ਸ੍ਰੀ ਅੰਮ੍ਰਿਤਸਰ-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਭਰਵੇਂ ਸੰਗਤ ਦੇ ਇਕੱਠ ਵਿੱਚ ਸੰਗਤ ਨੂੰ ਸਿੱਖ ਸ਼ਹੀਦਾਂ ਤੋਂ ਪ੍ਰੇਰਣਾ ਲੈਣ ਲਈ ਇੱਕ ਪਰਿਵਾਰ ਵਾਂਗ ਰਹਿਣ ਲਈ ਆਖਿਆ ਅਤੇ ਇੱਕ ਦੂਜੇ ਦੀ ਚੁਗਲੀ ਨਿੰਦਿਆ ਕਰਨ ਤੋਂ ਵਰਜਿਆ। ਉਨ੍ਹਾਂ ਇਸ ਮੌਕੇ ਸੰਗਤ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਸਮੇਤ ਹੋਰ ਸਿੰਘ ਸ਼ਹੀਦਾਂ ਦਾ ਇਤਿਹਾਸ ਵੀ ਸਾਂਝਾ ਕੀਤਾ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅਜ਼ਮਤ ਅਤੇ ਮਾਣ ਸਤਿਕਾਰ ਲਈ ਵੱਡੇ ਯੋਗਦਾਨ ਪਾਏ।
ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਅਤੇ ਖ਼ਾਸਕਰ ਪੰਜਾਬ ਵਾਸੀਆਂ ਨੂੰ ਆਖਿਆ ਕਿ ਉਹ ਆਪਣੀਆਂ ਜ਼ਮੀਨਾਂ ਤੋਂ ਦਾਅਵਾ ਨਾ ਛੱਡਣ ਅਤੇ ਜ਼ਮੀਨਾਂ ਨੂੰ ਸੰਭਾਲਣ ਕਿਉਂਕਿ ਇਹ ਸ਼ਹੀਦਾਂ ਦੀ ਧਰਤੀ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਸਿੱਖਾਂ ਨੇ ਬਹੁਤ ਸ਼ਹਾਦਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜ਼ਮੀਨਾਂ ਨੂੰ ਬਸਤੀਵਾਦੀ ਨੀਤੀਆਂ ਦੇ ਤਹਿਤ ਟੁਕੜੇ ਟੁਕੜੇ ਕਰਕੇ ਵੇਚਿਆ ਜਾ ਰਿਹਾ ਹੈ ਜਿਸ ਨੂੰ ਠੱਲ੍ਹਣ ਦੀ ਲੋੜ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਲਾਲਚ ਦੇ ਵੱਸ ਉਹ ਆਪਣੀਆਂ ਬੇਸ਼ਕੀਮਤੀ ਜ਼ਮੀਨਾਂ ਨਾ ਵੇਚਣ।
ਸਮਾਗਮ ਦੌਰਾਨ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਵੱਲੋਂ ਇਹ ਵਿਚਾਰ ਰੱਖਿਆ ਗਿਆ ਕਿ ਅੱਜ ਕੱਲ੍ਹ ਜੋ ਗੁਰਦੁਆਰਾ ਸਾਹਿਬਾਨ ਵਿੱਚ ਕੇਕ ਕੱਟ ਕੇ ਜਨਮ ਦਿਹਾੜਾ ਮਨਾਉਣ ਨੂੰ ਪ੍ਰਚਲਿਤ ਕੀਤਾ ਜਾ ਰਿਹਾ ਹੈ ਇਹ ਸਾਡੀ ਰਵਾਇਤ ਨਹੀਂ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਪਿੰਦਰਪਾਲ ਸਿੰਘ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕੀਤੀ ਅਤੇ ਸੰਗਤ ਨੂੰ ਪੁਰਾਤਨ ਸਿੱਖ ਰਵਾਇਤਾਂ ਅਨੁਸਾਰ ਹੀ ਸਿੱਖ ਦਿਹਾੜੇ ਤੇ ਗੁਰਪੁਰਬ ਮਨਾਉਣ ਲਈ ਤਾਕੀਦ ਕੀਤੀ।