ਧਰਤੀ ਸਾਨੂੰ ਸਿਖਾਉਂਦੀ ਹੈ ਕਿ ਮੁਕਤੀ ਸਿਰਫ ਮੌਤ ਦੇ ਬਾਅਦ ਨਹੀਂ, ਸਗੋ ਸਚਾਈ ਦੇ ਮਾਰਗ 'ਤੇ ਚਲ ਕੇ, ਅਨਿਆਂ ਦੇ ਖਿਲਾਫ ਖੜੇ ਹੋ ਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਸ ਦੌਰਾਨ ਸਾਰਿਆਂ ਨੂੰ ਮਕਰ ਸੰਕ੍ਰਾਂਤੀ ਪਰਵ ਦੀ ਵਧਾਈ ਵੀ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕੁਦਰਤੀ ਆਪਦਾ ਦੇ ਸਮੇਂ ਇੱਥੇ ਦੇ ਸੱਤਾਪੱਖ ਨੇਤਾਵਾਂ ਨੂੰ ਜਨਤਾ ਦੀ ਪੀੜਾ ਦਿਖਾਈ ਨਹੀਂ ਦਿੱਤੀ, ਆਪਦਾ ਦੇ ਸਮੇਂ ਹਰਿਆਣਾ ਦੇ ਲੋਕਾਂ ਨੇ ਪੰਜਾਬ ਦਾ ਸਾਥ ਦਿੱਤਾ, ਪਰ ਇੱਥੇ ਦੇ ਮੁੱਖ ਮੰਤਰੀ ਉਸ ਮੁਸ਼ਕਲ ਸਮੇਂ ਵਿੱਚ ਕਿਤੇ ਨਜਰ ਨਹੀਂ ਆਏ। ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ 'ਤੇ ਖਰਾ ਨਹੀਂ ਉਤਰੀ ਹੈ। ਇਹੀ ਨਹੀਂ, ਉਹ ਆਪਦਾ ਦੇ ਸਮੇਂ ਵੀ ਆਪਣੀ ਜਿਮੇਵਾਰੀ ਤੋਂ ਬੱਚਦੇ ਨਜਰ ਆਏ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਚੋਣ ਦੌਰਾਨ ਜਨਤਾ ਤੋਂ 217 ਵਾਅਦਿਆਂ ਵਾਲਾ ਸੰਕਲਪ ਪੱਤਰ ਜਾਰੀ ਕੀਤਾ ਸੀ, ਜਿਨ੍ਹਾਂ ਵਿੱਚੋਂ ਇੱਕ ਸਾਲ ਦੇ ਅੰਦਰ 54 ਵਾਅਦਿਆਂ ਨੂੰ ਪੂਰਾ ਕੀਤਾ ਜਾ ਚੁੱਕਾ ਹੈ। ਬਾਕੀ 163 ਵਾਅਦਿਆਂ 'ਤੇ ਤੇਜੀ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਨਤਾ ਨਾਲ ਕੀਤੇ ਵਾਅਦੇ ਸਿਰਫ ਕਾਗਜ਼ਾਂ ਵਿੱਚ ਹੀ ਪੂਰੇ ਕੀਤੇ ਹਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੰਕਲਪ ਪੱਤਰ ਵਿੱਚ 24 ਫਸਲਾਂ ਨੂੰ ਐਮਐਸਪੀ 'ਤੇ ਖਰੀਦਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਕਰ ਦਿੱਤਾ ਹੈ। ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਸਾਰੀ ਫਸਲਾਂ ਦੀ ਐਮਐਸਪੀ 'ਤੇ ਖਰੀਦ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ 48 ਘੰਟੇ ਦੇ ਅੰਦਰ ਭੁਗਤਾਨ ਕੀਤਾ ਜਾਂਦਾ ਹੈ ਅਤੇ ਜੇਕਰ ਕਿਸੇ ਕਾਰਨਵਜੋ ਦੇਰੀ ਹੁੰਦੀ ਹੈ ਤਾਂ ਵਿਆਜ ਵੀ ਦਿੱਤਾ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਉਦੋਂ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ 'ਤੇ ਪਰਾਲੀ ਜਲਾਉਣ ਦੇ ਦੋਸ਼ ਲਗਾਏ ਜਾਂਦੇ ਸਨ। ਹੁਣ ਪੰਜਾਬ ਵਿੱਚ ਚਾਰ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਰ ਕਿਸਾਨਾਂ ਨੂੰ ਪਰਾਲੀ ਨਾ ਜਲਾਉਣੀ ਪਵੇ, ਇਸ ਦੇ ਲਈ ਪੰਜਾਬ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ, ਉੱਥੇ ਦੂਜੇ ਪਾਸੇ ਹਰਿਆਣਾ ਸਰਕਾਰ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਖੇਤੀਬਾੜੀ ਯੰਤਰਾਂ 'ਤੇ ਸਬਸਿਡੀ ਤੋਂ ਇਲਾਵਾ 1200 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਕਮ ਦੇ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਮਕਾਨ ਮੁਰੰਮਤ ਲਈ 80 ਹਜਾਰ ਰੁਪਏ ਦੀ ਸਹਾਇਤਾ ਪ੍ਰਦਾਨ ਵੀ ਕਰ ਰਹੀ ਹੈ। ਇਸ ਤੋਂ ਇਲਾਵਾ ਭੈਣਾ-ਕੁੜੀਆਂ ਲਈ ਵੀ ਲਾਡੋ ਲੱਛਮੀ ਯੋਜਨਾ ਤਹਿਤ 2100 ਰੁਪਏ ਦੀ ਮਹੀਨਾ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਕੇਂਦਰੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਆਏ ਤਾਂ ਮਜਦੂਰਾਂ ਨੇ ਮਨਰੇਗਾ ਤਹਿਤ ਉਨ੍ਹਾਂ ਨੂੱ ਹੱਕ ਨਹੀਂ ਮਿਲਣ ਦੀ ਗੱਲ ਕਹੀ ਅਤੇ ਜਾਣਕਾਰੀ ਵਿੱਚ ਸਾਹਮਣੇ ਆਇਆ ਕਿ ਬਹੁਤ ਸਾਰੀ ਪਿੰਡ ਪੰਚਾਇਤਾਂ ਵਿੱਚ ਗਬਨ ਹੋਇਆ ਅਤੇ ਉਸ ਸਬੰਧ ਵਿੱਚ ਕੋਈ ਕਾਰਵਾਈ ਨਹੀਂ ਹੋਈ। ਮਜਦੂਰਾਂ ਨੂੰ ਹੱਕ ਦਿਵਾਉਣ ਲਈ ਜਦੋਂ ਵੀਬੀ ਜੀ ਰਾਮ ਜੀ ਐਕਟ ਸਰਕਾਰ ਲੈ ਕੇ ਆਈ ਤਾਂ ਪੰਜਾਬ ਸਰਕਾਰ ਵੱਲੋਂ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਇੱਕ ਅਜਿਹਾ ਪ੍ਰਸਤਾਵ ਲਿਆਇਆ ਗਿਆ, ਜਿਸ ਵਿੱਚ ਨਾ ਤਾਂ ਤੱਥ ਸਨ, ਨਾ ਅੰਕੜੇ ਅਤੇ ਨਾ ਹੀ ਸੁਝਾਅ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਯੋਜਨਾ ਦਾ ਵੀ ਵਿਰੋਧ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖ ਰਹੀ ਹੈ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਗੱਲ ਹੋਵੇ, ਜਾਂ ਫਸਲ ਖਰਾਬੇ ਦੇ ਮੁਆਵਜੇ ਦੀ। ਸਰਕਾਰ ਨੇ ਪਿਛਲੇ ਦਿਨਾਂ ਬਰਸਾਤ ਦੇ ਕਾਰਨ ਮਕਾਨ ਅਤੇ ਪਸ਼ੂਧਨ ਵਰਗੀ ਹਾਨੀ 'ਤੇ ਪੰਜ ਕਰੋੜ ਰੁਪਏ ਮਆਵਜੇ ਵਜੋ ਦਿੱਤੇ ਹਨ। ਇਸੀ ਤਰ੍ਹਾ ਫਸਲ ਖਰਾਬੇ ਦੀ ਭਰਪਾਈ ਲਈ 116 ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ ਪਾਏ ਜਾ ਚੁੱਕੇ ਹਨ। ਇਸ ਤਰ੍ਹਾ ਪਿਛਲੇ 11 ਸਾਲ ਵਿੱਚ ਕਿਸਾਨਾਂ ਨੂੰ ਲਗਭਗ ਸਾਢੇ 15 ਹਜਾਰ ਕਰੋੜ ਰੁਪਏ ਪ੍ਰਦਾਨ ਕੀਤੇ ਗਏ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਜਰੂਰਤਮੰਦ ਪਰਿਵਾਰਾਂ ਦੀ ਰਸੋਈ ਵਿੱਚ 500 ਰੁਪਏ ਵਿੱਚ ਗੈਸ ਸਿਲੇਂਡਰ ਉਪਲਬਧ ਕਰਵਾ ਰਹੀ ਹੈ। ਸਰਕਾਰ ਸਿਹਤ ਖੇਤਰ ਵਿੱਚ ਆਯੂਸ਼ਮਾਨ ਭਾਰਤ ਯੋਜਨਾ ਦੇ ਅੰਦਰ ਚਿਰਾਯੂ ਸਕੀਮ ਲੈ ਕੇ ਆਈ, ਜਿਸ ਨਾਲ ਲੋਕਾਂ ਨੂੰ ਕਾਫੀ ਲਾਭ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਹ ਸਾਬਤ ਕੀਤਾ ਹੈ ਕਿ ਡਬਲ ਇੰਜਨ ਸਰਕਾਰ ਨਾਲ ਵਿਕਾਸ ਦੀ ਗਤੀ ਕਈ ਗੁਣਾ ਹੋ ਜਾਂਦੀ ਹੈ।
ਪ੍ਰੋਗਰਾਮ ਦੌਰਾਨ ਕੇਂਦਰੀ ਰਾਜ ਮੰਤਰੀ ਸ੍ਰੀ ਨਵਨੀਤ ਸਿੰਘ ਬਿਟੂ, ਸਾਬਕਾ ਕੇਂਦਰੀ ਮੰਤਰੀ ਸ੍ਰੀ ਅਨੁਰਾਗ ਠਾਕੁਰ, ਸੂਬਾ ਪ੍ਰਧਾਨ ਪੰਜਾਬ ਭਾਜਪਾ ਸ੍ਰੀ ਸੁਨੀਲ ਜਾਖੜ ਸਮੇਤ ਕਈ ਮਾਣਯੋਗ ਨੇ ਸੰਬੋਧਿਤ ਕੀਤਾ। ਇਸ ਦੌਰਾਨ ਭਾਜਪਾ ਦੇ ਜਨਰਲ ਸੈਕੇ੍ਰਟਰੀ ਸ੍ਰੀ ਤਰੁਣ ਚੁੱਗ, ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ, ਚੇਅਰਮੇਨ ਸ੍ਰੀ ਇਕਬਾਲ ਸਿੰਘ ਲਾਲਪੁਰਾ, ਸਾਬਕਾ ਸਾਂਦਸ ਸ੍ਰੀ ਅਵਿਨਾਸ਼ ਰਾਏ ਖੰਨਾ, ਸਾਬਕਾ ਸਾਂਸਦ ਮਹਾਰਾਣੀ ਪਰਨੀਤ ਕੌਰ, ਸਾਬਕਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ ਸੋਢੀ, ਸਰਦਾਰ ਦਿਆਲ ਸਿੰਘ ਸੋਢੀ, ਰਾਹੁਲ ਸਿੱਧੂ ਅਤੇ ਅਨਿਲ ਸਰੀਨ ਸਮੇਤ ਮਾਣਯੋਗ ਮੌਜੂਦ ਰਹੇ।