ਨਵੀਂ ਦਿੱਲੀ-ਭਾਰਤ ਵਿਚ ਸਪੇਨ ਦੇ ਰਾਜਦੂਤ ਸ੍ਰੀ ਜਯੰਤ ਖੋਬਰਾਗੜ੍ਹੇ ਦਸਤਾਰ ਸਜਾ ਕੇ ਸੋਸ਼ਲ ਮੀਡੀਆ ਸ਼ਖਸੀਅਤ ਕਾਮਿਆ ਜਾਨੀ ਸਮੇਤ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਤਸਕ ਹੋਏ। ਇਸ ਮੌਕੇ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਮੀਡੀਆ ਸਲਾਹਕਾਰ ਸਰਦਾਰ ਸੁਦੀਪ ਸਿੰਘ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਨੇ ਰਾਜਦੂਤ ਤੇ ਕਾਮਿਆ ਜਾਨੀ ਨੂੰ ਸਨਮਾਨਤ ਕੀਤਾ। ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਰਾਜਦੂਤ ਅਤੇ ਕਾਮਿਆ ਜਾਨੀ ਨੂੰ ਸਿਰੋਪਾ ਭੇਂਟ ਕੀਤਾ। ਰਾਜਦੂਤ ਸ੍ਰੀ ਜਯੰਤ ਖੋਬਰਾਗੜ੍ਹੇ ਲੰਗਰ ਹਾਲ ਵਿਖੇ ਵੀ ਪਹੁੰਚੇ ਜਿਥੇ ਉਹਨਾਂ ਨੇ ਲੰਗਰ ਵਰਤਾਉਣ ਦੀ ਸੇਵਾ ਕੀਤੀ। ਇਸ ਮੌਕੇ ਸ੍ਰੀ ਜਯੰਤ ਖੋਬਰਾਗੜ੍ਹੇ ਨੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਮੁਫਤ ਐਮ ਆਰ ਆਈ/ਸੀ ਟੀ ਸਕੈਨ ਸੇਵਾ ਸਮੇਤ ਚਲਾਏ ਜਾ ਰਹੇ ਵੱਖ-ਵੱਖ ਸਿਹਤ ਖੇਤਰ ਦੇ ਪ੍ਰਾਜੈਕਟਾਂ ਦੀ ਸਮੀਖਿਆ ਵੀ ਕੀਤੀ। ਉਹਨਾਂ ਕਿਹਾ ਕਿ ਉਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਮਨੁੱਖਤਾ ਦੀ ਸੇਵਾ ਕਰਨ ਦੇ ਬਹੁਤ ਕਿੱਸੇ ਸੁਣੇ ਸਨ ਪਰ ਅੱਜ ਉਹਨਾਂ ਖੁਦ ਵੇਖ ਲਿਆ ਹੈ ਕਿ ਕਮੇਟੀ ਕਿਵੇਂ ਮਨੁੱਖਤਾ ਦੀ ਵਿਆਪਕ ਸੇਵਾ ਕਰ ਰਹੀ ਹੈ ਜਿਸ ਵਾਸਤੇ ਉਹ ਵਧਾਈ ਦੀ ਪਾਤਰ ਹੈ। ਇਸ ਮੌਕੇ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਮੀਡੀਆ ਸਲਾਹਕਾਰ ਸਰਦਾਰ ਸੁਦੀਪ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਸਪੇਨ ਦੇ ਰਾਜਦੂਤ ਦਸਤਾਰ ਸਜ਼ਾ ਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਤਸਕ ਹੋਏ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਦਿੱਲੀ ਗੁਰਦੁਆਰਾ ਕਮੇਟੀ ਦੇਪ੍ਰਾਜੈਕਟਾਂ ਵਿਚ ਉਤਸੁਕਤ ਦਰਸਾਉਂਦੀ ਹੈ ਕਿ ਉਹ ਵੀ ਮਨੁੱਖਤਾ ਦੀ ਸੇਵਾ ਵਿਚ ਬਹੁਤ ਵੱਡਾ ਵਿਸ਼ਵਾਸ ਰੱਖਦੇ ਹਨ। ਉਹਨਾਂ ਨੇ ਸੋਸ਼ਲ ਮੀਡੀਆ ਸ਼ਖਸੀਅਤ ਕਾਮਿਆ ਜਾਨੀ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਇਹ ਪ੍ਰੋਗਰਾਮ ਉਲੀਕਿਆ ਜਿਸਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਿਆ। ਉਹਨਾਂ ਨੇ ਭਰੋਸਾ ਦੁਆਇਆ ਕਿ ਸਿੱਖ ਧਰਮ ਅਤੇ ਸਿੱਖੀ ਜੀਵਨ ਜੁਗਤ ਦੇ ਮਾਮਲੇ ਵਿਚ ਕਿਸੇ ਵੀ ਜਾਣਕਾਰੀ ਹਾਸਲ ਕਰਨ ਵਾਸਤੇ ਉਹ ਹਮੇਸ਼ਾ ਉਪਲਬਧ ਹਨ। ਮੀਡੀਆ ਸਲਾਹਕਾਰ ਸਰਦਾਰ ਸੁਦੀਪ ਸਿੰਘ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਹਮੇਸ਼ਾ ਹੀ ਦੇਸ਼ ਵਿਦੇਸ਼ ਤੋਂ ਪੁੱਜਦੀਆਂ ਸ਼ਖਸੀਅਤਾਂ ਨੂੰ ਗੁਰੂ ਘਰਾਂ ਵਿਚ ਪਹੁੰਚਣ ਅਤੇ ਨਤਮਸਤਕ ਹੋਣ ਸਮੇਂ ਪੂਰਨ ਸਹਿਯੋਗ ਤੇ ਸਤਿਕਾਰ ਦਿੰਦੀ ਹੈ ਤੇ ਹਮੇਸ਼ਾ ਦਿੰਦੀ ਰਹੇਗੀ। ਉਹਨਾਂ ਆਸ ਪ੍ਰਗਟਾਈ ਕਿ ਅਜਿਹੀਆਂ ਵਿਲੱਖਣ ਸ਼ਖਸੀਅਤਾਂ ਦੇ ਦਸਤਾਰ ਧਾਰਨ ਕਰ ਕੇ ਨਤਮਸਤਕ ਹੋਣ ਨਾਲ ਦੁਨੀਆਂ ਭਰ ਵਿਚ ਸਿੱਖੀ ਦਾ ਸੰਦੇਸ਼ ਪਹੁੰਚਾਉਣ ਵਿਚ ਹੋਰ ਮਦਦ ਮਿਲੇਗੀ।