ਅੰਮ੍ਰਿਤਸਰ-ਖਾਲਸਾ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਅਤੇ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਲੈਕਚਰਾਰ ਭਾਈ ਨਛੱਤਰ ਸਿੰਘ ਭਾਂਬੜੀ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖਾਲਸਾ ਕਾਲਜ ਆਫ ਲਾਅ ਅਸਿਸਟੈਂਟ ਪ੍ਰੋਫੈਸਰ ਡਾ. ਸੁਖਮਨਪ੍ਰੀਤ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਡਾ. ਮਹਿਲ ਸਿੰਘ ਨੇ ਗੁਰੂ ਸਾਹਿਬਾਨ ਦੀ ਬਾਣੀ, ਜੀਵਨ ਅਤੇ ਸਿੱਖਿਆਵਾਂ ਸਬੰਧੀ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਵਿੱਦਿਅਕ ਸੰਸਥਾਵਾਂ ਦਾ ਧਰਮ ਬਣਦਾ ਹੈ, ਕਿ ਉਹ ਵਿਦਿਆਰਥੀਆਂ ਨੂੰ ਨੈਤਿਕਤਾ ਦਾ ਧਾਰਨੀ ਬਣਾਉਂਦੇ ਹੋਏ ਨਿੱਜੀ ਵੈਰ-ਵਿਰੋਧ ਅਤੇ ਈਰਖਾ ਦਾ ਖਾਤਮਾ ਕਰਨ। ਇਸ ਮੌਕੇ ਭਾਈ ਨਛੱਤਰ ਸਿੰਘ ਭਾਂਬੜੀ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਜਨ-ਸਮੂੰਹ ਦਾ ਧਰਮ ਇਕ ਹੈ ਤੇ ਇਹੀ ਸਭ ਮਸਲਿਆਂ ਦਾ ਹੱਲ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਜੇਕਰ ਆਪਣਾ ਧਰਮ ਸਹੀ ਢੰਗ ਨਾਲ ਨਿਭਾਉਂਦਾ ਹੈ ਤਾਂ ਹੀ ਸਮਾਜ ਨੂੰ ਸਹੀ ਸੇਧ ਮਿਲ ਸਕਦੀ ਹੈ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਨੇ ਸਮੂਹ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਨ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਹੋਇਆ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਮਿਲਣ ਵਾਲੀ ਪ੍ਰੇਰਨਾ ਅਤੇ ਸਿੱਖਿਆ ਨੂੰ ਆਪਣੇ ਜੀਵਨ ’ਚ ਅਮਲੀ ਰੂਪ ਧਾਰਨ ਕਰਨ ਲਈ ਪੇ੍ਰਰਿਤ ਕੀਤਾ।
ਇਸ ਮੌਕੇ ਡਾ. ਗੋਗੋਆਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਵਿਆਖਿਆ ਕਰਦਿਆ ਅੰਤਰੀਵ ਸ਼ਾਂਤੀ ਦੀ ਪ੍ਰਾਪਤੀ ਲਈ ਯਤਨ ਕਰਨ ਲਈ ਪ੍ਰੇਰਿਆ। ਜਦਕਿ ਡਾ. ਸੁਖਮਨਪ੍ਰੀਤ ਕੌਰ ਨੇ ਕਿਹਾ ਕਿ ਜੀਵਨ ਦਾ ਅਸਲ ਉਦੇਸ਼ ਉਸ ਪ੍ਰਮਾਤਮਾ ਨਾਲ ਮਨ ਤੋਂ ਜੁੜਨਾ ਹੈ ਅਤੇ ਮਨੁੱਖ ਦੁਆਰਾ ਕੀਤਾ ਉਹੀ ਕਾਰਜ ਸਫਲ ਹੈ, ਜਿਸ ’ਚ ਗੁਰੂ ਦੀ ਉਸਤਤ ਕੀਤੀ ਜਾਵੇ। ਇਸ ਦੌਰਾਨ ਡਾ. ਮਹਿਲ ਸਿੰਘ ਨੇ ਡਾ. ਖੁਸ਼ਵਿੰਦਰ ਕੁਮਾਰ, ਡਾ. ਨਿਰਮਲਜੀਤ ਕੌਰ ਨਾਲ ਮਿਲ ਕੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।