ਸਾਹਿਬਜਾਦਾ ਅਜੀਤ ਸਿੰਘ ਨਗਰ-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨ ਸੰਗਠਨਾਂ ਨੂੰ ਸੱਦਾ ਦਿੰਦਿਆਂ ਕਿਹਾ ਹੈ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਵਿਚ ਜੇਕਰ ਉਨ੍ਹਾਂ ਨੂੰ ਕੋਈ ਕਮੀ ਦਿਖਾਈ ਦਿੰਦੀ ਹੈ ਤਾਂ ਇਸ ਲਈ ਉਹ ਵਾਰਤਾ ਦਾ ਰਾਹ ਚੁਣਨ ਨਾ ਕਿ ਅੰਦੋਲਣ। ਉਨ੍ਹਾਂ ਨੇ ਇਸ ਮੌਕੇ ਮੁੜ ਦੁਹਰਾਇਆ ਹੈ ਕਿ ਇਹ ਸਮਝੌਤਾ ਕਿਸਾਨਾਂ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਤੇ ਕੋਈ ਵੀ ਮਾੜਾ ਅਸਰ ਨਹੀਂ ਪਾਵੇਗਾ ਅਤੇ ਇਸ ਨਾਲ ਸਾਡੇ ਉਦਯੋਗ ਅਤੇ ਵਣਜ ਨੂੰ ਲਾਭ ਹੋਵੇਗਾ ਅਤੇ ਨੌਜਵਾਨਾਂ ਲਈ ਰੋਜਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਅੱਜ ਇੱਥੇ ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਰੋਪੜ ਦੇ ਭਾਜਪਾ ਦੀਆਂ ਜ਼ਿਲ੍ਹਾ ਕਾਰਕਾਰਨੀ ਮੈਂਬਰਾਂ ਅਤੇ ਮੰਡਲ ਪ੍ਰਧਾਨਾਂ ਨੂੰ ਇਸ ਵਪਾਰ ਸਮਝੌਤੇ ਸਬੰਧੀ ਵਿਸਥਾਰਤ ਜਾਣਕਾਰੀ ਲਈ ਬੁਲਾਈ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਦ ਕਰਦਿਆਂ ਭਾਜਪਾ ਸੂਬਾ ਪ੍ਰਧਾਨ ਨੇ ਮੁੜ ਦੁਹਰਾਇਆ ਕਿ ਪੰਜਾਬ ਵਿਚ ਪੈਦਾ ਹੋਣ ਵਾਲੀਆਂ ਫਸਲ ਕਣਕ, ਝੋਨਾ, ਮੱਕੀ, ਗੰਨਾ ਆਦਿ ਸਭ ਨੂੰ ਇਸ ਸਮਝੌਤੇ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇੰਨ੍ਹਾਂ ਦਾ ਸਾਡੇ ਕਿਸਾਨ ਤੇ ਕੋਈ ਵੀ ਅਸਰ ਨਹੀਂ ਹੋਣ ਵਾਲਾ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਅੱਜ ਹਰੇਕ ਕਿਸਾਨ ਇਹ ਮੰਨਦਾ ਹੈ ਕਿ ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਹੈ, ਇਸ ਨਾਲ ਪਰਿਵਾਰ ਦਾ ਗੁਜਾਰਾ ਤਾਂ ਹੋ ਰਿਹਾ ਹੈ ਪਰ ਸਾਡੇ ਬੱਚਿਆਂ ਦੇ ਚਾਅ ਪੂਰੇ ਕਰਨ ਜਿੰਨ੍ਹੀ ਆਮਦਨ ਇਸਤੋਂ ਨਹੀਂ ਹੋ ਰਹੀ। ਹਰ ਪਰਿਵਾਰ ਚਾਹੁੰਦਾ ਹੈ ਕਿ ਉਸਦੇ ਬੱਚੇ ਨੂੰ ਖੇਤੀ ਤੋਂ ਬਿਨ੍ਹਾਂ ਹੋਰ ਕੰਮ ਮਿਲੇ। ਪਰ ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇਕਰ ਨਵੇਂ ਉਦਯੋਗ ਲੱਗਣ ਅਤੇ ਵਪਾਰ ਵਧੇ। ਇਹ ਡੀਲ ਇਸੇ ਦਿਸ਼ਾ ਵਿਚ ਕਦਮ ਹੈ। ਇਸ ਰਾਹੀਂ ਸਾਡੀ ਉਦਯੋਗ ਅਤੇ ਵਣਜ ਦੀ ਪਹੁੰਚ ਅਮਰੀਕਾ ਦੀ 30 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਤੱਕ ਹੋ ਸਕੇਗੀ। ਉਦਯੋਗ ਤੇ ਵਪਾਰ ਵਧੇਗਾ ਤਾਂ ਸਾਡੇ ਨੌਜਵਾਨਾਂ ਲਈ ਰੋਜਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਭਾਜਪਾ ਪ੍ਰਧਾਨ ਨੇ ਕਿਸਾਨ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਡੀਲ ਵਿਚ ਪੰਜਾਬ ਕਿਸਾਨਾਂ ਤੇ ਪੈਣ ਵਾਲੇ ਅਸਰ ਨੂੰ ਸਪ਼ਸਟ ਕਰਨ। ਉਨ੍ਹਾਂ ਨੇ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਕਿਸਾਨ ਸੰਗਠਨ ਨੂੰ ਲੱਗਦਾ ਹੈ ਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਤੇ ਅਸਰ ਹੋਣ ਵਾਲਾ ਹੈ ਤਾਂ ਇਸ ਸਬੰਧੀ ਗੱਲਬਾਤ ਕਰਨ, ਸਾਡੇ ਦਰਵਾਜੇ ਗੱਲਬਾਤ ਲਈ ਖੁੱਲ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਅੰਦੋਲਣ ਤਾਂ ਗੱਲਬਾਤ ਦਾ ਰਾਹ ਬੰਦ ਹੋਣ ਤੋਂ ਬਾਅਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਹਿੱਤਾਂ ਦੀ ਰਾਖੀ ਲਈ ਦ੍ਰਿੜ ਹਨ ਅਤੇ ਇਸ ਡੀਲ ਵਿਚ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਇਸੇ ਦ੍ਰਿੜਤਾ ਨਾਲ ਕੀਤੀ ਗਈ ਹੈ।
ਭਾਜਪਾ ਪ੍ਰਧਾਨ ਨੇ ਕਿਸਾਨ ਧਿਰਾਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਪੰਜਾਬ ਵਿਚ ਖੇਤੀਬਾੜੀ ਪੋਲੀਸੀ ਲਾਗੂ ਕੀਤੇ ਜਾਣ ਦੀ ਜਰੂਰਤ ਹੈ। ਇਸ ਲਈ ਇਕ ਸਾਲ ਪਹਿਲਾਂ ਕਿਸਾਨਾਂ ਨੇ ਧਰਨਾ ਵੀ ਲਾਇਆ ਸੀ। ਪਰ ਅੱਜ ਤੱਕ ਇਹ ਲਾਗੂ ਨਹੀਂ ਹੋਈ। ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਅੱਤ ਦਰਜੇ ਦੀ ਮਾੜੀ ਹੋ ਚੁੱਕੀ ਹੈ। ਨਸ਼ੇ ਸਾਡੀ ਅਗਲੀ ਪੀੜ੍ਹੀ ਤਬਾਹ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅੰਦੋਲਣ ਕਰਨਾ ਹੈ ਤਾਂ ਇੰਨ੍ਹਾਂ ਮੁੱਦਿਆਂ ਤੇ ਕੀਤਾ ਜਾਵੇ ਨਾ ਕਿ ਉਸ ਮੁੱਦੇ ਤੇ ਜੋ ਮੁੱਦਾ ਹੈ ਹੀ ਨਹੀਂ, ਕਿਉਂਕਿ ਇਸ ਡੀਲ ਵਿਚ ਪੰਜਾਬ ਵਿਰੋਧੀ ਕੁਝ ਵੀ ਨਹੀਂ ਹੈ ਅਤੇ ਇਕ ਕਿਸਾਨ ਹੋਣ ਦੇ ਨਾਤੇ ਉਹ ਦਾਅਵੇ ਨਾਲ ਇਹ ਗੱਲ ਆਖ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੀ ਗੱਲ ਕਰ ਰਹੇ ਹਨ ਅਤੇ ਵਰਤਮਾਨ ਕੌਮਾਂਤਰੀ ਹਾਲਾਤਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਮਹਾਨ ਬਣਾਓ ਦੀ ਨੀਤੀ ਨੂੰ ਸਫਲਤਾ ਨਾਲ ਲਾਗੂ ਕਰਦਿਆਂ ਦੇਸ਼ ਦੇ ਹਿੱਤਾਂ ਦੀ ਰਾਖੀ ਕਰਦਿਆਂ ਇਹ ਸਮਝੌਤਾ ਕੀਤਾ ਹੈ ਜਿਸ ਲਈ ਉਨ੍ਹਾਂ ਦੀ ਸਲਾਘਾ ਕਰਨੀ ਬਣਦੀ ਹੈ।
ਇਸ ਮੌਕੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਮੋਗਾ ਵਿਚ ਦੋ ਪ੍ਰਵਾਸੀ ਮਜਦੂਰ ਤੇ ਗੋਲੀਬਾਰੀ ਦੀ ਵਾਰਦਾਤ ਦੀ ਨਿੰਦਾ ਕਰਦਿਆਂ ਕਿਹਾ ਕਿ ਪਹਿਲਾਂ ਕਾਰੋਬਾਰੀਆਂ ਨੂੰ ਇਸ ਤਰਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹੁਣ ਮਜਦੂਰਾਂ ਤੱਕ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸੂਬਾ ਸਰਕਾਰ ਨੇ ਨੀਂਦ ਵਿਚੋਂ ਜਾਗਣ ਲਈ ਆਖਦਿਆਂ ਕਿਹਾ ਕਿ ਇਸ ਤਰਾਂ ਦੀਆਂ ਸਮਾਜ ਵਿਚ ਤ੍ਰੇੜਾਂ ਪਾਉਣ ਵਾਲੀਆਂ ਕਾਰਵਾਈਆਂ ਨੂੰ ਸਖ਼ਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਗੁਰੂ ਸਾਹਿਬਾਨ ਵੱਲੋਂ ਵਿਖਾਏ ਫਲਸਫੇ ਦੇ ਵੀ ਖਿਲਾਫ ਹੈ। ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਅਤੇ ਪੰਜਾਬ ਦੀ ਖੇਤੀ ਵਿਚ ਪ੍ਰਵਾਸੀ ਮਜਦੂਰਾਂ ਦੀ ਭੁਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ।