ਨਵੀਂ ਦਿੱਲੀ - ਸ਼ਿਵ ਨਗਰ ਇਲਾਕੇ 'ਚ ਆਤਮ ਸੁਰੱਖਿਆ ਦੇ ਮੱਦੇਨਜ਼ਰ ਛੋਟੇ ਬੱਚਿਆਂ ਲਈ ਗਤਕਾ ਸਿਖਲਾਈ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਦੱਸਿਆ ਕਿ ਗੱਤਕਾ ਸਿੱਖਾਂ ਦੀ ਜੰਗੀ ਕਲਾ ਹੈ ਜਿਸ ਵਿੱਚ ਜੰਗਬੰਦੀ ਤੇ ਦੁਸ਼ਮਨਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਹੁੰਦੀ ਹੈ। ਇਸ ਦੀ ਸਿਖਲਾਈ ਕੋਈ ਵੀ ਔਰਤ ਜਾਂ ਮਰਦ ਲੈ ਸਕਦਾ ਹੈ। ਸ਼ਸਤਰ ਵਿੱਦਿਆ ਦੇ ਖਜ਼ਾਨੇ ਨੂੰ ਬਾਬਾ ਬੁੱਢਾ ਜੀ ਨੇ ਸੰਭਾਲਿਆ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਬਚਪਨ ਤੋਂ ਹੀ ਬਾਬਾ ਬੁੱਢਾ ਜੀ ਪਾਸੋਂ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ। ਉਸ ਸਮੇਂ ਦੇ ਮੁਗਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕਰਨ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗਤਕਾ ਸਿਖਲਾਈ ਦਿੱਤੀ ਜਾਣ ਲੱਗੀ ਅਤੇ ਮੁਕਾਬਲੇ ਵੀ ਕਰਵਾਏ ਜਾਣ ਲੱਗੇ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਘੋੜਸਵਾਰੀ ਦੇ ਨਾਲ-ਨਾਲ ਬਹੁਤ ਸਾਰੇ ਅਹੁਦਿਆਂ ਦੀ ਨਿਯੁਕਤੀ ਲਈ ਗੱਤਕੇਬਾਜ਼ ਨੂੰ ਪਹਿਲ ਦਿੱਤੀ ਜਾਂਦੀ ਸੀ। ਕਈ ਘਰਾਣਿਆਂ ਵਿੱਚ ਤਾਂ ਬਹੁਤ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਹੀ ਗਤਕਾ ਖੇਡਣ ਦੀ ਜਾਂਚ ਸਿਖਾਈ ਜਾਂਦੀ ਸੀ। ਜਿਸ ਥਾਂ ’ਤੇ ਗਤਕੇ ਦੀ ਸਿੱਖਿਆ ਦਿੱਤੀ ਜਾਂਦੀ ਸੀ ਉਸ ਨੂੰ “ਅਖਾੜਾ” ਕਿਹਾ ਜਾਂਦਾ ਹੈ। ਵੀਰਜੀ ਨੇ ਦਸਿਆ ਕਿ 'ਗਤਕਾ’ ਸ਼ਬਦ ਦੇ ਤਿਨ ਅੱਖਰਾਂ ਦਾ ਕੁੱਝ ਵਿਦਵਾਨ ਇਹ ਅਰਥ ਕਰਦੇ ਹਨ ‘ਗ’ ਅੱਖਰ ਤੋਂ ਗਤੀ ਰਫ਼ਤਾਰ, ‘ਤ’ ਅੱਖਰ ਤੋਂ ਤਾਲਮੇਲ ਅਤੇ ‘ਕ’ ਅੱਖਰ ਤੋਂ ਕਾਲ ਭਾਵ ਸਮਾਂ ਮੰਨਿਆ ਜਾਂਦਾ ਹੈ। ਜਿਸ ਦਾ ਮਤਲਬ ਹੈ ਕਿ ਜਦੋਂ ਗਤਕਾ ਖੇਡਿਆ ਜਾਂਦਾ ਹੈ ਤਾਂ ਉਸ ਵੇਲੇ ਰਫ਼ਤਾਰ ਸ਼ਸਤਰ ਦੇ ਪੈਂਤਰੇ ਨਾਲ ਤਾਲਮੇਲ ਅਤੇ ਰੋਕਣ ਜਾਂ ਠੋਕਣ ਵੇਲੇ ਸਹੀ ਸਮੇਂ ਦਾ ਧਿਆਨ ਰੱਖਣਾ ਬੁਹਤ ਜ਼ਰੂਰੀ ਹੈ। ਗਤਕਾ ਮਨੁੱਖ ਨੂੰ ਆਪਣੇ ਗੁੱਸੇ ’ਤੇ ਕਾਬੂ ਪਾਉਣ ਦੀ ਜਾਂਚ ਵੀ ਸਿਖਾਉਂਦਾ ਹੈ ਅਤੇ ਜੰਗ ਦੇ ਮੈਦਾਨ ’ਚ ਵੀ ਸਿੱਖ ਅਡੋਲ ਰਹਿੰਦਾ ਹੈ ਤੇ ਵੈਰੀ ਨਾਲ ਵੀ ਛਲ, ਕਪਟ, ਧੋਖਾ ਨਹੀਂ ਕਰਦਾ। ਉਨ੍ਹਾਂ ਕਿਹਾ ਇਤਿਹਾਸ ਵਿਚ ਜ਼ਿਕਰ ਹੈ ਕਿ ਸਰੀਰਕ ਤੇ ਮਾਨਸਿਕ ਤੌਰ 'ਤੇ ਇੰਨੇ ਮਜ਼ਬੂਤ ਹੋਣ ਦੇ ਬਾਵਜੂਦ ਸਿੱਖ ਕਦੇ ਜ਼ਾਲਮ ਨਹੀਂ ਬਣਿਆ। ਉਸ ਦੀ ਕਿਰਪਾਨ ਹਮੇਸ਼ਾ ਆਪਣੀ ਅਤੇ ਮਜ਼ਲੂਮ ਦੀ ਰਾਖੀ ਲਈ ਉੱਠੀ। ਮਾਨਵਤਾ ਦੇ ਦੁਸ਼ਮਣਾਂ ਨੂੰ ਕਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦੇ ਕੇ ਮੂੰਹ ਤੋੜਵਾਂ ਜਵਾਬ ਦਿੱਤਾ ਅਤੇ ਕਦੇ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ। ਅੰਤ ਵਿਚ ਉਨ੍ਹਾਂ ਕਿਹਾ ਅਸੀਂ ਹਰ ਗੁਰਸਿੱਖ ਵੀਰ, ਭੈਣਾਂ ਤੇ ਬੱਚਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਮਾਰਸ਼ਲ ਆਰਟ ਦਿੱਤਾ ਹੈ ਹਰ ਗੁਰਸਿੱਖ ਨੂੰ ਇਹ ਮਾਰਸ਼ਲ ਆਰਟ ਸਿੱਖ ਕੇ ਸਵੈ-ਰੱਖਿਅਕ ਬਣਨਾ ਚਾਹੀਦਾ ਹੈ। ਗੱਤਕਾ ਸਿੱਖ ਕੇ ਅਸੀਂ ਨਾ-ਕੇਵਲ ਆਪਣੇ ਸਰੀਰ ਬਲਕਿ ਮਾਨਸਿਕ ਪੱਖੋਂ ਵੀ ਤੰਦਰੁਸਤ ਰਹਿ ਸਕਦੇ ਹਾਂ।