ਅੰਮ੍ਰਿਤਸਰ - ਲੰਮੇ ਸਮੇ ਤੋ ਜੇਲ ਵਿਚ ਨਜਰਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਦਿੱਲੀ ਸਰਕਾਰ ਵਲੋ ਰਿਹਾਈ ਦੀ ਫਾਇਲ ਰਦ ਕੀਤੇ ਜਾਣ ਤੋ ਬਾਅਦ ਉਨਾਂ ਦੀ ਧਰਮਪਤਨੀ ਬੀਬੀ ਨਵਨੀਤ ਕੌਰ ਦਾ ਇਕ ਬਿਆਨ ਸ਼ੋਸ਼ਲ ਮੀਡੀਆ ਤੇ ਚਰਚਿਤ ਹੈ। ਬਿਆਨ ਵਿਚ ਬੀਬੀ ਨਵਨੀਤ ਕੌਰ ਦਾ ਦਰਦ ਛਲਕਿਆ ਹੈ ਤੇ ਉਨਾਂ ਆਪਣੇ ਦਿਲ ਦੀ ਹੂਕ ਸਾਂਝੀ ਕਰਦਿਆਂ ਕਿਹਾ ਕਿ ਹੁਣ ਮੈ ਰਾਜਨੀਤਕ ਆਗੂਆਂ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ ਹੈ, ਕਿਉਕਿ ਉਹ ਸਿਰਫ ਫੋਕੇ ਵਾਅਦੇ ਹੀ ਕਰਦੇ ਹਨ। ਰਾਜਨੀਤਕ ਇੱਛਾ ਸਕ਼ਤੀ ਦੀ ਘਾਟ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿਚ ਅੜਿਕਾ ਬਣੀ ਹੈ।ਜਿਕਰਯੋਗ ਹੈ ਪ੍ਰੋਫੈਸਰ ਭੁੱਲਰ ਕਰੀਬ 30 ਸਾਲ ਤੋ ਵਖ ਵਖ ਜੇਲ੍ਹਾਂ ਵਿਚ ਸਜਾ ਪੂਰੀ ਕਰ ਲੈਣ ਦੇ ਬਾਵਜੂਦ ਵੀ ਸਜਾ ਭੁਗਤ ਰਹੇ ਹਨ।ਉਨਾਂ ਦੀ ਰਿਹਾਈ ਲਈ ਲੰਮੇ ਸਮੇ ਤੋ ਯਤਨ ਜਾਰੀ ਹਨ ਪਰ ਇਨਾਂ ਯਤਨਾ ਨੂੰ ਬੂਰ ਨਹੀ ਪਿਆ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਤੋ ਪਹਿਲਾਂ ਪੰਜਾਬ ਵਾਸੀਆਂ ਨਾਲ ਵਾਅਦਾ ਕਰਨ ਦੇ ਬਾਵਜੂਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਇਲ ਹਰ ਮੀਟਿੰਗ ਵਿਚ ਰਖੀ ਤੇ ਖਾਰਜ ਕਰ ਦਿੱਤੀ ਸੀ। ਬੀਤੇ 8 ਦਸੰਬਰ 2025 ਨੂੰ ਜਦ ਦਿੱਲੀ ਦੀ ਮੁੱਖ ਮੰਤਰੀ ਬੀਬੀ ਰੇਖਾ ਗੁਪਤਾ ਆਪਣੇ ਮੰਤਰੀ ਮੰਡਲ ਦੇ ਵਖ ਵਖ ਵਜੀਰਾਂ ਜਿੰਨਾ ਵਿਚ ਦਿੱਲੀ ਦੇ ਧਾਕੜ ਮੰਤਰੀ ਸ੍ਰ ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਸਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਯਕੀਨ ਦਿਵਾਇਆ ਸੀ ਕਿ ਜਲਦ ਹੀ ਦਿੱਲੀ ਸਰਕਾਰ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਕਦਮ ਚੁੱਕੇਗੀ ਪਰ ਬੀਤੇ ਦਿਨੀ ਦਿੱਲੀ ਸਰਕਾਰ ਨੇ ਪ੍ਰੋਫੈਸਰ ਭੁੱਲਰ ਦੀ ਫਾਇਲ ਰਦ ਕਰ ਦਿੱਤੀ ਸੀ।