ਪੰਜਾਬ

ਨਿਵੇਸ਼ ਲਈ ਮੁੱਖ ਮੰਤਰੀ ਮਾਨ ਦੇ ਯਤਨ ਰੰਗ ਲਿਆਏ, ਖੇਤੀਬਾੜੀ ਖੇਤਰ ਵਿੱਚ ਤਕਨੀਕੀ ਮਦਦ ਲਈ ਅੱਗੇ ਆਇਆ ਦੱਖਣੀ ਕੋਰੀਆ

ਕੌਮੀ ਮਾਰਗ ਬਿਊਰੋ | January 31, 2026 07:09 PM

ਚੰਡੀਗੜ੍ਹ- ਪੰਜਾਬ ਦੇ ਛੋਟੇ ਅਤੇ ਹਾਸ਼ੀਏ ਉੱਤੇ ਧੱਕੇ ਕਿਸਾਨਾਂ ਲਈ ਖੇਤੀਬਾੜੀ ਨੂੰ ਵਿਹਾਰਕ ਅਤੇ ਲਾਭਦਾਇਕ ਧੰਦੇ ਵਜੋਂ ਮੁੜ ਸਥਾਪਿਤ ਕਰਨ ਦੇ ਯਤਨਾਂ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਦੱਖਣੀ ਕੋਰੀਆ ਦੇ ਵਫ਼ਦ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਸਮਾਰਟ ਖੇਤੀ, ਉੱਨਤ ਖੇਤੀ ਮਸ਼ੀਨਰੀ ਅਤੇ ਬਾਇਓਟੈਕਨਾਲੋਜੀ ਸੈਕਟਰ ਵਿੱਚ ਸਹਿਯੋਗ 'ਤੇ ਧਿਆਨ ਕੇਂਦਰਿਤ ਕੀਤਾ ਗਿਆ।

ਇਸ ਮੁਲਾਕਾਤ ਦੌਰਾਨ ਪੰਜਾਬ ਸਰਕਾਰ ਵੱਲੋਂ ਘਟ ਰਹੇ ਖੇਤੀ ਰਕਬੇ ਅਤੇ ਵਿਹਾਰਕਤਾ ਦੇ ਹੱਲ ਲਈ ਦੱਖਣੀ ਕੋਰੀਆ ਦੀ ਤਕਨੀਕੀ ਮੁਹਾਰਤ ਨੂੰ ਅਪਨਾਉਣ ਬਾਰੇ ਗੱਲਬਾਤ ਦੇ ਨਾਲ-ਨਾਲ 13 ਤੋਂ 15 ਮਾਰਚ ਤੱਕ ਮੋਹਾਲੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਡੂੰਘੀ ਉਦਯੋਗਿਕ ਅਤੇ ਨਿਵੇਸ਼ ਭਾਈਵਾਲੀ ਨੂੰ ਵਧਾਉਣ ‘ਤੇ ਵਿਚਾਰ-ਚਰਚਾ ਕੀਤੀ ਗਈ।

ਆਪਣੇ ਐਕਸ ਅਕਾਊਂਟ 'ਤੇ ਮੀਟਿੰਗ ਦੇ ਕੁਝ ਨੁਕਤੇ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਚੰਡੀਗੜ੍ਹ ਵਿੱਚ ਕੋਰੀਆ ਗਣਰਾਜ ਦੇ ਇੱਕ ਵਫ਼ਦ ਨਾਲ ਮੀਟਿੰਗ ਹੋਈ, ਜਿਸ ਦੌਰਾਨ ਸਮਾਰਟ ਖੇਤੀਬਾੜੀ, ਉੱਨਤ ਖੇਤੀ ਮਸ਼ੀਨਰੀ ਅਤੇ ਬਾਇਓਟੈਕਨਾਲੋਜੀ 'ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਖੇਤੀਬਾੜੀ ਨੂੰ ਲਾਭਦਾਇਕ ਉੱਦਮ ਬਣਾਉਣ ਲਈ ਪੰਜਾਬ ਅਤੇ ਦੱਖਣੀ ਕੋਰੀਆ ਵਿਚਕਾਰ ਆਪਸੀ ਸਹਿਯੋਗ ਨੂੰ ਵਧਾਉਣਾ ਹੈ। ਇਸ ਦੌਰਾਨ ਕੋਈਆ ਦੇ ਵਫ਼ਦ ਨੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਕੰਮਕਾਜ ਲਈ ਸਾਜ਼ਗਾਰ ਮਾਹੌਲ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਕੋਰੀਆਈ ਵਫ਼ਦ ਨੂੰ 13 ਤੋਂ 15 ਮਾਰਚ 2026 ਤੱਕ ਮੋਹਾਲੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਹਿੱਸਾ ਲੈਣ ਲਈ ਨਿੱਘਾ ਸੱਦਾ ਦਿੱਤਾ ਗਿਆ।

ਦੱਖਣੀ ਕੋਰੀਆ ਤੋਂ ਆਏ ਵਫ਼ਦ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਮੁੱਖ ਤੌਰ 'ਤੇ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਇਸ ਨੇ ਦੇਸ਼ ਨੂੰ ਅੰਨ ਉਤਪਾਦਨ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਇਤਿਹਾਸਕ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਖੇਤੀਬਾੜੀ ਅਧੀਨ ਘਟ ਰਹੇ ਰਕਬੇ ਕਰਕੇ ਛੋਟੇ ਅਤੇ ਹਾਸ਼ੀਏ ਉੱਤੇ ਧੱਕੇ ਕਿਸਾਨਾਂ ਲਈ ਖੇਤੀਬਾੜੀ ਹੁਣ ਗੈਰ-ਵਿਹਾਰਕ ਉੱਦਮ ਬਣ ਕੇ ਰਹਿ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਮੀਨ ਦੇ ਟੁਕੜੇ ਹੋਣ ਕਾਰਨ ਖੇਤੀਬਾੜੀ ਹੁਣ ਸਾਡੇ ਵੱਡੀ ਗਿਣਤੀ ਕਿਸਾਨਾਂ ਲਈ ਲਾਭਦਾਇਕ ਧੰਦਾ ਨਹੀਂ ਰਹੀ।

ਤਕਨੀਕੀ ਦਖਲਅੰਦਾਜ਼ੀ ਦੀ ਲੋੜ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਮਾਲ ਐਗਰੀਕਲਚਰ ਮਸ਼ੀਨਰੀ ਸੈਕਟਰ ਵਿੱਚ ਦੱਖਣੀ ਕੋਰੀਆ ਤੋਂ ਨਿਵੇਸ਼ ਆਕਰਸ਼ਿਤ ਕਰਨ ਲਈ ਉਤਸੁਕ ਹੈ, ਕਿਉਂਕਿ ਦੱਖਣੀ ਕੋਰੀਆ ਕੋਲ ਇਸ ਖੇਤਰ ਵਿੱਚ ਵਿਸ਼ਾਲ ਤਜਰਬਾ ਅਤੇ ਮੁਹਾਰਤ ਹੈ। ਉਨ੍ਹਾਂ ਦੱਸਿਆ ਕਿ ਦੱਖਣੀ ਕੋਰੀਆ ਵਿੱਚ ਜ਼ਮੀਨ ਘੱਟ ਹੋਣ ਕਰਕੇ ਉਥੇ ਲੰਬਕਾਰੀ ਖੇਤੀ ਅਤੇ ਕੁਸ਼ਲ ਮਸ਼ੀਨੀਕਰਨ ਤੇਜ਼ੀ ਨਾਲ ਉਭਰਿਆ ਹੈ, ਜਿਸ ਕਰਕੇ ਦੱਖਣੀ ਕੋਰੀਆ ਦਾ ਇਹ ਤਜਰਬਾ ਅਤੇ ਮੁਹਾਰਤ ਪੰਜਾਬ ਲਈ ਵਧੇਰੇ ਢੁਕਵਾਂ ਜਾਪ ਰਿਹਾ ਹੈ।

