ਨਵੀਂ ਦਿੱਲੀ - ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ (ਐਸਆਰਬੀ) ਨੇ ਪ੍ਰੋ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਜੋ ਇਸ ਸਮੇਂ ਸ੍ਰੀ ਅੰਮ੍ਰਿਤਸਰ ਦੇ ਗੁਰੂ ਨਾਨਕ ਅਸਪਤਾਲ ਵਿਚ ਪੁਲਿਸ ਨਿਗਰਾਨੀ ਹੇਠ ਇਲਾਜ ਅਧੀਨ ਹਨ। ਉਨ੍ਹਾਂ ਦਸਿਆ ਕਿ ਇਸ ਬਾਰੇ ਬੀਤੀ 23 ਦਸੰਬਰ ਨੂੰ ਇਹ ਨਮੋਸ਼ੀ ਭਰਿਆ ਫ਼ੈਸਲਾ ਲਿਆ ਗਿਆ ਸੀ । ਉਨ੍ਹਾਂ ਦਸਿਆ ਕਿ ਦਿੱਲੀ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਐਸਆਰਬੀ ਨੇ 23 ਦਸੰਬਰ ਨੂੰ 51 ਉਮਰ ਕੈਦੀਆਂ ਦੇ ਮਾਮਲਿਆਂ 'ਤੇ ਵਿਚਾਰ ਕਰਨ ਲਈ ਮੀਟਿੰਗ ਕੀਤੀ, ਜਿਨ੍ਹਾਂ ਨੇ ਆਪਣੀ ਸਜ਼ਾ ਵਿੱਚ ਛੋਟ ਦੀ ਮੰਗ ਕੀਤੀ ਸੀ। ਐਸਆਰਬੀ ਨੇ ਪ੍ਰੋ ਭੁੱਲਰ ਸਮੇਤ ਹੋਰਾਂ ਨੂੰ ਰੱਦ ਕਰਦੇ ਹੋਏ 26 ਦੋਸ਼ੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ। ਇਥੇ ਦਸਣਯੋਗ ਹੈ ਕਿ ਪ੍ਰੋ ਭੁੱਲਰ ਪਿਛਲੇ 33 ਸਾਲਾ ਤੋਂ ਜੇਲ੍ਹ ਦੀ ਸਜ਼ਾ ਭੁਗਤ ਰਹੇ ਹਨ ਤੇ ਐਸਆਰਬੀ ਵਲੋਂ ਜਿਹੜੇ 26 ਦੋਸ਼ੀਆਂ ਨੂੰ ਰਿਹਾਅ ਕਰਣ ਦੇ ਆਦੇਸ਼ ਦਿੱਤੇ ਹਨ ਉਨ੍ਹਾਂ ਵਿੱਚੋਂ ਬਹੁਤਿਆਂ ਨੇ 20 ਸਾਲ ਤੋਂ ਵੀ ਘੱਟ ਸਮਾਂ ਜੇਲ੍ਹ ਅੰਦਰ ਬਤੀਤ ਕੀਤਾ ਹੈ । 2019 ਤੋਂ ਬਾਅਦ ਇਹ ਨੌਵੀਂ ਵਾਰ ਸੀ ਜਦੋਂ ਪ੍ਰੋ ਭੁੱਲਰ ਦੀ ਪਟੀਸ਼ਨ ਨੂੰ ਬੋਰਡ ਨੇ ਰੱਦ ਕਰ ਦਿੱਤਾ ਹੈ । ਦਿੱਲੀ ਹਾਈ ਕੋਰਟ ਵਿਚ ਚਲ ਰਹੇ ਇਸ ਮਾਮਲੇ ਦੀ ਅਗਲੀ ਸੁਣਵਾਈ 13 ਫਰਵਰੀ ਨੂੰ ਹੋਵੇਗੀ ।