ਨਵੀਂ ਦਿੱਲੀ - ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ, ਜਿਸਨੂੰ ਅੱਤਵਾਦੀ ਫੰਡਿੰਗ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਿਆਂਇਕ ਹਿਰਾਸਤ ਵਿੱਚ ਹੈ, ਨੂੰ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਗਈ ਹੈ। ਪਟਿਆਲਾ ਹਾਊਸ ਕੋਰਟ ਨੇ ਕਸ਼ਮੀਰ ਦੇ ਬਾਰਾਮੂਲਾ ਤੋਂ ਸੰਸਦ ਮੈਂਬਰ ਰਾਸ਼ਿਦ ਨੂੰ ਹਿਰਾਸਤ ਪੈਰੋਲ ਅਤੇ ਸੰਸਦ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ। ਸੰਸਦ ਦਾ ਬਜਟ ਸੈਸ਼ਨ 28 ਫਰਵਰੀ ਤੋਂ 2 ਅਪ੍ਰੈਲ ਤੱਕ ਚੱਲੇਗਾ। ਪਟਿਆਲਾ ਹਾਊਸ ਕੋਰਟ ਤੋਂ ਇਜਾਜ਼ਤ ਮਿਲਣ ਤੋਂ ਬਾਅਦ, ਸੰਸਦ ਮੈਂਬਰ ਰਾਸ਼ਿਦ ਇੰਜੀਨੀਅਰ ਹੁਣ ਸੈਸ਼ਨ ਦਾ ਹਿੱਸਾ ਹੋਣਗੇ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਰਾਸ਼ਿਦ ਇੰਜੀਨੀਅਰ ਸਿਰਫ਼ ਉਨ੍ਹਾਂ ਦਿਨਾਂ ਵਿੱਚ ਤਿਹਾੜ ਜੇਲ੍ਹ ਤੋਂ ਸੰਸਦ ਤੱਕ ਯਾਤਰਾ ਕਰਨਗੇ ਜਦੋਂ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ। ਇਸ ਦੇ ਉਲਟ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਅੰਦਰ ਬੰਦ ਨੂੰ ਹਾਈ ਕੋਰਟ ਨੇ ਸੱਤ ਦਿਨਾਂ ਦੇ ਅੰਦਰ ਫੈਸਲਾ ਲੈਣ ਦਾ ਆਦੇਸ਼ ਦਿੱਤਾ ਅਤੇ ਪਟੀਸ਼ਨ ਦਾ ਨਿਪਟਾਰਾ ਵੀ ਕਰ ਦਿੱਤਾ। ਉਨ੍ਹਾਂ ਨੇ ਪਹਿਲਾਂ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਦੋ ਵਾਰ ਪਟੀਸ਼ਨ ਪਾਈ ਸੀ, ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ।