ਨਵੀਂ ਦਿੱਲੀ - ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ ਵਿਚ ਅਦਾਲਤ ਵਲੋਂ ਸੱਜਣ ਕੁਮਾਰ ਨੂੰ ਬਰੀ ਕਰਣਾ ਕਰੀਬ 41 ਸਾਲਾਂ ਤੋਂ ਇਨਸਾਫ਼ ਦੀ ਆਸ ਲਗਾਈ ਬੈਠੇ ਪੀੜਤ ਪਰਿਵਾਰਾਂ ਨਾਲ ਘੌਰ ਬੇਇਨਸਾਫ਼ੀ ਹੈ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰ ਜੀ ਨੇ ਕਿਹਾ ਇਸ ਮਾਮਲੇ ਵਿਚ 17 ਸਾਲ ਦੇ ਗੁਰਚਰਨ ਸਿੰਘ ਨੂੰ ਜਲਾਇਆ ਗਿਆ ਸੀ ਤੇ ਓਹ ਤਕਰੀਬਨ 24 ਸਾਲ ਬਿਸਤਰੇ ਉਪਰ ਰਿਹਾ ਤੇ ਵਾਰ ਵਾਰ ਕਹਿੰਦਾ ਰਿਹਾ ਕਿ ਮੌਕੇ ਵਾਰਦਾਤ ਉਪਰ ਸੱਜਣ ਕੁਮਾਰ ਭੀੜ ਦੀ ਅਗਵਾਈ ਕਰ ਰਿਹਾ ਸੀ ਪਰ ਓਸਦਾ ਬਿਆਨ ਰਿਕਾਰਡ ਨਹੀਂ ਕੀਤਾ ਗਿਆ ਤੇ ਓਹ 2008 ਵਿਚ ਇੰਨਸਾਫ ਦੀ ਉਡੀਕ ਕਰਦਾ ਸੰਸਾਰ ਤੋਂ ਰੁਖ਼ਸਤ ਹੋ ਗਿਆ । ਇਸੇ ਤਰੀਕੇ ਦੂਜੇ ਗਵਾਹ ਹਰਵਿੰਦਰ ਸਿੰਘ ਕੋਹਲ਼ੀ ਨਾਲ ਹੋਇਆ ਸੀ । ਕੋਹਲ਼ੀ ਨੇ 2015 ਵਿਚ ਬਣੀ ਸੀਟ ਨੂੰ ਬਿਆਨ ਤੇ ਦਿੱਤਾ ਪਰ ਜਦੋ ਤਕ ਕਾਰਵਾਈ ਹੁੰਦੀ ਓਹ ਵੀ ਇੰਨਸਾਫ ਦੀ ਉਡੀਕ ਕਰਦਾ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਸੀ । ਵੀਰ ਜੀ ਨੇ ਇਸ ਮਾਮਲੇ ਤੇ ਕਿਹਾ ਕਿ ਅਸੀਂ ਕੁਝ ਸਮਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੌਜੂਦਾ ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਸਿੱਖ ਕਤਲੇਆਮ ਨਾਲ ਸੰਬੰਧਿਤ ਕੇਸਾਂ ਦੇ ਮਾਮਲੇ ਵਿਚ ਕੀਤੀ ਜਾ ਰਹੀ ਢਿਲਮਠ ਸੱਜਣ ਕੁਮਾਰ ਅਤੇ ਹੋਰਾਂ ਦੇ ਬਾਹਰ ਆਣ ਦਾ ਰਾਹ ਪੱਧਰਾ ਕਰਨਗੀਆਂ ਤੇ ਇਹ ਗੱਲ ਸੱਚ ਸਾਬਿਤ ਹੋ ਗਈ ਹੈ । ਪਹਿਲਾਂ ਬਲਵਾਨ ਖੋਖਰ ਨੂੰ 21 ਦਿਨ ਦੀ ਪੈਰੋਲ ਮਿਲਣੀ ਉਪਰੰਤ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਬਰੀ ਕਰਣਾ ਕਮੇਟੀ ਦੀ ਨਾਕਾਮਯਾਬ ਕਾਰਗੁਜਾਰੀ ਜ਼ਾਹਿਰ ਕਰ ਰਹੀ ਹੈ । ਇਸਦੇ ਨਾਲ ਹੀ ਸਿੱਖਾਂ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਜੋ ਸਵਿੰਧਾਨ ਦੀਆਂ ਸੋਹਾਂ ਚੱਕ ਚੱਕ ਸਿੱਖ ਪੰਥ ਦੇ ਮਸਲੇ ਹੱਲ ਕਰਵਾਉਣ ਦੇ ਵੱਡੇ ਵੱਡੇ ਐਲਾਨ ਕਰਦੇ ਸਨ ਇਹ ਫ਼ੈਸਲਾ ਉਨ੍ਹਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ । ਇਥੇ ਦਸਣਯੋਗ ਹੈ ਕਿ ਸਰਦਾਰ ਪਰਮਜੀਤ ਸਿੰਘ ਵੀਰ ਜੀ ਵੀ ਸਿੱਖ ਕਤਲੇਆਮ ਨਾਲ ਪੀੜਿਤ ਹਨ ਤੇ ਇਸੇ ਕਤਲੇਆਮ ਵਿਚ ਉਨ੍ਹਾਂ ਦਾ ਭਰਾਤਾ ਵੀ ਸ਼ਹੀਦ ਹੋ ਗਿਆ ਸੀ ।