ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਖ਼ਾਲਸਾ ਨੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋ ਕੀਤੀ ਜਾ ਰਹੀ ਬਿਆਨਬਾਜੀ ਨੂੰ ਮੰਦਭਾਗਾ ਦਸਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਜਿਹੇ ਅਸਥਾਨ ਤੇ ਸੇਵਾ ਕਰਨ ਵਾਲੇ ਵਿਅਕਤੀ ਨੂੰ ਬਿਆਨਬਾਜੀ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਗਿਆਨੀ ਰਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਖੁਦ 11 ਸਾਲ ਤਕ ਸ੍ਰੀ ਦਰਬਾਰ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਅ ਚੁੱਕੇ ਹਨ। ਜੋ ਸਵਾਲ ਗਿਆਨੀ ਰਘਬੀਰ ਸਿੰਘ ਅੱਜ ਸ਼ੋ੍ਰਮਣੀ ਕਮੇਟੀ ਤੇ ਕਰ ਰਹੇ ਹਨ ਉਹ ਮਾਮਲੇ ਤਾਂ ਉਨਾਂ ਦੇ ਕਾਰਜਕਾਲ ਵਿਚ ਵੀ ਹੁੰਦੇ ਸਨ ਉਦੋ ਉਹ ਕਿਉ ਨਹੀ ਬੋਲੇ। ਮੈਨੂੰ ਜਦੋਂ ਸੇਵਾ ਤੋ ਹਟਾਇਆ ਗਿਆ ਤਾਂ ਕਈ ਲੋਕਾਂ ਨੇ ਮੈਨੂੰ ਕੋਰਟ ਚ ਜਾਣ ਵਾਸਤੇ ਵੀ ਸਲਾਹ ਦਿੱਤੀ, ਹੋਰ ਬਹੁਤ ਸਲਾਹਾਂ ਦਿੱਤੀਆਂ ਪਰ ਮੈਂ ਉਹਨਾਂ ਨੂੰ ਇੱਕੋ ਹੀ ਬੇਨਤੀ ਕੀਤੀ ਸੀ ਵੀ ਇਹ ਗੁਰੂ ਰਾਮਦਾਸ ਦਾ ਦਰ ਹੈ ਤੇ ਇਹ ਸਤਿਕਾਰਤ ਪਦਵੀ ਹੈ। ਕੋਰਟਾਂ ਦਾ ਸਹਾਰਾ ਲੈ ਕੇ ਸੇਵਾ ਨਹੀ ਕੀਤੀ ਜਾ ਸਕਦੀ।ਸ਼ੋ੍ਰਮਣੀ ਕਮੇਟੀ ਜਹੀ ਸੰਸਥਾ ਦੀ ਬਦਨਾਮੀ ਕਰੀਏ ਇਹ ਗੱਲ ਵੀ ਸੋਭਦੀ ਨਹੀਂ। ਗੁਰੂ ਨੇ ਸੇਵਾ ਬਖਸ਼ੀ ਤੇ ਉਹ ਮੇਰੇ ਕੋਲੋ ਸੇਵਾ ਵਾਪਸ ਲੈ ਲਈ।ਉਨਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੂੰ ਕਹਿਣਾ ਚਾਹੰੁਦਾ ਹਾਂ ਕਿ ਬਿਆਨਬਾਜੀ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੀ ਪਦਵੀ ਦੇ ਸਤਿਕਾਰ ਨੂੰ ਢਾਹ ਲਗਾਉਣ ਵਾਲੀ ਗਲ ਹੈ। ਇਹਨਾਂ ਵਾਦਾਂ ਵਿਵਾਦਾਂ ਤੋਂ ਗਿਆਨੀ ਰਘਬੀਰ ਸਿੰਘ ਨੂੰ ਸੰਕੋਚ ਕਰਨਾ ਚਾਹੀਦਾ ਸੀ।ਉਨਾਂ ਲੰਮਾਂ ਸਮਾਂ ਸੇਵਾ ਕੀਤੀ ਹੈ, ਪੰਜ ਪਿਆਰੇ ਸਿੰਘ ਤੋ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਹੈਡ ਗ੍ਰੰਥੀ ਰਹੇ, ਤਖਤ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਰਹੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਸ਼ੋ੍ਰਮਣੀ ਕਮੇਟੀ ਨੇ ਹੀ ਬਣਾਇਆ ਸੀ। ਉਹਨਾਂ ਨੂੰ ਗੁਰੂ ਮਹਾਰਾਜ ਨੇ ਬੇਤਹਾਸ਼ਾ ਸੰਪਤੀ ਨਾਲ ਨਿਵਾਜਿਆ ਹੈ। ਅੱਜ ਉਹ ਜਿਹੜੀ ਬਿਆਨਬਾਜੀ ਕਰ ਰਹੇ ਹਨ ਉਸ ਨੂੰ ਮੈਂ ਯੋਗ ਨਹੀਂ ਸਮਝਦਾ। ਜਿਹੜੀਆਂ ਗੱਲਾਂ ਉਹ ਅੱਜ ਕਰ ਰਹੇ ਹਨ ਉਹ ਕੋਈ ਨਵੀਆਂ ਤੇ ਨਹੀ ਹਨ। ਗਿਆਨੀ ਰਾਮ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਵੱਡੀ ਸੰਸਥਾ ਹੈ ਤੇ ਵਡੀਆਂ ਸੰਸਥਾਵਾਂ ਵਿਚ ਵਾਧਾ ਘਾਟਾ ਹੁੰਦਾ ਹੈ।