ਦੋਵੇਂ ਮੁਲਕਾਂ ਦਰਮਿਆਨ ਇਤਿਹਾਸਕ ਸਮਾਨਤਾ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਦੱਖਣੀ ਕੋਰੀਆ ਦੋਵਾਂ ਨੇ ਇੱਕੋ ਸਮੇਂ ਆਜ਼ਾਦੀ ਪ੍ਰਾਪਤ ਕੀਤੀ ਅਤੇ ਗਰੀਬੀ ਦੋਵਾਂ ਦੇਸ਼ਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਅਨਾਜ-ਸਰਪਲੱਸ ਸੂਬਾ ਬਣ ਕੇ ਇਸ ਚੁਣੌਤੀ ਨੂੰ ਪਾਰ ਕੀਤਾ ਅਤੇ ਅੱਜ, ਪੰਜਾਬ ਕੇਂਦਰੀ ਪੂਲ ਵਿੱਚ ਅਨਾਜ ਦਾ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਮੋਹਰੀ ਰਾਜਾਂ ਵਿੱਚੋਂ ਇੱਕ ਹੈ।

ਆਲਮੀ ਪੱਧਰ ਦੇ ਉੱਤਮ ਅਭਿਆਸਾਂ ਨੂੰ ਅਪਣਾਉਣ ਲਈ ਪੰਜਾਬ ਦੀ ਰੁਚੀ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੱਖਣੀ ਕੋਰੀਆ ਪਹਿਲਾਂ ਹੀ ਖੇਤੀਬਾੜੀ ਕਾਰੋਬਾਰ ਵਿੱਚ ਆਪਣੀ ਤਾਕਤ ਅਤੇ ਨਵੀਨਤਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ ਅਤੇ ਹੁਣ ਪੰਜਾਬ ਸੂਬਾ ਵੀ ਇਨ੍ਹਾਂ ਉੱਨਤ ਤਕਨੀਕੀ ਤਰੱਕੀਆਂ ਤੋਂ ਲਾਭ ਉਠਾਉਣਾ ਦਾ ਇਛੁੱਕ ਹੈ। ਪੈਂਗ-ਯੋ ਟੈਕਨੋ ਵੈਲੀ, ਜਿਸ ਨੂੰ ਅਕਸਰ ਸਿਲੀਕਾਨ ਵੈਲੀ ਵੀ ਕਿਹਾ ਜਾਂਦਾ ਹੈ, ਦੀ ਆਪਣੀ ਫੇਰੀ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਖੇਤੀਬਾੜੀ ਮਸ਼ੀਨਰੀ ਦੇ ਸਵੈਚਾਲਨ, ਸਮਾਰਟ ਉਪਕਰਨਾਂ, ਬਾਇਓਟੈਕਨਾਲੋਜੀ ਅਤੇ ਬੀਜ ਤਕਨਾਲੋਜੀ, ਸਮਾਰਟ ਕੰਬਾਈਨ ਹਾਰਵੈਸਟਰ, ਟ੍ਰਾਂਸਪਲਾਂਟਰ, ਬੀਜ ਅਤੇ ਸਹਾਇਕ ਖੇਤਰਾਂ ਵਰਗੀਆਂ ਤਕਨੀਕਾਂ ਅਪਣਾਉਣ ਵਿੱਚ ਸਹਿਯੋਗ ਲਈ ਉਤਸੁਕ ਹਾਂ।

ਦੁਵੱਲੇ ਸਹਿਯੋਗ ਲਈ ਜ਼ੋਰਦਾਰ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਜੀਵੰਤ ਅਤੇ ਤਕਨੀਕੀ ਤੌਰ 'ਤੇ ਉੱਨਤ ਦੇਸ਼ ਦੇ ਵਫ਼ਦ ਦੀ ਮੇਜ਼ਬਾਨੀ ਕਰਨਾ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਦੱਖਣੀ ਕੋਰੀਆਈ ਵਫ਼ਦ ਨੂੰ 13 ਤੋਂ 15 ਮਾਰਚ ਤੱਕ ਮੋਹਾਲੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਵਿੱਚ ਹਿੱਸਾ ਲੈਣ ਲਈ ਰਸਮੀ ਸੱਦਾ ਦਿੰਦਿਆਂ ਕਿਹਾ ਕਿ ਇਹ ਸੰਮੇਲਨ ਸਾਡੇ ਸਹਿਯੋਗ ਨੂੰ ਢਾਂਚਾਗਤ ਅਤੇ ਲਾਭਦਾਇਕ ਢੰਗ ਨਾਲ ਅੱਗੇ ਵਧਾਉਣ ਲਈ ਢੁਕਵਾਂ ਮੰਚ ਪ੍ਰਦਾਨ ਕਰੇਗਾ।

ਇਸ ਦੌਰਾਨ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਦ੍ਰਿਸ਼ਟੀਕੋਣ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਦਿਆਂ ਦੌਰੇ 'ਤੇ ਆਏ ਦੱਖਣੀ ਕੋਰੀਆਈ ਵਫ਼ਦ ਨੇ ਪੰਜਾਬ ਨਾਲ ਸਹਿਯੋਗ ਵਿੱਚ ਡੂੰਘੀ ਦਿਲਚਸਪੀ ਦਿਖਾਈ, ਜੋ ਨੇੜ ਭਵਿੱਖ ਵਿੱਚ ਦੋਵੇਂ ਮੁਲਕਾਂ ਦਰਮਿਆਨ ਠੋਸ ਭਾਈਵਾਲੀ ਦੀ ਸੰਭਾਵਨਾ ਦਾ ਸੰਕੇਤ ਹੈ।

 

Have something to say? Post your comment

 
 
 
 

ਪੰਜਾਬ

ਖ਼ਾਲਸਾ ਯੂਨੀਵਰਸਿਟੀ ਵੱਲੋਂ 12ਵਾਂ ਅੰਤਰਰਾਸ਼ਟਰੀ ਕਲਾ ਮਹਾ ਉਤਸਵ ਕਰਵਾਇਆ ਗਿਆ

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਸ਼੍ਰੋਮਣੀ ਕਮੇਟੀ ਦੇ ਧਿਆਨ ’ਚ ਲਿਆਂਦੇ ਬਿਨਾਂ ਪੁਲਿਸ ਦੁਆਰਾ ਕੀਤੀ ਕਾਰਵਾਈ ਪ੍ਰਬੰਧਾਂ ਵਿਚ ਦਖ਼ਲ- ਪ੍ਰਤਾਪ ਸਿੰਘ

ਸੁਖਬੀਰ ਬਾਦਲ ਇੱਕ ਪਾਸੇ ਗੈਂਗਸਟਰ ਖ਼ਤਮ ਕਰਨ ਦੀ ਗੱਲ ਕਰਦੇ, ਦੂਜੇ ਪਾਸੇ ਗੈਂਗਸਟਰਾਂ ਦੇ ਵਿਆਹਾਂ 'ਚ ਸ਼ਾਮਿਲ: ਕੁਲਦੀਪ ਧਾਲੀਵਾਲ

ਸ਼ੋ੍ਰਮਣੀ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਭੌਰ ਅਤੇ ਪੰਜ ਮੁਲਾਜਮ ਵਿਸੇ਼ਸ਼ ਪੜਤਾਲੀਆ ਟੀਮ ਦੇ ਸਾਹਮਣੇ ਪੇਸ਼ ਹੋਏ

ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦਾ-ਸ਼ੋਮਣੀ ਕਮੇਟੀ ਦੇ ਸਾਬਕਾ ਚਾਰਟਿਡ ਅਕਾਉਟੈਂਟ ਕੋਹਲੀ ਦੀ ਜਮਾਨਤ ਅਰਜੀ ਨਾਮਨਜੂਰ

ਪਵਨ ਟੀਨੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਦਮਪੁਰ ਫਲਾਈਓਵਰ ਦਾ ਕੰਮ ਮੁੜ ਸ਼ੁਰੂ ਕਰਨ ਦੀ ਕੀਤੀ ਅਪੀਲ

ਸ੍ਰੀ ਦਰਬਾਰ ਸਾਹਿਬ ਦੇ ਪਵਿਤਰ ਸਰੋਵਰ ਵਿਚ ਵੁਜੂ ਤੇ ਕੁਰਲੀ ਕਰਕੇ ਬੇਅਦਬੀ ਕਰਨ ਵਾਲੇ ਸੁਬਹਾਨ ਰੰਗੀਰੇਜ਼ ਨੂੰ 13 ਫਰਵਰੀ ਤਕ ਨਿਆਇਕ ਹਿਰਾਸਤ ਵਿਚ

ਸੰਧਵਾਂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਬਕਾਇਆ ਫੰਡ ਜਲਦ ਤੋਂ ਜਲਦ ਜਾਰੀ ਕਰਨ ਦੀ ਕੀਤੀ ਅਪੀਲ

ਗੁਜਰਾਤ ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਦਾ ਕੀਤਾ ਦੌਰਾ