ਅੰਮ੍ਰਿਤਸਰ - ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਵੁਜੂ ਕਰਨ ਤੇ ਕੁਰਲੀ ਕਰਨ ਵਾਲੇ ਮੁਸਲਿਮ ਨੌਜਵਾਨ ਸੁਬਹਾਨ ਰੰਗਰੀਜ਼ ਜਿਸ ਨੂੰ ਬੀਤੇ ਕਲ੍ਹ ਅੰਮ੍ਰਿਤਸਰ ਪੁਲੀਸ ਨੇ ਉਤਰ ਪ੍ਰਦੇਸ਼ ਦੇ ਗਾਜੀਆਬਾਦ ਤੋ ਹਿਰਾਸਤ ਵਿਚ ਲਿਆ ਸੀ ਨੂੰ ਮਾਨਯੋਗ ਡਿਉਟੀ ਮੈਜਿਸਟੇ੍ਰਟ ਸਾਹਮਣੇ ਪੇਸ਼ ਕੀਤਾ ।ਮਾਨਯੋਗ ਡਿਉਟੀ ਮੈਜਿਸਟੇ੍ਰਟ ਨੇ ਸੁਬਹਾਨ ਰੰਗਰੀਜ਼ ਪਾਸੋ ਵਧੇਰੇ ਪੁੱਛਗਿਛ ਲਈ 31 ਜਨਵਰੀ ਤਕ ਪੁਲੀਸ ਰਿਮਾਂਡ ਤੇ ਭੇਜ਼ ਦਿੱਤਾ ਹੈ। ਸੁਬਹਾਨ ਰੰਗਰੀਜ਼ ਬੀਤੇ ਦਿਨੀ ਆਪਣੇ ਸਾਥੀਆਂ ਸਮੇਤ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਆਇਆ ਸੀ ਤੇ ਉਥੇ ਉਸ ਨੇ ਸਰੋਵਰ ਦੀ ਬੇਅਦਬੀ ਕੀਤੀ ਸੀ।ਉਸ ਨੇ ਆਪਣੇ ਇੰਸਟਾਗ੍ਰਾਮ ਪੇਜ਼ ਦ ਜਿੰਮ ਲਵਰ ਤੇ ਮੁਸਲਿਮ ਸ਼ੇਰ ਤੇ ਜਨਤਕ ਕੀਤੀ ਸੀ।ਜਿਸ ਤੋ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਇਸ ਦੇ ਖਿਲਾਫ ਅੰਮ੍ਰਿਤਸਰ ਦੇ ਥਾਨਾ ਈ ਡਵੀਜਨ ਵਿਖੇ ਐਫ ਆਈ ਆਰ ਨੰਬਰ 012 ਧਾਰਾ 298 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਸੁਬਹਾਨ ਰੰਗਰੀਜ਼ ਨੇ ਵੀਡੀਓ ਵਿਚ ਸ੍ਰੀ ਦਰਬਾਰ ਸਾਹਿਬ ਪਲਾਜਾ ਵਿਚ ਖੜਾ ਹੋ ਕੇ ਕਿਹਾ ਸੀ ਕਿ ਇਥੇ ਹਰ ਕਿਸੇ ਨੇ ਪੱਗ ਬੰਨੀ ਹੋਈ ਹੈ ਤੇ ਮੈ ਟੋਪੀ ਪਾ ਕੇ ਸ੍ਰੀ ਦਰਬਾਰ ਸਾਹਿਬ ਗਿਆ ਸੀ ਮੈਨੂੰ ਕਿਸੇ ਨੇ ਵੀ ਰੋਕ ਕੇ ਮੇਰੀ ਟੋਪੀ ਬਾਰੇ ਨਹੀ ਪੁਛਿਆ।